ਵਾਢੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਆਧੁਨਿਕ ਮਸ਼ੀਨਰੀ ਤੇ ਜਾਗਰੂਕਤਾ ਨਾਲ ਕੀਤਾ ਜਾ ਰਿਹਾ ਲੈਸ ਤਰਲੋਚਨ ਸਿੰਘ ਜੋਧਾਨਗਰੀ ਪੰਜਾਬੀ ਜਾਗਰਣ ਟਾਂਗਰਾ : ਪੰਜਾਬ ਵਿਚ ਇਸ ਵੇਲੇ ਝੋਨੇ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁਕਾ ਹੈ। ਵਾਢੀ ਦੇ ਇਸ ਸੀਜ਼ਨ
Publish Date: Tue, 15 Sep 2026 04:26 PM (IST)
Updated Date: Tue, 15 Sep 2026 04:29 PM (IST)
ਤਰਲੋਚਨ ਸਿੰਘ ਜੋਧਾਨਗਰੀ ਪੰਜਾਬੀ ਜਾਗਰਣ ਟਾਂਗਰਾ : ਪੰਜਾਬ ਵਿਚ ਇਸ ਵੇਲੇ ਝੋਨੇ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁਕਾ ਹੈ। ਵਾਢੀ ਦੇ ਇਸ ਸੀਜ਼ਨ ਦੌਰਾਨ ਵੱਡੀ ਮਾਤਰਾ ਵਿੱਚ ਝੋਨੇ ਦੀ ਰਹਿੰਦ-ਖੂਹੰਦ (ਪਰਾਲੀ) ਪੈਦਾ ਹੁੰਦੀ ਹੈ ਅਤੇ ਇਸ ਪਰਾਲੀ ਦਾ ਵਾਤਾਵਰਨ ਪੱਖੀ ਅਤੇ ਵਿਗਿਆਨਕ ਪ੍ਰਬੰਧਨ ਕਰਨਾ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਹੈ। ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਚਾਉਣਾ ਤੇ ਇਸ ਦੇ ਨਾਲ ਹੀ ਹਵਾ ਨੂੰ ਜ਼ਹਿਰੀਲੀ ਹੋਣ ਤੋਂ ਰੋਕਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੀ ਪੂਰੀ ਤਨਦੇਹੀ ਨਾਲ ਮਿਹਨਤ ਕਰ ਰਿਹਾ ਹੈ। ਇਹ ਜਾਣਕਾਰੀ ਪਿੰਡ ਡੇਹਰੀਵਾਲ ਵਿਖੇ ਡਾ. ਸਤਵਿੰਦਰਬੀਰ ਸਿੰਘ ਕੋਟਲਾ ਨੇ ਦਿੰਦਿਆਂ ਦੱਸਿਆ ਕਿ ਖੇਤਾਂ ਵਿੱਚ ਡਟੇ ਅਧਿਕਾਰੀ, ਲੁਆਈ ਦੇ ਸਮੇਂ ਤੋਂ ਹੀ ਜਾਗਰੂਕਤਾ ਮੁਹਿੰਮ ਸ਼ੁਰੂ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਨੂੰ ਠੱਲ੍ਹ ਪਾਉਣ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਲਗਾਤਾਰ ਕਾਰਜ਼ਸ਼ੀਲ ਹਨ। ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮ ਝੋਨੇ ਦੀ ਲੁਆਈ ਦੇ ਸਮੇਂ ਤੋਂ ਹੀ ਆਰੰਭ ਦਿੱਤੀ ਗਈ ਸੀ। ਵਿਭਾਗ ਵੱਲੋਂ ਪਿੰਡ-ਪਿੰਡ ਜਾ ਕੇ ਵਿਸ਼ੇਸ਼ ਕਿਸਾਨ ਬੈਠਕਾਂ, ਪਿੰਡ ਪੱਧਰੀ ਜਾਗਰੂਕਤਾ ਕੈਂਪ ਅਤੇ ਨੁੱਕੜ ਨਾਟਕਾਂ ਰਾਹੀਂ ਕਿਸਾਨਾਂ ਨੂੰ ਧੂੰਏਂ ਦੇ ਮਾਰੂ ਪ੍ਰਭਾਵਾਂ ਬਾਰੇ ਚੇਤੰਨ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਰਾਹੀਂ ਜਾਗਰੂਕਤਾ ਰੈਲੀਆਂ ਅਤੇ ਪਿੰਡਾਂ ਦੀਆਂ ਮੁੱਖ ਕੰਧਾਂ ਤੇ ਆਕਰਸ਼ਕ ਪੇਂਟਿੰਗਾਂ ਰਾਹੀਂ ਅਤੇ ਪ੍ਰਚਾਰ ਵੈਨਾਂ ਚਲਾ ਕੇ ‘ਪਰਾਲੀ ਸੰਭਾਲੋ, ਵਾਤਾਵਰਨ ਬਚਾਓ’ ਦਾ ਸੁਨੇਹਾ ਹਰ ਘਰ ਤੱਕ ਪਹੁੰਚਾਇਆ ਗਿਆ ਹੈ। ਖੇਤੀਬਾੜੀ ਵਿਕਾਸ ਅਫਸਰ ਤੇ ਹੋਰ ਅਧਿਕਾਰੀ ਲਗਾਤਾਰ ਛੁੱਟੀ ਵਾਲੇ ਦਿਨ ਵੀ ਨਿਰੰਤਰ ਕਿਸਾਨਾਂ ਤੱਕ ਪਹੁੰਚ ਕਰ ਰਹੇ ਹਨ। ਮੁੱਖ ਖੇਤੀਬਾੜੀ ਅਫਸਰ ਡਾ. ਅਮਰਜੀਤ ਸਿੰਘ ਦੁਸਾਂਝ ਨੇ ਦੱਸਿਆ ਕਿ ਕਿਸਾਨਾਂ ’ਤੇ ਆਰਥਿਕ ਬੋਝ ਪਾਏ ਬਿਨਾਂ ਪਰਾਲੀ ਦੇ ਨਿਪਟਾਰੇ ਲਈ ਖੇਤੀਬਾੜੀ ਵਿਭਾਗ ਵਲੋਂ ਕਰੋੜਾਂ ਰੁਪਏ ਦੀ ਬਜਟ ਰਾਸ਼ੀ ਸਬਸਿਡੀ ਵਜੋਂ ਆਧੁਨਿਕ ਖੇਤੀ ਮਸ਼ੀਨਰੀ ਜਿਵੇਂ ਕਿ ਸੁਪਰ ਸੀਡਰ, ਸਮਾਰਟ ਸੀਡਰ, ਹੈਪੀ ਸੀਡਰ ਅਤੇ ਬੇਲਰ ਖਰੀਦਣ ਲਈ ਜਾਰੀ ਕੀਤੀ ਗਈ ਹੈ। ਕਿਸਾਨਾਂ ਨੂੰ ਅਪੀਲ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਪੰਜਾਬ ਦੇ ਮਿਹਨਤੀ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਮੀਨ ਦੇ ਮਿੱਤਰ ਕੀੜਿਆਂ ਅਤੇ ਜ਼ਮੀਨੀ ਤੱਤਾਂ ਨੂੰ ਬਚਾਉਣ ਲਈ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ। ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਰਿਆਇਤਾਂ, ਮਸ਼ੀਨਾਂ ਤੇ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਇੱਕ ਹਰੇ-ਭਰੇ ਅਤੇ ਪ੍ਰਦੂਸ਼ਣ-ਮੁਕਤ ਪੰਜਾਬ ਦੇ ਨਿਰਮਾਣ ਵਿਚ ਆਪਣਾ ਅਹਿਮ ਯੋਗਦਾਨ ਪਾਉਣ। ਇਸ ਮੌਕੇ ਡਾ. ਰਛਪਾਲ ਸਿੰਘ ਬੰਡਾਲਾ, ਡਾ. ਸਤਵਿੰਦਰਬੀਰ ਸਿੰਘ, ਡਾ. ਹਰਉਪਿੰਦਰਜੀਤ ਸਿੰਘ, ਡਾ. ਹਰਮਨਦੀਪ ਸਿੰਘ ਸਮੇਤ ਤਰਸਿਕਾ ਦੇ ਸਾਰੇ ਖੇਤੀਬਾੜੀ ਵਿਕਾਸ ਅਫਸਰ ਹਾਜ਼ਰ ਸਨ।