ਲੋਕਾਂ ਦੀ ਸੁਰੱਖਿਆ ਲਈ ਗਹਿਰੀ ਮੰਡੀ ਦੀ ਬੰਦ ਪਈ ਪੁਲਿਸ ਚੌਕੀ ਮੁੜ ਚਾਲੂ ਕਰਨ ਦੀ ਮੰਗ ਲੋਕਾਂ ਦੀ ਸੁਰੱਖਿਆ ਲਈ ਗਹਿਰੀ ਮੰਡੀ ਦੀ ਬੰਦ ਪਈ ਪੁਲਿਸ ਚੌਕੀ ਮੁੜ ਚਾਲੂ ਕਰਨ ਦੀ ਮੰਗ
Publish Date: Sun, 18 Oct 2026 04:23 PM (IST)
Updated Date: Sun, 18 Oct 2026 04:24 PM (IST)
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸਥਾਨਕ ਰੇਲਵੇ ਸਟਸ਼ਨ ਰੋਡ, ਗਹਿਰੀ ਮੰਡੀ ਵਿਖੇ ਲੰਮੇ ਸਮੇਂ ਤੋਂ ਬੰਦ ਪਈ ਪੁਲਿਸ ਚੌਕੀ ਕਾਰਨ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਬੀਤੇ ਦਿਨ ਪੁਲਿਸ ਚੌਕੀ ਦੇ ਸਾਹਮਣੇ ਹੀ ਗੋਲੀਬਾਰੀ ਦੀ ਘਟਨਾ ਵਾਪਰਨ ਤੋਂ ਬਾਅਦ ਲੋਕਾਂ ਵੱਲੋਂ ਇਸ ਚੌਕੀ ਨੂੰ ਮੁੜ ਚਾਲੂ ਕਰਨ ਦੀ ਮੰਗ ਜ਼ੋਰ ਫੜਨ ਲੱਗੀ ਹੈ। ਇਲਾਕਾ ਵਾਸੀਆਂ ਅਨੁਸਾਰ ਇੱਕ ਸਮਾਂ ਸੀ ਜਦੋਂ ਗਹਿਰੀ ਮੰਡੀ ਦੀ ਪੁਲਿਸ ਚੌਕੀ ਵਿੱਚ ਥੋੜ੍ਹੀ ਜਿਹੀ ਨਫ਼ਰੀ ਤਾਇਨਾਤ ਹੋਣ ਦੇ ਬਾਵਜੂਦ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਸਨ ਅਤੇ ਅਪਰਾਧਿਕ ਅਨਸਰਾਂ ਵਿੱਚ ਪੁਲਿਸ ਦਾ ਡਰ ਬਣਿਆ ਰਹਿੰਦਾ ਸੀ। ਪਰ ਹੁਣ ਹਾਲਾਤ ਇਹ ਹਨ ਕਿ ਮੁੱਖ ਬਾਜ਼ਾਰ ਅਤੇ ਬੰਦ ਪਈ ਪੁਲਿਸ ਚੌਕੀ ਦੇ ਸਾਹਮਣੇ ਹੀ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਗਹਿਰੀ ਮੰਡੀ ਦੀ ਇਸ ਪੁਲਿਸ ਚੌਕੀ ਦੇ ਅਧੀਨ ਕਈ ਪਿੰਡ ਆਉਂਦੇ ਸਨ। ਚੌਕੀ ਬੰਦ ਹੋਣ ਤੋਂ ਬਾਅਦ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਸ਼ਿਕਾਇਤਾਂ ਲੈ ਕੇ ਜੰਡਿਆਲਾ ਗੁਰੂ ਦੇ ਪੁਲਿਸ ਥਾਣੇ ਵਿੱਚ ਜਾਣਾ ਪੈਂਦਾ ਹੈ। ਸਥਾਨਕ ਦਵਿੰਦਰ ਸਿੰਘ, ਕਸ਼ਮੀਰ ਸਿੰਘ, ਸਵਿੰਦਰ ਸਿੰਘ ਆਦਿ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਲਾਕੇ ਵਿਚ ਪੁਲਿਸ ਚੌਕੀ ਮੁੜ ਚਾਲੂ ਹੋ ਜਾਵੇ ਤਾਂ ਪੁਲਿਸ ਦੀ ਮੌਜੂਦਗੀ ਵਧਣ ਨਾਲ ਅਪਰਾਧਿਕ ਘਟਨਾਵਾਂ ਨੂੰ ਰੋਕਣ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ। ਇਸ ਸਬੰਧੀ ਬੀਤੇ ਦਿਨੀਂ ਗਹਿਰੀ ਮੰਡੀ ਵਿਖੇ ਇੱਕ ਵਿਵਾਦ ਤੋਂ ਬਾਅਦ ਗੋਲੀਬਾਰੀ ਹੋਣ ਕਾਰਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਕੁਝ ਮਹੀਨੇ ਪਹਿਲਾਂ ਵੀ ਸਥਾਨਕ ਮੁੱਖ ਬਾਜ਼ਾਰ ਵਿੱਚ ਇੱਕ ਮੈਡੀਕਲ ਸਟੋਰ ’ਤੇ ਕੰਮ ਕਰਨ ਵਾਲੇ ਨੌਜਵਾਨ ਨੂੰ ਬਦਮਾਸ਼ਾਂ ਵੱਲੋਂ ਦੋ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇੱਕ ਹੋਰ ਘਟਨਾ ਦੌਰਾਨ ਬਾਜ਼ਾਰ ਵਿੱਚ ਤਾਇਨਾਤ ਚੌਕੀਦਾਰ ਨੂੰ ਬੰਦੂਕ ਦੀ ਨੋਕ ’ਤੇ ਬੰਧਕ ਬਣਾ ਕੇ ਲੁਟੇਰਿਆਂ ਵੱਲੋਂ ਇੱਕ ਬੁਟੀਕ ਦੀ ਦੁਕਾਨ ਵਿੱਚ ਚੋਰੀ ਕੀਤੀ ਗਈ ਸੀ। ਇੱਕ ਪਾਸੇ ਇਲਾਕੇ ਵਿੱਚ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਲੋਕ ਚਿੰਤਤ ਹਨ, ਦੂਜੇ ਪਾਸੇ ਬੰਦ ਪਈ ਪੁਲਿਸ ਚੌਕੀ ਦੀ ਇਮਾਰਤ ਵੀ ਖਸਤਾ ਹਾਲਤ ਵਿੱਚ ਪਹੁੰਚ ਚੁੱਕੀ ਹੈ। ਇਮਾਰਤ ਦਾ ਮੁੱਖ ਦਰਵਾਜ਼ਾ ਤੱਕ ਡਿੱਗ ਚੁੱਕਾ ਹੈ ਅਤੇ ਇਸ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਗਹਿਰੀ ਮੰਡੀ ਅਤੇ ਆਸ-ਪਾਸ ਦੇ ਪਿੰਡਾਂ ਦੇ ਵਸਨੀਕਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਬੰਦ ਪਈ ਪੁਲਿਸ ਚੌਕੀ ਦੀ ਇਮਾਰਤ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਇਸ ਨੂੰ ਮੁੜ ਚਾਲੂ ਕਰਕੇ ਲੋੜੀਂਦਾ ਪੁਲਿਸ ਅਮਲਾ ਤਾਇਨਾਤ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।