ਛੇਹਰਟਾ ਸਾਹਿਬ ਦੇ ਮੀਤ ਮੈਨੇਜਰ ਦਿਲਬਾਗ ਸਿੰਘ ਰੱਤੋਕੇ ਦਾ ਸਨਮਾਨ ਛੇਹਰਟਾ ਸਾਹਿਬ ਦੇ ਮੀਤ ਮੈਨੇਜਰ ਦਿਲਬਾਗ ਸਿੰਘ ਰੱਤੋਕੇ ਦਾ ਸਨਮਾਨ
Publish Date: Sun, 22 Nov 2026 04:26 PM (IST)
Updated Date: Sun, 22 Nov 2026 04:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਮੀਤ ਮੈਨੇਜਰ ਦਿਲਬਾਗ ਸਿੰਘ ਰੱਤੋਕੇ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਰਸੇਮ ਸਿੰਘ ਚੰਗਿਆੜਾ ਮੈਂਬਰ ਪੀਏਸੀ, ਪਰਮਜੀਤ ਸਿੰਘ ਵਡਾਲੀ, ਦਾਰਾ ਸਿੰਘ ਵਡਾਲੀ, ਸੁਖਬੀਰ ਸਿੰਘ, ਕਸ਼ਮੀਰ ਸਿੰਘ ਅਤੇ ਪ੍ਰਤਾਪ ਸਿੰਘ ਨੇ ਦਿਲਬਾਗ ਸਿੰਘ ਰੱਤੋਕੇ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ। ਸਨਮਾਨ ਮੌਕੇ ਹਾਜ਼ਰ ਸੰਗਤ ਨੇ ਉਨ੍ਹਾਂ ਦੀਆਂ ਗੁਰਦੁਆਰਾ ਸਾਹਿਬ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਦਿਲਬਾਗ ਸਿੰਘ ਰੱਤੋਕੇ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ, ਸੰਗਤ ਦੀ ਸੇਵਾ ਅਤੇ ਗੁਰ-ਘਰ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਨਿਮਰਤਾ, ਸੇਵਾ-ਭਾਵਨਾ ਅਤੇ ਮਿਲਣਸਾਰ ਸੁਭਾਅ ਕਾਰਨ ਉਹ ਸੰਗਤ ਵਿੱਚ ਹਰਮਨ ਪਿਆਰੇ ਹਨ। ਇਸ ਮੌਕੇ ਤਰਸੇਮ ਸਿੰਘ ਚੰਗਿਆੜਾ ਨੇ ਕਿਹਾ ਕਿ ਜੋ ਸ਼ਖ਼ਸੀਅਤਾਂ ਗੁਰ-ਘਰ ਦੀ ਨਿਸ਼ਕਾਮ ਸੇਵਾ ਕਰਦੀਆਂ ਹਨ, ਉਨ੍ਹਾਂ ਦਾ ਸਨਮਾਨ ਕਰਨਾ ਸੰਗਤ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਦਿਲਬਾਗ ਸਿੰਘ ਰੱਤੋਕੇ ਨੇ ਆਪਣੀ ਜ਼ਿੰਮੇਵਾਰੀ ਨੂੰ ਹਮੇਸ਼ਾਂ ਤਨਦੇਹੀ ਨਾਲ ਨਿਭਾਇਆ ਹੈ। ਸਨਮਾਨਿਤ ਹੋਣ ’ਤੇ ਦਿਲਬਾਗ ਸਿੰਘ ਰੱਤੋਕੇ ਨੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਨਹੀਂ, ਸਗੋਂ ਸਮੁੱਚੀ ਸੰਗਤ ਅਤੇ ਗੁਰਦੁਆਰਾ ਸਾਹਿਬ ਦੀ ਸੇਵਾ ਵਿਚ ਲੱਗੇ ਸੇਵਾਦਾਰਾਂ ਲਈ ਹੈ। ਉਨ੍ਹਾਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਦਾ ਪ੍ਰਣ ਲਿਆ।