ਅਕਤੂਬਰ ਤੱਕ ਕੈਰੋ ਮਾਰਕੀਟ ਮਲਟੀ ਲੈਵਲ ਪਾਰਕਿੰਗ ਤਿਆਰ ਹੋਵੇਗੀ ਅਕਤੂਬਰ ਤੱਕ ਕੈਰੋ ਮਾਰਕੀਟ ਮਲਟੀ ਲੈਵਲ ਪਾਰਕਿੰਗ ਤਿਆਰ ਹੋਵੇਗੀ, ਸ਼੍ਰੀ ਹਰਿਮੰਦਰ ਸਾਹਿਬ ਦੇ ਆਸ-ਪਾਸ ਦੇ ਇਲਾਕਿਆਂ ਨੂੰ ਮਿਲੇਗੀ ਸਹੂਲਤ
Publish Date: Sun, 27 Sep 2026 08:26 PM (IST)
Updated Date: Mon, 28 Sep 2026 04:10 AM (IST)
* ਸ੍ਰੀ ਹਰਿਮੰਦਰ ਸਾਹਿਬ ਦੇ ਆਸ-ਪਾਸ ਦੇ ਇਲਾਕਿਆਂ ਨੂੰ ਮਿਲੇਗੀ ਸਹੂਲਤ * ਦੋ ਬੇਸਮੈਂਟ ਤੇ 6 ਫਲੋਰ ਵਾਲੀ ਪਾਰਕਿੰਗ ਚ 340 ਕਾਰਾਂ, 80 ਦੋਪਹੀਆ ਵਾਹਨ ਖੜ੍ਹੇ ਕਰਨ ਦੀ ਸਮਰੱਥਾ ਰਹੇਗੀ ਫੋਟੋ-12, 13 ਹਿੰਦੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀ ਸਥਾਨ ਹਾਲ ਬਾਜ਼ਾਰ ਚ ਇਸੇ ਸਾਲ ਅਕਤੂਬਰ ਦੇ ਅੱਧ ਤੱਕ ਕੈਰੋ ਮਾਰਕੀਟ ਮਲਟੀ ਲੈਵਲ ਪਾਰਕਿੰਗ ਸ਼ੁਰੂ ਹੋ ਜਾਵੇਗੀ। ਜਿਸ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਆਸ-ਪਾਸ ਦੀਆਂ ਕਈ ਮਾਰਕੀਟਾਂ ਨੂੰ ਇਸ ਦਾ ਫਾਇਦਾ ਮਿਲੇਗਾ। ਇਸ ਪਾਰਕਿੰਗ ਦਾ ਸਿੱਧਾ ਫਾਇਦਾ ਕਟੜਾ ਜੈਮਲ ਸਿੰਘ, ਹਾਲ ਬਾਜ਼ਾਰ, ਰਾਮਬਾਗ, ਗੋਲ ਹੱਟੀ ਚੌਕ ਅਤੇ ਆਸਪਾਸ ਦੇ ਕਾਰੋਬਾਰੀਆਂ ਨੂੰ ਮਿਲੇਗਾ। ਦੋ ਬੇਸਮੈਂਟ ਅਤੇ 6 ਫਲੋਰ ਵਾਲੀ ਪਾਰਕਿੰਗ ਚ 340 ਕਾਰਾਂ ਅਤੇ 80 ਦੋ-ਪਹੀਆ ਵਾਹਨ ਖੜ੍ਹੇ ਕਰਨ ਦੀ ਸਮਰੱਥਾ ਰਹੇਗੀ। ਪਾਰਕਿੰਗ ਚ ਪਿਕ ਐਂਡ ਪਲੇਸ ਮਕੈਨਿਜ਼ਮ ਸਿਸਟਮ ਤਹਿਤ ਕਾਰਾਂ ਦੀ ਪਾਰਕਿੰਗ ਹੋਵੇਗੀ। ਇਸ ਦਾ 10 ਸਾਲ ਲਈ ਠੇਕਾ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਤੇ 30 ਮਾਰਚ 2023 ਤੋਂ ਕੰਮ ਸ਼ੁਰੂ ਹੋਇਆ ਸੀ। ਇਸ ਚ ਪਹਿਲਾਂ ਸਮਾਰਟ ਸਿਟੀ ਵੱਲੋਂ ਕਰੀਬ 8 ਵਾਰ ਟੈਂਡਰ ਲਗਾਏ ਜਾਣ ਦੇ ਬਾਵਜੂਦ ਕੰਮ ਸਿਰੇ ਨਹੀਂ ਚੜ੍ਹ ਸਕਿਆ ਸੀ। ਇਸ ਤੋਂ ਬਾਅਦ ਨਗਰ ਨਿਗਮ ਨੇ ਪਾਰਕਿੰਗ ਦੇ ਟੈਂਡਰ ਨੂੰ ਸਿਰੇ ਚੜ੍ਹਾ ਕੇ ਪਾਰਕਿੰਗ ਦਾ ਨਿਰਮਾਣ ਸ਼ੁਰੂ ਕਰਵਾਇਆ ਸੀ। ਹਾਲ ਬਾਜ਼ਾਰ ਦੀਆਂ 60 ਫੀਸਦੀ ਸੜਕਾਂ ਵਾਹਨਾਂ ਨਾਲ ਭਰੀਆਂ ਰਹਿੰਦੀਆਂ ਵਰਤਮਾਨ ਚ ਹਾਲ ਬਾਜ਼ਾਰ ਦੇ ਅੰਦਰ ਢੁਕਵੀਂ ਪਾਰਕਿੰਗ ਦੀ ਵਿਵਸਥਾ ਨਾ ਹੋਣ ਕਾਰਨ 60 ਫੀਸਦੀ ਸੜਕਾਂ ਵਾਹਨਾਂ ਨਾਲ ਘਿਰੀਆਂ ਰਹਿੰਦੀਆਂ ਹਨ। ਇਸ ਕਾਰਨ ਕਾਰੋਬਾਰੀਆਂ ਅਤੇ ਗ੍ਰਾਹਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਚ ਯੈਲੋ ਲਾਈਨ ਤੋਂ ਬਾਹਰ ਖੜ੍ਹੀ ਹੋਣ ਕਾਰਨ ਰੋਜ਼ਾਨਾ ਲੋਕਾਂ ਦੀਆਂ ਗੱਡੀਆਂ ਟੋਅ ਹੋ ਰਹੀਆਂ ਹਨ। ਅਜਿਹੇ ਚ ਕੈਰੋ ਮਾਰਕੀਟ ਮਲਟੀ ਲੈਵਲ ਪਾਰਕਿੰਗ ਸ਼ੁਰੂ ਹੋਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਹਾਲ ਬਾਜ਼ਾਰ ਸ਼ਹਿਰ ਦਾ ਮੁੱਖ ਵਪਾਰਕ ਕੇਂਦਰ ਹੈ, ਇਸ ਦੇ ਨਾਲ ਕਈ ਮਾਰਕੀਟਾਂ ਲੱਗਦੀਆਂ ਹਨ। ਇਸ ਕਾਰਨ ਇਸ ਪਾਰਕਿੰਗ ਦੇ ਸ਼ੁਰੂ ਹੋਣ ਨਾਲ ਕਈ ਮਾਰਕੀਟਾਂ ਦੇ ਕਾਰੋਬਾਰੀਆਂ ਅਤੇ ਉੱਥੇ ਆਉਣ ਵਾਲੇ ਗਾਹਕਾਂ ਨੂੰ ਇਸ ਦਾ ਫਾਇਦਾ ਮਿਲੇਗਾ। ਕੋਟਸ)-----ਕੈਰੋ ਮਾਰਕੀਟ ਦੀ ਤਰਜ਼ ਤੇ ਮੱਛੀ ਮੰਡੀ ਅਤੇ ਟੈਲੀਫੋਨ ਐਕਸਚੇਂਜ ਪਾਰਕਿੰਗ ਨੂੰ ਵੀ ਮਲਟੀ ਲੈਵਲ ਪਾਰਕਿੰਗ ਬਣਾਇਆ ਜਾਣਾ ਚਾਹੀਦਾ ਹੈ। ਵਰਤਮਾਨ ਚ ਵਾਲਡ ਸਿਟੀ ਦੇ ਅੰਦਰ ਟ੍ਰੈਫਿਕ ਦੀ ਸਮੱਸਿਆ ਕਾਫੀ ਵਧ ਚੁੱਕੀ ਹੈ। ਅਜਿਹੇ ਚ ਸਮੇਂ ਦੇ ਹਿਸਾਬ ਨਾਲ ਵਾਲਡ ਸਿਟੀ ਦੇ ਵੱਖ-ਵੱਖ ਹਿੱਸਿਆਂ ਚ ਅਜਿਹੀਆਂ ਮਲਟੀਲੈਵਲ ਪਾਰਕਿੰਗਾਂ ਬਣਨੀਆਂ ਚਾਹੀਦੀਆਂ ਹਨ। ਇਸ ਦਾ ਫਾਇਦਾ ਨਾ ਸਿਰਫ ਦੁਕਾਨਦਾਰਾਂ ਅਤੇ ਸ਼ਹਿਰ ਦੇ ਲੋਕਾਂ ਨੂੰ ਹੋਵੇਗਾ, ਸਗੋਂ ਗੁਰੂ ਨਗਰੀ ਚ ਵੱਡੀ ਗਿਣਤੀ ਚ ਆਉਣ ਵਾਲੇ ਸੈਲਾਨੀਆਂ ਨੂੰ ਵੀ ਸਹੂਲਤ ਮਿਲੇਗੀ। - ਬਲਬੀਰ ਭਸੀਨ, ਪ੍ਰਧਾਨ ਇਲੈਕਟ੍ਰੀਕਲ ਟਰੇਡਰਜ਼ ਐਸੋਸੀਏਸ਼ਨ। ਕੋਟਸ)---ਕੈਰੋ ਮਾਰਕੀਟ ਮਲਟੀਲੈਵਲ ਪਾਰਕਿੰਗ ਸ਼ੁਰੂ ਹੋਣ ਨਾਲ ਹਾਲ ਬਾਜ਼ਾਰ ਚ ਟ੍ਰੈਫਿਕ ਦੀ ਸਮੱਸਿਆ ਘਟੇਗੀ। ਹਾਲ ਬਾਜ਼ਾਰ ਤੋਂ ਇਲਾਵਾ ਨਾਲ ਲੱਗਦੇ ਬਾਜ਼ਾਰਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ। ਹਾਲ ਬਾਜ਼ਾਰ ਦੇ ਅੰਦਰ ਢੁਕਵੀਂ ਪਾਰਕਿੰਗ ਨਾ ਹੋਣ ਕਾਰਨ ਸੜਕਾਂ ਤੇ ਹੀ ਗੱਡੀਆਂ ਖੜ੍ਹੀਆਂ ਰਹਿੰਦੀਆਂ ਹਨ। ਇਸ ਕਾਰਨ ਟ੍ਰੈਫਿਕ ਵਿਵਸਥਾ ਵੀ ਵਿਗੜੀ ਰਹਿੰਦੀ ਹੈ। ਉੱਥੇ ਪਾਰਕਿੰਗ ਦੀ ਥਾਂ ਨਾ ਮਿਲਣ ਤੇ ਗਾਹਕ ਸੜਕ ਤੇ ਗੱਡੀ ਖੜ੍ਹੀ ਕਰਕੇ ਸਮਾਨ ਖਰੀਦਣ ਜਾਂਦਾ ਹੈ ਤਾਂ ਪਿੱਛੋਂ ਉਸ ਦੀ ਗੱਡੀ ਟੋਅ ਹੋ ਜਾਂਦੀ ਹੈ। ਚਲਾਨ ਦੇ ਡਰ ਕਾਰਨ ਗ੍ਰਾਹਕ ਮਾਰਕੀਟ ਚ ਆਉਣ ਤੋਂ ਪਰਹੇਜ਼ ਵੀ ਕਰਦੇ ਹਨ। ਕੈਰੋ ਮਾਰਕੀਟ ਪਾਰਕਿੰਗ ਨੂੰ ਮਲਟੀਲੈਵਲ ਪਾਰਕਿੰਗ ਬਣਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। - ਗੌਰਵ ਭੱਲਾ, ਪ੍ਰਧਾਨ ਜਾਨਸਨ ਮਾਰਕੀਟ ਐਸੋਸੀਏਸ਼ਨ। ਕੋਟਸ)----ਕੈਰੋ ਮਾਰਕੀਟ ਮਲਟੀ ਲੈਵਲ ਪਾਰਕਿੰਗ ਦਾ ਕਾਰੋਬਾਰੀਆਂ ਤੋਂ ਇਲਾਵਾ ਸੈਲਾਨੀਆਂ ਨੂੰ ਵੀ ਲਾਭ ਮਿਲੇਗਾ। ਹਾਲ ਬਾਜ਼ਾਰ ਅਤੇ ਇਸ ਦੇ ਆਸਪਾਸ ਦੇ ਬਾਜ਼ਾਰਾਂ ਚ ਵੱਡੀ ਗਿਣਤੀ ਚ ਸੈਲਾਨੀ ਵੀ ਖਰੀਦਦਾਰੀ ਕਰਨ ਆਉਂਦੇ ਹਨ। ਉੱਥੇ ਪਾਰਕਿੰਗ ਦੀ ਸਹੂਲਤ ਨਾ ਮਿਲਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਨਿਗਮ ਸ਼ਹਿਰ ਵਾਸੀਆਂ ਦੀ ਲੋੜ ਮੁਤਾਬਕ ਵਿਕਾਸ ਕਾਰਜ ਕਰਵਾ ਰਿਹਾ ਹੈ। - ਜਤਿੰਦਰ ਸਿੰਘ ਮੋਤੀ ਭਾਟੀਆ, ਮੇਅਰ।