
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਾਸ਼ਟਰੀ ਜਾਂਚ ਏਜੰਸੀ (NIA) ਨੇ ਰੂਪਨਗਰ ਜ਼ਿਲ੍ਹੇ ਦੇ ਨੰਗਲ ਵਿੱਚ ਵਿਸ਼ਵ ਹਿੰਦੂ ਪਰਿਸ਼ਦ (ਵਿਹਿਪ) ਆਗੂ ਵਿਕਾਸ ਪ੍ਰਭਾਕਰ ਦੇ ਕਤਲ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮਨਵੀਰ ਰਾਮ ਉਰਫ਼ ਆਸ਼ੂ ਵਜੋਂ ਹੋਈ ਹੈ।

NIA ਅਧਿਕਾਰੀਆਂ ਮੁਤਾਬਕ ਮਨਵੀਰ ਰਾਮ ਖ਼ਿਲਾਫ਼ ਲੁੱਕਆਊਟ ਸਰਕੁਲਰ (LOC) ਜਾਰੀ ਕੀਤਾ ਗਿਆ ਸੀ। ਵੀਰਵਾਰ ਨੂੰ ਜਦੋਂ ਉਹ ਵਿਦੇਸ਼ ਤੋਂ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ LOC ਦੇ ਆਧਾਰ 'ਤੇ ਉਸ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਅਤੇ ਬਾਅਦ ਵਿੱਚ NIA ਦੇ ਹਵਾਲੇ ਕਰ ਦਿੱਤਾ।
ਵਿਕਾਸ ਪ੍ਰਭਾਕਰ ਦੀ 13 ਅਪ੍ਰੈਲ 2024 ਨੂੰ ਦੋ ਨੌਜਵਾਨਾਂ ਨੇ ਉਸ ਸਮੇਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਦੋਂ ਉਹ ਦੁਪਹਿਰ ਵੇਲੇ ਆਪਣੀ ਦੁਕਾਨ 'ਤੇ ਬੈਠੇ ਸਨ। NIA ਨੇ 9 ਮਈ 2024 ਨੂੰ ਇਸ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲਈ ਸੀ।
ਜਾਂਚ ਏਜੰਸੀ ਹੁਣ ਤੱਕ ਇਸ ਮਾਮਲੇ ਵਿੱਚ ਇੱਕ ਚਾਰਜਸ਼ੀਟ ਅਤੇ ਦੋ ਪੂਰਕ ਚਾਰਜਸ਼ੀਟਾਂ ਦਾਖ਼ਲ ਕਰ ਚੁੱਕੀ ਹੈ। NIA ਦੀ ਜਾਂਚ ਮੁਤਾਬਕ, ਪ੍ਰਭਾਕਰ ਦੇ ਕਤਲ ਦੀ ਸਾਜ਼ਿਸ਼ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ (BKI) ਦੇ ਜਰਮਨੀ ਸਥਿਤ ਹੈਂਡਲਰਾਂ ਹਰਜੀਤ ਸਿੰਘ ਅਤੇ ਕੁਲਬੀਰ ਸਿੰਘ ਵੱਲੋਂ ਰਚੀ ਗਈ ਸੀ।
ਜਾਂਚ ਵਿੱਚ ਸਾਹਮਣੇ ਆਇਆ ਕਿ ਮਨਵੀਰ ਰਾਮ ਨੂੰ ਕਤਲ ਨੂੰ ਅੰਜਾਮ ਦੇਣ ਲਈ ਹਥਿਆਰਾਂ ਦਾ ਪ੍ਰਬੰਧ ਕਰਨ ਦੇ ਮਕਸਦ ਨਾਲ ਇਸ ਨੈੱਟਵਰਕ ਵਿੱਚ ਸ਼ਾਮਲ ਕੀਤਾ ਗਿਆ ਸੀ। ਉਹ UAE ਵਿੱਚ ਰਹਿੰਦੇ ਹੋਏ ਜਰਮਨੀ ਵਿੱਚ ਮੌਜੂਦ ਸਾਜ਼ਿਸ਼ਕਾਰਾਂ ਅਤੇ ਭਾਰਤ ਵਿੱਚ ਹਥਿਆਰ ਸਪਲਾਇਰਾਂ ਤੇ ਹੋਰ ਸਹਿਯੋਗੀਆਂ ਵਿਚਕਾਰ ਇੱਕ ਅਹਿਮ ਕੜੀ ਵਜੋਂ ਕੰਮ ਕਰ ਰਿਹਾ ਸੀ।