23 ਕਰੋੜ ਨਾਲ ਸਿਵਲ ਹਸਪਤਾਲ 'ਚ ਬਣੇਗਾ ਚਾਰ ਮੰਜ਼ਿਲਾ ਕ੍ਰਿਟੀਕਲ ਕੇਅਰ ਬਲਾਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਜਲ੍ਹਿਆਂਵਾਲਾ ਬਾਗ ਮੈਮੋਰੀਅਲ ਸਿਵਲ ਹਸਪਤਾਲ ਦੇ ਨੇੜੇ ਮਰੀਜ਼ਾਂ ਨੂੰ ਅਤਿ-ਆਧੁਨਿਕ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਦਾ ਇੱਕ ਹੋਰ ਯਤਨ
Publish Date: Thu, 08 Oct 2026 07:17 PM (IST)
Updated Date: Thu, 08 Oct 2026 07:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਜਲ੍ਹਿਆਂਵਾਲਾ ਬਾਗ ਮੈਮੋਰੀਅਲ ਸਿਵਲ ਹਸਪਤਾਲ ਦੇ ਨੇੜੇ ਮਰੀਜ਼ਾਂ ਨੂੰ ਅਤਿ-ਆਧੁਨਿਕ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਦਾ ਇੱਕ ਹੋਰ ਯਤਨ ਕੀਤਾ ਜਾ ਰਿਹਾ ਹੈ। ਇਸ ਜ਼ਿਲ੍ਹਾ ਹਸਪਤਾਲ ਦੇ ਨੇੜੇ ਅਤਿ-ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ 23 ਕਰੋੜ ਦੀ ਲਾਗਤ ਨਾਲ ਚਾਰ ਮੰਜ਼ਿਲਾ ਕ੍ਰਿਟੀਕਲ ਕੇਅਰ ਬਲਾਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਸਿਹਤ ਸੇਵਾ ਦੇ ਜ਼ਮੀਨ ਤੇ ਉਤਰਨ ਤੋਂ ਬਾਅਦ ਅੰਮ੍ਰਿਤਸਰ ਅਤੇ ਆਸ-ਪਾਸ ਦੇ ਪੇਂਡੂ ਇਲਾਕਿਆਂ ਦੇ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਮਹਿੰਗੇ ਨਿੱਜੀ ਹਸਪਤਾਲਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਦਰਅਸਲ, ਸਿਵਲ ਹਸਪਤਾਲ ਦੇ ਪੋਸਟਮਾਰਟਮ ਹਾਊਸ ਦੇ ਸਾਹਮਣੇ ਇਸ ਕੇਂਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਕ੍ਰਿਟੀਕਲ ਕੇਅਰ ਬਲਾਕ ਦੀ ਰੂਪ-ਰੇਖਾ ਵਿਸ਼ੇਸ਼ ਤੌਰ ਤੇ ਐਮਰਜੈਂਸੀ ਮੈਡੀਕਲ ਨੂੰ ਧਿਆਨ ਚ ਰੱਖ ਕੇ ਤਿਆਰ ਕੀਤੀ ਗਈ ਹੈ। ਚਾਰ ਮੰਜ਼ਿਲਾ ਬਲਾਕ ਚ ਜੀਵਨ ਰੱਖਿਅਕ ਪ੍ਰਣਾਲੀ, ਆਧੁਨਿਕ ਵੈਂਟੀਲੇਟਰ, ਮਾਨੀਟਰ ਅਤੇ ਕ੍ਰਿਟੀਕਲ ਕੇਅਰ ਨਾਲ ਜੁੜੇ ਐਡਵਾਂਸ ਮੈਡੀਕਲ ਉਪਕਰਨ ਸਥਾਪਤ ਕੀਤੇ ਜਾਣਗੇ। ਹਸਪਤਾਲ ਦੇ ਇਸ ਨਵੇਂ ਵਿੰਗ ਚ 24 ਘੰਟੇ ਮਾਹਿਰ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀ ਤਾਇਨਾਤੀ ਰਹੇਗੀ। ਆਧੁਨਿਕ ਤਕਨੀਕਾਂ ਦੀ ਮਦਦ ਨਾਲ ਮੁੱਖ ਤੌਰ ਤੇ ਇਨ੍ਹਾਂ ਜਾਨਲੇਵਾ ਅਤੇ ਗੰਭੀਰ ਬਿਮਾਰੀਆਂ ਦਾ ਤੁਰੰਤ ਇਲਾਜ ਕੀਤਾ ਜਾਵੇਗਾ। ਦਿਲ ਦਾ ਦੌਰਾ ਪੈਣ ਤੇ ਮਰੀਜ਼ਾਂ ਨੂੰ ਮਿਲਣ ਵਾਲੇ ਗੋਲਡਨ ਅਵਰ ਚ ਤੁਰੰਤ ਇਲਾਜ ਮਿਲ ਸਕੇਗਾ। ਬ੍ਰੇਨ ਸਟ੍ਰੋਕ ਜਾਂ ਦਿਮਾਗ ਦੀ ਨਾੜੀ ਫਟਣ/ਬਲਾਕ ਹੋਣ ਦੀ ਸਥਿਤੀ ਚ ਅਧਰੰਗ ਤੋਂ ਬਚਾਉਣ ਲਈ ਐਡਵਾਂਸ ਨਿਊਰੋ-ਕੇਅਰ ਸਪੋਰਟ ਦੀ ਸਹੂਲਤ ਹੋਵੇਗੀ। ਹਾਦਸਿਆਂ ਚ ਗੰਭੀਰ ਰੂਪ ਚ ਜ਼ਖਮੀ ਮਰੀਜ਼ਾਂ ਲਈ ਐਮਰਜੈਂਸੀ ਸਰਜਰੀ ਅਤੇ ਕੇਅਰ ਦਾ ਪ੍ਰਬੰਧ ਹੋਵੇਗਾ। ਜ਼ਹਿਰ ਅਤੇ ਡਰੱਗ ਓਵਰਡੋਜ਼ ਵਰਗੀਆਂ ਸਥਿਤੀਆਂ ਲਈ ਤੁਰੰਤ ਟਾਕਸੀਕੋਲੋਜੀ ਅਤੇ ਲਾਈਫ ਸਪੋਰਟ ਟਰੀਟਮੈਂਟ। ਫੇਫੜਿਆਂ ਦੇ ਫੇਲ੍ਹ ਹੋਣ ਯਾਨੀ ਕਿ ਰੈਸਪੀਰੇਟਰੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਲਈ ਹਾਈ-ਟੈਕ ਵੈਂਟੀਲੇਟਰ ਸਪੋਰਟ ਦੀ ਸਹੂਲਤ ਉਪਲਬਧ ਹੋਵੇਗੀ। ਗੁਰਦੇ ਦੇ ਗੰਭੀਰ ਮਰੀਜ਼ਾਂ ਲਈ ਡਾਇਲਸਿਸ ਤੇ ਵਿਸ਼ੇਸ਼ ਕ੍ਰਿਟੀਕਲ ਯੂਨਿਟ ਸਥਾਪਤ ਕੀਤਾ ਜਾ ਰਿਹਾ ਹੈ। ਸਰੀਰ ਚ ਫੈਲੇ ਗੰਭੀਰ ਇਨਫੈਕਸ਼ਨ ਕਾਰਨ ਜਦੋਂ ਬਲੱਡ ਪ੍ਰੈਸ਼ਰ ਖਤਰਨਾਕ ਪੱਧਰ ਤੱਕ ਡਿੱਗ ਜਾਂਦਾ ਹੈ, ਤਾਂ ਉਸ ਨੂੰ ਸੰਭਾਲਣ ਲਈ ਐਂਟੀਬਾਇਓਟਿਕ ਅਤੇ ਆਈਸੀਯੂ ਥੈਰੇਪੀ ਯੂਨਿਟ ਵੀ ਬਣੇਗਾ। ਨਵਜੰਮੇ ਬੱਚਿਆਂ ਅਤੇ ਬੱਚਿਆਂ ਚ ਹੋਣ ਵਾਲੀਆਂ ਗੰਭੀਰ ਤੇ ਐਮਰਜੈਂਸੀ ਬਿਮਾਰੀਆਂ ਦੇ ਇਲਾਜ ਲਈ ਵਿਸ਼ੇਸ਼ ਪੀਡੀਆਟ੍ਰਿਕ ਆਈਸੀਯੂ ਦਾ ਪ੍ਰਬੰਧ ਕੀਤਾ ਜਾਵੇਗਾ। ਬਾਕਸ ਨਿੱਜੀ ਹਸਪਤਾਲਾਂ ਦੀ ਲੁੱਟ ਤੋਂ ਮਿਲੇਗੀ ਮੁਕਤੀ ਵਰਤਮਾਨ ਚ ਸਿਵਲ ਹਸਪਤਾਲ ਚ ਵੈਂਟੀਲੇਟਰ ਅਤੇ ਸੁਪਰ-ਸਪੈਸ਼ਲਿਟੀ ਆਈਸੀਯੂ ਬੈੱਡ ਨਹੀਂ ਹਨ। ਗੰਭੀਰ ਮਰੀਜ਼ਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਜਾਂ ਫਿਰ ਨਿੱਜੀ ਕ੍ਰਿਟੀਕਲ ਕੇਅਰ ਕੇਂਦਰਾਂ ਚ ਰੈਫਰ ਕਰਨਾ ਪੈਂਦਾ ਹੈ। ਨਿੱਜੀ ਹਸਪਤਾਲਾਂ ਚ ਆਈਸੀਯੂ ਦਾ ਇੱਕ-ਇੱਕ ਦਿਨ ਦਾ ਖਰਚਾ ਪੰਜ ਤੋਂ ਦਸ ਹਜ਼ਾਰ ਰੁਪਏ ਹੈ, ਜੋ ਆਮ ਆਦਮੀ ਦੀ ਜੇਬ ਤੇ ਭਾਰੀ ਪੈਂਦਾ ਹੈ। ਇਹ ਨਵਾਂ ਬਲਾਕ ਸ਼ੁਰੂ ਹੋਣ ਨਾਲ ਮਰੀਜ਼ਾਂ ਨੂੰ ਸਰਕਾਰੀ ਦਰਾਂ ਤੇ ਇਲਾਜ ਮਿਲ ਸਕੇਗਾ। ਸਿਵਲ ਹਸਪਤਾਲ ਦੇ ਐਸਐਮਓ ਡਾ. ਰਜਨੀਸ਼ ਦਾ ਕਹਿਣਾ ਹੈ ਕਿ ਕ੍ਰਿਟੀਕਲ ਕੇਅਰ ਬਲਾਕ ਦਾ ਨਿਰਮਾਣ ਸਿਹਤ ਸੇਵਾਵਾਂ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ। ਸਾਡਾ ਉਦੇਸ਼ ਹਰ ਗੰਭੀਰ ਮਰੀਜ਼ ਨੂੰ ਸਮੇਂ ਸਿਰ ਆਧੁਨਿਕ ਇਲਾਜ ਉਪਲਬਧ ਕਰਵਾਉਣਾ ਹੈ ਤਾਂ ਜੋ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ। ਇਹ ਪ੍ਰੋਜੈਕਟ ਆਉਣ ਵਾਲੇ ਡੇਢ ਸਾਲ ਤੱਕ ਲਾਗੂ ਹੋ ਜਾਵੇਗਾ।