ਚੂੰਘ ਸਕੂਲ ਨੇ ਥਾਈਲੈਂਡ ’ਚ ਗੱਡੇ ਝੰਡੇ, ਕਰਾਟੇ ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸਾ ਚੂੰਘ ਸਕੂਲ ਨੇ ਥਾਈਲੈਂਡ ’ਚ ਗੱਡੇ ਸਫਲਤਾ ਦੇ ਝੰਡੇ
Publish Date: Sun, 27 Sep 2026 04:43 PM (IST)
Updated Date: Mon, 28 Sep 2026 04:00 AM (IST)
ਫੋਟੋ-5 ਫੋਟੋ ਕੈਪਸਨ - ਕਰਾਟੇ ਖਿਡਾਰੀ ਸ਼ਮਸ਼ੇਰ ਸਿੰਘ ਨੂੰ ਸਨਮਾਨਿਤ ਕਰਨ ਮੌਕੇ ਡਾਇਰੈਕਟਰ ਤੇਜਬੀਰ ਸਿੰਘ ਸੋਹਲ, ਜਸਪ੍ਰੀਤ ਕੌਰ ਸੋਹਲ, ਪ੍ਰਿੰਸੀਪਲ ਮਨਪ੍ਰੀਤ ਕੌਰ ਛੀਨਾ ਤੇ ਹੋਰ। ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਂਕ ਮਹਿਤਾ : ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਚੂੰਘ ਦੇ ਹੋਣਹਾਰ ਵਿਦਿਆਰਥੀ ਸ਼ਮਸ਼ੇਰ ਸਿੰਘ ਨੇ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ, ਇਲਾਕੇ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸ਼ਮਸ਼ੇਰ ਸਿੰਘ ਨੇ ਥਾਈਲੈਂਡ ਵਿਖੇ ਕਰਵਾਈ ਗਈ ਪੰਜਵੀਂ ਜੌਹਰ ਪ੍ਰੈਜ਼ੀਡੈਂਟ ਕੱਪ ਕਰਾਟੇ ਚੈਂਪੀਅਨਸ਼ਿਪ ਵਿੱਚ ਤੀਸਰਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਇਸ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਭਾਰਤ ਤੋਂ ਇਲਾਵਾ ਮਲੇਸ਼ੀਆ, ਇੰਡੋਨੇਸ਼ੀਆ, ਸਿੰਗਾਪੁਰ, ਵੀਅਤਨਾਮ ਅਤੇ ਨੇਪਾਲ ਦੇ ਖਿਡਾਰੀਆਂ ਨੇ ਭਾਗ ਲਿਆ। ਭਾਰਤ ਵੱਲੋਂ ਪੂਰੇ ਦੇਸ਼ ਵਿੱਚੋਂ ਚੁਣੇ ਗਏ 16 ਵਿਿਦਆਰਥੀਆਂ ਨੇ ਇਸ ਵੱਕਾਰੀ ਮੁਕਾਬਲੇ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਸ਼ਮਸ਼ੇਰ ਸਿੰਘ ਵੱਲੋਂ ਕਾਂਸੀ ਦਾ ਤਗਮਾ ਜਿੱਤਣਾ ਸਕੂਲ ਲਈ ਮਾਣ ਵਾਲੀ ਪ੍ਰਾਪਤੀ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਰਘਬੀਰ ਸਿੰਘ ਸੋਹਲ ਨੇ ਸ਼ਮਸ਼ੇਰ ਸਿੰਘ ਅਤੇ ਉਸ ਦੇ ਮਾਤਾ-ਪਿਤਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਫਲਤਾ ਵਿਦਿਆਰਥੀ ਦੀ ਲਗਨ, ਅਨੁਸ਼ਾਸਨ ਤੇ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕੋਚ ਯੋਗੇਸ਼ ਕੁਮਾਰ ਵੱਲੋਂ ਕਰਵਾਈ ਗਈ ਅਣਥੱਕ ਮਿਹਨਤ ਦੀ ਵੀ ਸ਼ਲਾਘਾ ਕੀਤੀ। ਸਕੂਲ ਦੇ ਡਾਇਰੈਕਟਰ ਤੇਜਬੀਰ ਸਿੰਘ ਸੋਹਲ ਨੇ ਕਿਹਾ ਕਿ ਸ਼ਮਸ਼ੇਰ ਨੇ ਥਾਈਲੈਂਡ ਦੀ ਧਰਤੀ ’ਤੇ ਕਾਂਸੀ ਦਾ ਤਗਮਾ ਜਿੱਤ ਕੇ ਸਿਰਫ਼ ਆਪਣਾ ਹੀ ਨਹੀਂ, ਸਗੋਂ ਪੂਰੇ ਸਕੂਲ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਸ਼ਮਸ਼ੇਰ ਦੀ ਇਹ ਜਿੱਤ ਸਕੂਲ ਦੇ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਇਸ ਮੌਕੇ ਜਸਪ੍ਰੀਤ ਕੌਰ ਸੋਹਲ, ਪ੍ਰਿੰਸੀਪਲ ਮਨਪ੍ਰੀਤ ਕੌਰ ਛੀਨਾ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ।