- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਗਨਦੀਪ ਰੰਧਾਵਾ ਦੇ ਪਰਿਵਾਰ ਨੂੰ ਇਨਸਾਫ ਮਿਲਣ ਤੱਕ ਭਾਜਪਾ ਆਪਣੀ ਲੜਾਈ ਜਾਰੀ ਰੱਖੇਗੀ – ਸੁਨੀਲ ਜਾਖੜ

- ਬਿਜਲੀ ਕੱਟਣ ਵਾਲੇ ਵਿਅਕਤੀ ਦੀ ਪੁਲਿਸ ਹਿਰਾਸਤ ’ਚ ਮੌਤ ਨੇ ਨਵੇਂ ਸ਼ੱਕ ਪੈਦਾ ਕਰ ਦਿੱਤੇ
- ਸੀਬੀਆਈ ਜਾਂਚ ਤੋਂ ਘੱਟ ਕੁਝ ਵੀ ਕਬੂਲ ਨਹੀਂ
- ਕਾਂਗਰਸ ਨੇ ਮੁੱਖ ਮੰਤਰੀ ਅੱਗੇ ਤੇ ਮੁੱਖ ਮੰਤਰੀ ਨੇ ਕੇਜਰੀਵਾਲ ਅੱਗੇ ਸਰੰਡਰ ਕੀਤਾ
- ਭਾਜਪਾ ਨੇ ਅੰਮ੍ਰਿਤਸਰ ’ਚ ਲਾਇਆ ਸੂਬਾ ਪੱਧਰੀ ਧਰਨਾ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਭਾਰਤੀ ਜਨਤਾ ਪਾਰਟੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸੂਬਾ ਪੱਧਰੀ ਧਰਨਾ ਦੇ ਕੇ ਡੀਐੱਮ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਅਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਉਠਾਈ। ਇਸ ਦੀ ਅਗਵਾਈ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਅਤੇ ਉਨ੍ਹਾਂ ਦੇ ਨਾਲ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਾਹਿਤ ਸਾਰੀ ਲੀਡਰਸ਼ਿਪ ਹਾਜ਼ਰ ਸੀ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਇਹ ਅੰਦੋਲਨ ਉਸ ਵੇਲੇ ਤੱਕ ਜਾਰੀ ਰੱਖੇਗੀ, ਜਦੋਂ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਜਾਂਦਾ। ਉਨ੍ਹਾਂ ਕਿਹਾ ਕਿ ਇਹ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ, ਸਗੋਂ ਇਨਸਾਫ਼ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਗਗਨਦੀਪ ਸਿੰਘ ਰੰਧਾਵਾ ਨਾਲ ਜੋ ਕੁਝ ਹੋਇਆ, ਉਹ ਕਿਸੇ ਨਾਲ ਵੀ ਹੋ ਸਕਦਾ ਹੈ, ਇਸ ਲਈ ਹਰ ਪੰਜਾਬੀ ਇਸ ਲੜਾਈ ਦਾ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਸਾਰੇ ਮੁਲਜ਼ਮਾਂ ਜਿਸ ਵਿਚ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਸ਼ਾਮਲ ਹਨ, ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਸਰਕਾਰ ਦੇ ਭਾਰੀ ਦਬਾਅ ਦੇ ਬਾਵਜੂਦ ਡਟੇ ਰਹਿਣ ਲਈ ਪਰਿਵਾਰ ਦੀ ਹਿੰਮਤ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਪਰਿਵਾਰ ਦੀ ਬਿਜਲੀ ਕੱਟੀ ਸੀ, ਉਸ ਦੀ ਪੁਲਿਸ ਹਿਰਾਸਤ ਵਿੱਚ ਮੌਤ ਨੇ ਮਾਮਲੇ ਨੂੰ ਹੋਰ ਪੇਚੀਦਾ ਕਰ ਦਿੱਤਾ ਹੈ ਅਤੇ ਸੱਚ ਸਾਹਮਣੇ ਲਿਆਉਣ ਲਈ ਸਿਰਫ਼ ਸੀਬੀਆਈ ਜਾਂਚ ਹੀ ਇਕ ਮਾਤਰ ਰਾਹ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੰਤਰੀ ਵੱਲੋਂ ਵਸੂਲੀ ਰਾਹੀਂ ਇਕੱਠਾ ਕੀਤਾ ਪੈਸਾ ਕਿੱਥੇ ਭੇਜਿਆ ਜਾ ਰਿਹਾ ਸੀ, ਇਹ ਵੀ ਜਾਂਚ ਵਿੱਚ ਸਾਹਮਣੇ ਆਉਣਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਦੀ ਇੱਕ ਔਰਤ ਨਾਲ ਹੋਏ ਇੱਕ ਹੋਰ ਕੁੱਟਮਾਰ ਦੇ ਮਾਮਲੇ ਵਿੱਚ ‘ਆਪ’ ਵਿਧਾਇਕ ਨੂੰ ਸਮਝੌਤੇ ਰਾਹੀਂ ਬਚਾਅ ਲਿਆ ਗਿਆ ਅਤੇ ਸਰਕਾਰ ਇਸ ਮਾਮਲੇ ਵਿੱਚ ਵੀ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਨੂੰ ਕਦੇ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖੁਦ ‘ਸਮਝੌਤਾ ਕੀਤੇ ਹੋਏ’ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਜਾਬ ਭਗਵੰਤ ਮਾਨ ਨਹੀਂ, ਸਗੋਂ ਅਰਵਿੰਦ ਕੇਜਰੀਵਾਲ ਚਲਾ ਰਹੇ ਹਨ ਅਤੇ ਮਾਨ ਸਿਰਫ਼ ‘ਨਾਮਮਾਤਰ ਦੇ ਮੁੱਖ ਮੰਤਰੀ’ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਫੈਸਲਾ ਕਰ ਚੁੱਕੇ ਹਨ ਕਿ ਪੰਜਾਬ ’ਤੇ ਪੰਜਾਬੀਆਂ ਦੀ ਹੀ ਸਰਕਾਰ ਹੋਵੇਗੀ ਅਤੇ ਬਾਹਰੀ ਲੋਕਾਂ ਨੂੰ ਸੂਬੇ ਦਾ ਸ਼ੋਸ਼ਣ ਨਹੀਂ ਕਰਨ ਦਿੱਤਾ ਜਾਵੇਗਾ।
ਉਨ੍ਹਾਂ ਨੇ ਸਰਕਾਰ ’ਤੇ ਲੋਕਾਂ ਦੀ ਆਵਾਜ਼ ਨਾ ਸੁਣਨ ਦਾ ਵੀ ਦੋਸ਼ ਲਾਇਆ। ਭਾਜਪਾ ਦਫ਼ਤਰ ’ਤੇ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਜਾਖੜ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਭਾਜਪਾ ਨੂੰ ਡਰਾਉਦੀਆਂ ਨਹੀਂ ਹਨ ਅਤੇ ਪਾਰਟੀ ਆਪਣੀ ਲੜਾਈ ਜਾਰੀ ਰੱਖੇਗੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦਾ ਸੂਬਾ ਪ੍ਰਧਾਨ ਮੁੱਖ ਮੰਤਰੀ ਅੱਗੇ ਝੁਕ ਗਿਆ ਹੈ ਅਤੇ ਮੁੱਖ ਮੰਤਰੀ ਕੇਜਰੀਵਾਲ ਅੱਗੇ। ਉਨ੍ਹਾਂ ਕਿਹਾ ਕਿ ਰਾਜਨੀਤਿਕ ਆਗੂ ਭਾਵੇਂ ਝੁਕ ਜਾਣ, ਪਰ ਪੰਜਾਬ ਕਦੇ ਨਹੀਂ ਝੁਕਦਾ, ਉਹ ਇਨਸਾਫ ਲੈਣਾ ਜਾਣਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਗੱਲ ਨੂੰ ਯਾਦ ਰੱਖ ਰਿਹਾ ਹੈ ਕਿ ਇਸ ਇਨਸਾਫ਼ ਦੀ ਲੜਾਈ ਵਿੱਚ ਕੌਣ ਉਸ ਦੇ ਨਾਲ ਖੜ੍ਹਾ ਹੈ ਅਤੇ ਕੌਣ ਨਹੀਂ। ਜਾਖੜ ਨੇ ਕਿਹਾ ਕਿ ਪਾਰਟੀ ਗਗਨਦੀਪ ਰੰਧਾਵਾ ਮਾਮਲੇ ਵਿੱਚ ਇਨਸਾਫ਼ ਯਕੀਨੀ ਬਣਾਉਣ ਲਈ ਹਰ ਮੋਰਚੇ ’ਤੇ ਲੜੇਗੀ ਅਤੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਅਪੀਲ ਕਰੇਗੀ ਕਿ ਉਹ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਪੱਤਰ ਲਿਖਣ।