ਡਰੇਨਾਂ ਦੀ ਸਫ਼ਾਈ ਲਈ ਕਾਰਜਕਾਰੀ ਇੰਜੀ. ਨੂੰ ਮੰਗ-ਪੱਤਰ ਸੌਂਪਿਆ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਡਰੇਨਾਂ ਦੀ ਸਫ਼ਾਈ ਲਈ ਕਾਰਜਕਾਰੀ ਇੰਜੀਨੀਅਰ ਨੂੰ ਮੰਗ ਪੱਤਰ ਸੌਂਪਿਆ
Publish Date: Tue, 16 Jun 2026 07:42 PM (IST)
Updated Date: Wed, 17 Jun 2026 04:09 AM (IST)

ਕਿਹਾ- ਮਾਨਸੂਨੀ ਬਰਸਾਤਾਂ ਦਾ ਸਮਾਂ ਨੇੜੇ ਪਰ ਡਰੇਨਾਂ ਅਜੇ ਵੀ ਸਾਫ ਨਹੀਂ ਹੋਈਆਂ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡਰੇਨਾਂ ਦੀ ਸਫਾਈ ਨਾ ਹੋਣ ਕਰਕੇ ਡਰੇਨਜ਼ ਦੇ ਕਾਰਜਕਾਰੀ ਇੰਜੀਨੀਅਰ ਵਿਸ਼ਵਪਾਲ ਗੋਇਲ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਦੇਣ ਉਪਰੰਤ ਗੱਲਬਾਤ ਕਰਦੇ ਹੋਏ ਪ੍ਰਧਾਨ ਡਾ. ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਡਰੇਨਾਂ ਦੀ ਸਫ਼ਾਈ ਅਤੇ ਖੁਦਾਈ ਤੁਰੰਤ ਕਰਵਾਈ ਜਾਵੇ। ਕਿਉਕਿ ਹਰ ਸਾਲ ਜਦੋਂ ਮੌਨਸੂਨ ਦਾ ਸੀਜ਼ਨ ਆਉਂਦਾ ਹੈ ਤਾਂ ਡਰੇਨਾਂ ਵਿਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ ਪਰ ਚੰਗੇ ਤਰੀਕੇ ਨਾਲ ਖੁਦਾਈ ਨਾ ਹੋਣ ਕਰਕੇ ਪਾਣੀ ਖੇਤਾਂ ਤੇ ਘਰਾਂ ਵਿਚ ਜਾ ਵੜਦਾ, ਜਿਸ ਨਾਲ ਹਰ ਸਾਲ ਸੈਂਕੜੇ ਏਕੜ ਫਸਲ ਤਬਾਹ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਆਏ ਹੜ੍ਹਾਂ ਵਿਚ ਵੀ ਡਰੇਨਾਂ ਦੀ ਸਫ਼ਾਈ ਨਾ ਹੋਣ ਕਰਕੇ ਹੀ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਇਸ ਸਬੰਧੀ ਆਏ ਸਾਲ ਕਿਸਾਨ ਜੱਥੇਬੰਦੀਆਂ ਵੱਲੋਂ ਆਵਾਜ਼ ਚੁੱਕੀ ਜਾਂਦੀ, ਪਰ ਸਰਕਾਰਾਂ ਨੀਯਤ ਨਾਲ ਕੰਮ ਨਹੀਂ ਕਰਦੀਆਂ ਤੇ ਨੁਕਸਾਨ ਆਮ ਜਨਤਾ ਦਾ ਹੁੰਦਾ ਹੈ। ਆਗੂਆਂ ਕਿਹਾ ਢਿੰਗਨੰਗਲ ਡਰੇਨ ਜੋ ਮਜੀਠਾ ਹਲਕਾ ਤੋਂ ਆਉਂਦੀ ਹੈ, ਉਸ ਦੀ ਸਫਾਈ ਅਜੇ ਤੱਕ ਸ਼ੁਰੂ ਤੱਕ ਨਹੀਂ ਹੋਈ, ਇਸ ਦੇ ਨਾਲ ਹੀ ਗੁਮਟਾਲਾ ਡਰੇਨ ਜਿਸਦਾ ਸਿਆਸੀ ਮੁੱਦਾ ਵੀ ਬਣਿਆ ਉਸ ਦੀ ਸਫਾਈ ਤਾਂ ਹੋ ਰਹੀ ਹੈ, ਪਰ ਖੁਦਾਈ ਕੀਤੀ ਨੂੰ ਲਗਪਗ ਚਾਰ ਸਾਲ ਹੋ ਗਏ ਹਨ। ਹੁਣ ਵੀ ਕੁਝ ਦਿਨ ਮੌਨਸੂਨ ਦੀ ਆਮਦ ਵਿਚ ਰਹਿ ਗਏ ਹਨ, ਪਰ ਅਜੇ ਵੀ ਡਰੇਨਾਂ ਵਿੱਚ ਬੂਟੀ ਤੱਕ ਸਾਫ਼ ਨਹੀਂ ਕੀਤੀ ਗਈ। ਇਸ ਦੇ ਨਾਲ ਸਾਡੀ ਮੰਗ ਹੈ ਕਿ ਬਾਈਪਾਸ ਫੋਰਟਿਸ ਹਸਪਤਾਲ ਦੇ ਨੇੜਿਓਂ ਬਾਈਪਾਸ ਤੋਂ ਪੰਡੋਰੀ ਲੁਬਾਣਾ ਨੂੰ ਸੜਕ ਆਉਂਦਾ ਹੈ, ਜਿੱਥੇ ਗੁਮਟਾਲਾ ਡਰੇਨ ਦਾ ਪੁੱਲ ਬਹੁਤ ਪੁਰਾਣਾ ਬਣਾਇਆ ਹੋਇਆ, ਜੋ ਕਿ ਸੜਕ ਤੋਂ ਲਗਭਗ ਪੰਜ ਫੁੱਟ ਨੀਵਾਂ ਹੋ ਚੁੱਕਾ ਹੈ, ਜਿੱਥੇ ਹੇਠਾਂ ਦੋ ਪੋਰੇ (ਪਾਈਪਾਂ) ਪਾਈਆਂ ਹੋਈਆਂ ਹਨ। ਇਸ ’ਤੇ ਪਾਣੀ ਜਦੋਂ ਆਉਂਦਾ ਤਾਂ ਹਮੇਸ਼ਾਂ ਬੂਟੀ ਅੜ ਜਾਂਦੀ ਹੈ। ਜਿਸ ਨਾਲ ਪਾਣੀ ਰੁੱਕ ਜਾਂਦਾ ਤੇ ਫ਼ਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਇਸ ਦੇ ਨਾਲ ਹੀ ਆਗੂਆਂ ਕਿਹਾ ਜਦੋਂ ਗੁਮਟਾਲਾ ਡਰੇਨ ਸ਼ਹਿਰ ਵਿਚ ਵੜਦੀ ਹੈ ਤਾਂ ਕਾਲੋਨੀਆਂ ਵਾਲਿਆਂ ਤੇ ਖੰਨਾ ਪੇਪਰ ਮਿੱਲ ਵਾਲਿਆ ਇਸ ਨੂੰ ਉਪਰੋਂ ਕਵਰ ਕੀਤਾ ਹੋਇਆ ਹੈ ਜਿਸ ਕਰਕੇ ਇਸ ਦੀ ਪੂਰਨ ਸਫਾਈ ਨਹੀਂ ਹੁੰਦੀ ਤੇ ਤੰਗ ਪੁਲ ਹੋਣ ਕਰਕੇ ਪਾਣੀ ਨੂੰ ਡੱਕ ਲੱਗਦੀ ਹੈ। ਜਿਸ ਨਾਲ ਆਏ ਸਾਲ ਫਸਲਾ ਖਰਾਬ ਹੁੰਦੀਆਂ ਹਨ। ਇਸ ਲਈ ਸਬੰਧਿਤ ਵਿਭਾਗਾਂ ਨੂੰ ਅਪੀਲ ਕੀਤੀ ਕਿ ਇਸ ਡਰੇਨ ਉੱਪਰ ਨਜਾਇਜ ਕਬਜ਼ੇ ਛੁਡਵਾਏ ਜਾਣ। ਮੰਗ ਪੱਤਰ ਦੇਣ ਮੌਕੇ ਆਗੂਆਂ ਕਿਹਾ ਕਿ ਅਸੀ ਪਹਿਲਾਂ ਵੀ ਇੰਨਾ ਮਸਲਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੇ ਡਰੇਨਜ ਮਹਿਕਮਿਆਂ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਚੁੱਕੇ ਹਾਂ, ਪਰ ਇਹ ਜਨਤਕ ਮਸਲੇ ਹੱਲ ਨਹੀਂ ਹੋਏ ਉਨਾ। ਅੰਤ ਵਿੱਚ ਆਗੂਆਂ ਕਿਹਾ ਕਿ ਉੱਕਤ ਮਸਲਿਆਂ ਦਾ ਜਲਦ ਨਿਪਟਾਰਾ ਕੀਤਾ ਜਾਵੇ ਅਤੇ ਮਸਲੇ ਜਲਦ ਹੱਲ ਨਾ ਹੋਣ ਦੀ ਸੂਰਤ ਵਿਚ ਮਜਬੂਰਨ ਜੱਥੇਬੰਦੀ ਵੱਲੋਂ ਸੰਘਰਸ਼ ਕੀਤਾ ਜਾਵੇਗਾ ਜਿਸਦਾ ਜਿੰਮੇਵਾਰ ਸਬੰਧਤ ਪ੍ਰਸ਼ਾਸਨ ਹੋਵੇਗਾ। ਇਸ ਮੋਕੇ ਪ੍ਰਧਾਨ ਪੰਡੌਰੀ ਨਾਲ ਸੁਖਵਿੰਦਰ ਸਿੰਘ ਸਾਘਣਾ, ਅਰਜਨ ਸਿੰਘ, ਹਰਚਰਨ ਸਿੰਘ ਆਦੀ, ਗੁਰਚਰਨ ਸਿੰਘ, ਸੁਮੀਤ ਸਿੰਘ ਤਰਕਸ਼ੀਲ ਸੁਸਾਇਟੀ, ਬਾਬਾ ਤਰਸੇਮ ਸਿੰਘ ਆਦਿ ਹਾਜ਼ਰ ਸਨ।