- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਰੱਗ ਵਿਭਾਗ ਦੇ ਪੋਰਟਲ 'ਤੇ ਦਿੱਤੀ ਜਾਣਕਾਰੀ ਮੁਤਾਬਕ ਸੇਲ ਨਹੀਂ ਦਿਖਾਈ, 200 ਕਰੋੜ ਦੀ ਟੈਕਸ ਚੋਰੀ ਫੜੇ ਜਾਣ ਦੀ ਸੰਭਾਵਨਾ

* ਪੰਜਾਬ 'ਚ ਨਸ਼ਾ ਮੁਕਤੀ ਕੇਂਦਰਾਂ 'ਤੇ ਇਨਕਮ ਟੈਕਸ ਵਿਭਾਗ ਦੀ ਤੀਜੇ ਦਿਨ ਵੀ ਚੱਲੀ ਕਾਰਵਾਈ
* ਟੀਮਾਂ ਨੇ ਕਰੀਬ 17 ਸ਼ਹਿਰਾਂ 'ਚ 20 ਥਾਈਂ ਛਾਪਾ ਮਾਰ ਕੇ ਕਾਰਵਾਈ ਕੀਤੀ ਸੀ ਸ਼ੁਰੂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪ੍ਰਿੰਸੀਪਲ ਡਾਇਰੈਕਟਰ ਇਨਕਮ ਟੈਕਸ (ਇਨਵੈਸਟੀਗੇਸ਼ਨ ਲੁਧਿਆਣਾ ਤੇ ਚੰਡੀਗੜ੍ਹ) ਦੀਆਂ ਟੀਮਾਂ ਨੇ ਪੰਜਾਬ 'ਚ ਨਸ਼ਾ ਮੁਕਤੀ ਕੇਂਦਰਾਂ 'ਤੇ ਸਰਵੇ ਦੀ ਕਾਰਵਾਈ ਤੀਜੇ ਦਿਨ ਵੀ ਜਾਰੀ ਰੱਖੀ। ਵਿਭਾਗ ਦੇ ਸੂਤਰਾਂ ਮੁਤਾਬਕ ਇਸ ਕਾਰਵਾਈ 'ਚ ਕਰੀਬ 200 ਕਰੋੜ ਦੀ ਟੈਕਸ ਚੋਰੀ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ। ਉਥੇ ਤੀਜੇ ਦਿਨ ਕਈ ਥਾਈਂ ਕਾਰਵਾਈ ਮੁਕੰਮਲ ਵੀ ਹੋਈ। ਇਸ ਕਾਰਵਾਈ 'ਚ ਸਾਹਮਣੇ ਆਇਆ ਕਿ ਇਨ੍ਹਾਂ ਕੇਂਦਰਾਂ 'ਚ ਦਿੱਤੀ ਜਾਣ ਵਾਲੀ ਦਵਾਈ ਦਾ ਸਾਰਾ ਡਾਟਾ ਡਰੱਗ ਵਿਭਾਗ ਦੀ ਸਾਈਟ 'ਤੇ ਅਪਲੋਡ ਕਰਨਾ ਪੈਂਦਾ ਹੈ, ਜਦਕਿ ਕੇਂਦਰਾਂ 'ਚ ਜਿੰਨੀਆਂ ਗੋਲ਼ੀਆਂ ਦਾ ਡਾਟਾ ਸਾਈਟ 'ਤੇ ਅਪਲੋਡ ਕੀਤਾ ਜਾਂਦਾ ਹੈ, ਉਸ ਮੁਤਾਬਕ ਸੇਲ ਨਹੀਂ ਦਿਖਾਈ ਜਾ ਰਹੀ ਸੀ। ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਸੋਮਵਾਰ ਸਵੇਰੇ 11 ਵਜੇ ਤੋਂ ਪੰਜਾਬ-ਚੰਡੀਗੜ੍ਹ ਸਮੇਤ ਕਰੀਬ 17 ਸ਼ਹਿਰਾਂ 'ਚ 20 ਥਾਈਂ ਛਾਪਾ ਮਾਰ ਕੇ ਕਾਰਵਾਈ ਸ਼ੁਰੂ ਕੀਤੀ ਸੀ।
ਮਰੀਜ਼ਾਂ ਦੇ ਵੀ ਬਿਆਨ ਦਰਜ ਹੋਏ
ਵਿਭਾਗੀ ਕਾਰਵਾਈ ਦੌਰਾਨ ਕਈ ਥਾਈਂ ਸੈਂਟਰਾਂ 'ਤੇ ਦਵਾਈ ਲੈਣ ਆਏ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਗਈ, ਜਿਸ 'ਚ ਇਨਕਮ ਟੈਕਸ ਵਿਭਾਗ ਵੱਲੋਂ ਕਈ ਮਰੀਜ਼ਾਂ ਦੇ ਬਿਆਨ ਦਰਜ ਕੀਤੇ ਗਏ। ਉਸ 'ਚ ਦੋਸ਼ ਹਨ ਕਿ ਕਈ ਸੈਂਟਰਾਂ 'ਚ ਸਿਰਫ਼ ਮਰੀਜ਼ਾਂ ਨੂੰ ਦਵਾਈ ਦਿੱਤੀ ਜਾਂਦੀ ਸੀ, ਜਦਕਿ ਮਨੋਰੰਜਨ ਜਾਂ ਹੋਰ ਗਤੀਵਿਧੀਆਂ ਨਹੀਂ ਕਰਵਾਈਆਂ ਜਾਂਦੀਆਂ ਸਨ। ਇਸ ਨਾਲ ਨਸ਼ਾ ਮੁਕਤੀ ਕੇਂਦਰਾਂ ਦਾ ਮਕਸਦ ਵੀ ਸਹੀ ਢੰਗ ਨਾਲ ਪੂਰਾ ਨਹੀਂ ਹੋ ਰਿਹਾ ਸੀ। ਉਥੇ ਲੰਬੇ ਸਮੇਂ ਤੋਂ ਮਰੀਜ਼ ਇੱਕੋ ਤਰ੍ਹਾਂ ਦੀ ਦਵਾਈ ਲੈ ਰਹੇ ਸਨ, ਇਸ 'ਚ ਕੁਝ ਮਰੀਜ਼ਾਂ ਮੁਤਾਬਕ ਦਵਾਈ ਦੀ ਖੁਰਾਕ ਸਮੇਂ ਮੁਤਾਬਕ ਘਟਾਈ ਵੀ ਨਹੀਂ ਗਈ ਸੀ।
ਇੱਕੋ ਕੰਪਨੀ ਅਧੀਨ ਚੱਲ ਰਹੇ ਸੈਂਟਰ
ਇਨਕਮ ਟੈਕਸ ਵਿਭਾਗ ਦੇ ਸੂਤਰਾਂ ਮੁਤਾਬਕ ਇਹ ਸਾਰੇ ਨਸ਼ਾ ਛੁਡਾਊ ਕੇਂਦਰ ਇੱਕੋ ਪਰਿਵਾਰ ਦੀ ਕੰਪਨੀ ਸੁਮਨ ਇੰਫੋ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਅਧੀਨ ਚੱਲ ਰਹੇ ਹਨ। ਇਨਕਮ ਟੈਕਸ ਵਿਭਾਗ ਨੇ ਸੰਚਾਲਕਾਂ ਦੇ ਲੈਪਟਾਪ, ਮੋਬਾਈਲ ਡਾਟਾ ਤੋਂ ਇਲਾਵਾ ਸੈਂਟਰ 'ਚ ਰੱਖਿਆ ਰਿਕਾਰਡ ਵੀ ਡੂੰਘਾਈ ਨਾਲ ਖੰਗਾਲਿਆ ਹੈ। ਇਸ 'ਚ ਦੋਸ਼ ਹੈ ਕਿ ਨਸ਼ਾ ਕੇਂਦਰਾਂ 'ਚ 4 ਰੁਪਏ ਵਾਲੀ ਗੋਲ਼ੀ 80 ਰੁਪਏ ਤੱਕ ਵੇਚੀ ਜਾਂਦੀ ਰਹੀ। ਵਿਭਾਗ ਵੱਲੋਂ ਅੰਮ੍ਰਿਤਸਰ, ਤਰਨਤਾਰਨ, ਮਲੋਟ, ਮਾਨਸਾ, ਖੰਨਾ, ਜਲੰਧਰ, ਨਕੋਦਰ, ਖੁਮਾਣੋਂ, ਫਤਿਹਗੜ੍ਹ ਸਾਹਿਬ, ਪਟਿਆਲਾ, ਬਰਨਾਲਾ, ਅਬੋਹਰ, ਮੁਕਤਸਰ ਸਾਹਿਬ, ਹੁਸ਼ਿਆਰਪੁਰ, ਨਵਾਂਸ਼ਹਿਰ 'ਚ ਕਾਰਵਾਈ ਕੀਤੀ ਗਈ ਹੈ।