ਕਾਂਗਰਸ ਛੱਡ ‘ਆਪ’ ਦੇ ਹੋਏ ਦਿਨੇਸ਼ ਬੱਸੀ, ਪੂਰਬੀ ਹਲਕੇ ਤੋਂ ਹੋਣਗੇ ਉਮੀਦਵਾਰ! ਕਾਂਗਰਸ ਛੱਡ ‘ਆਪ’ ਦੇ ਹੋਏ ਦਿਨੇਸ਼ ਬੱਸੀ, ਪੂਰਬੀ ਹਲਕੇ ਤੋਂ ਹੋਣਗੇ ਉਮੀਦਵਾਰ!
Publish Date: Sun, 29 Nov 2026 08:31 PM (IST)
Updated Date: Mon, 30 Nov 2026 04:08 AM (IST)
ਫੋਟੋ-36 ਹਿੰਦੀ * ਯੂਥ ਕਾਂਗਰਸ ਦੀ ਪ੍ਰਧਾਨਗੀ ਤੋਂ ਟਰੱਸਟ ਦੇ ਚੇਅਰਮੈਨ ਤੱਕ ਦਾ ਸਫ਼ਰ, ਹੁਣ ਨਵੀਂ ਪਾਰਟੀ ਵਿੱਚ ਸਿਆਸੀ ਜ਼ਮੀਨ ਮਜ਼ਬੂਤ ਕਰਨ ਦੀ ਚੁਣੌਤੀ * 2012 ਤੇ 2017 ’ਚ ਪੂਰਬੀ ਹਲਕੇ ਤੋਂ ਕਾਂਗਰਸ ਟਿਕਟ ਦੇ ਸਨ ਮਜਬੂਤ ਦਾਅਵੇਦਾਰ, ਸਿੱਧੂ ਦੀ ਐਂਟਰੀ ਤੋਂ ਬਾਅਦ ਕਰਨਾ ਪੈਂਦਾ ਸੀ ਸਬਰ ਪੰਜਾਬ ਜਾਗਰਣ ਟੀਮ, ਅੰਮ੍ਰਿਤਸਰ : ਯੂਥ ਕਾਂਗਰਸ ਦੇ ਜਾਣੇ-ਪਛਾਣੇ ਚਿਹਰੇ ਰਹੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਹੁਣ ਆਮ ਆਦਮੀ ਪਾਰਟੀ ਦੇ ਹੋ ਗਏ ਹਨ। ਵਿਧਾਨ ਸਭਾ ਚੋਣ 2027 ਦੇ ਐਨ ਪਹਿਲਾਂ ਉਨ੍ਹਾਂ ਦਾ ਇਹ ਸਿਆਸੀ ਪੈਂਤਰਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਪੂਰਬੀ ਲਈ ਖਾਸੇ ਮਾਅਨੇ ਰੱਖਦਾ ਹੈ। 2012 ਤੋਂ ਉਹ ਕਾਂਗਰਸ ਟਿਕਟ ਦੇ ਮਜਬੂਤ ਦਾਅਵੇਦਾਰ ਰਹੇ ਹਨ। ਕਦੇ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੇ ਸਮੀਕਰਨ ਬਦਲੇ ਤਾਂ ਕਦੇ ਪਾਰਟੀ ਨੇ। ਹੁਣ ਉਨ੍ਹਾਂ ਦੀ ਵਿਧਾਨ ਸਭਾ ਚੋਣ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਦੇ ਵਿਚਾਲੇ ਉਨ੍ਹਾਂ ਦੇ ‘ਆਪ’ ਵਿਚ ਜਾਣ ਨਾਲ ਹੁਣ ਉਹ ‘ਆਪ’ ਦੇ ਉਮੀਦਵਾਰ ਹੋਣਗੇ ਜਾਂ ਫਿਰ ਉਨ੍ਹਾਂ ਨੂੰ ਕੋਈ ਹੋਰ ਜ਼ਿੰਮੇਵਾਰੀ ਮਿਲੇਗੀ, ਇਸ ’ਤੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੀ ਸਿਆਸਤ ਵਿਚ ਦਿਨੇਸ਼ ਬੱਸੀ ਦਾ ਸਫ਼ਰ ਕਾਂਗਰਸ ਸੰਗਠਨ ਤੋਂ ਸ਼ੁਰੂ ਹੋ ਕੇ ਸੱਤਾ ਦੇ ਗਲਿਆਰਿਆਂ ਤੱਕ ਪਹੁੰਚਿਆ। ਜ਼ਿਲ੍ਹਾ ਯੂਥ ਕਾਂਗਰਸ ਦੀ ਪ੍ਰਧਾਨਗੀ ਤੋਂ ਲੈ ਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀ ਕੁਰਸੀ ਤੱਕ ਪਹੁੰਚੇ ਬੱਸੀ ਨੇ ਸ਼ਹਿਰ ਦੀ ਸਿਆਸਤ ਵਿਚ ਆਪਣੀ ਵੱਖਰੀ ਪਛਾਣ ਬਣਾਈ। ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਬੱਸੀ ਢਾਈ ਦਹਾਕੇ ਤੋਂ ਕਾਂਗਰਸ ਵਿਚ ਸਰਗਰਮ ਰਹੇ ਹਨ। ਬੱਸੀ ਦਾ ਕਾਂਗਰਸ ਤੋਂ ‘ਆਪ’ ਤੱਕ ਦਾ ਸਫ਼ਰ ਮਹਿਜ਼ ਪਾਰਟੀ ਬਦਲਣ ਤੱਕ ਸੀਮਤ ਨਹੀਂ ਹੈ। ਹੁਣ ਉਨ੍ਹਾਂ ਦੇ ਸਾਹਮਣੇ ਨਵੀਂ ਪਾਰਟੀ ਵਿਚ ਆਪਣੀ ਸਿਆਸੀ ਭੂਮਿਕਾ ਸਥਾਪਤ ਕਰਨ ਅਤੇ ਪੂਰਬੀ ਹਲਕੇ ਵਿਚ ਆਪਣਾ ਪ੍ਰਭਾਵ ਬਣਾਏ ਰੱਖਣ ਦੀ ਚੁਣੌਤੀ ਹੋਵੇਗੀ। ਸਿੱਧੂ ਦੀ ਐਂਟਰੀ ਨਾਲ ਬਦਲੇ ਸਮੀਕਰਨ ਦਿਨੇਸ਼ ਬੱਸੀ ਸਾਲ 2000 ਤੋਂ ਕਾਂਗਰਸ ਦੀ ਸਿਆਸਤ ਵਿਚ ਸਰਗਰਮ ਹੋਏ ਸਨ। ਸਾਲ 2008 ਵਿਚ ਉਨ੍ਹਾਂ ਨੂੰ ਅੰਮ੍ਰਿਤਸਰ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ। ਇਸ ਜ਼ਿੰਮੇਵਾਰੀ ਦੇ ਨਾਲ ਉਨ੍ਹਾਂ ਨੇ ਸ਼ਹਿਰ ਦੀ ਸਿਆਸਤ ਵਿਚ ਆਪਣੀ ਪਛਾਣ ਬਣਾਈ। ਸਾਲ 2012 ਦੀ ਵਿਧਾਨ ਸਭਾ ਚੋਣ ਵਿੱਚ ਉਹ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਟਿਕਟ ਦੇ ਦਾਅਵੇਦਾਰ ਵੀ ਰਹੇ, ਪਰ ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਨਹੀਂ ਬਣਾਇਆ। ਸਾਲ 2017 ਵਿਚ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿੱਚ ਆਉਣ ਤੋਂ ਬਾਅਦ ਪੂਰਬੀ ਹਲਕੇ ਦੀ ਸਿਆਸਤ ਵਿੱਚ ਸਮੀਕਰਨ ਬਦਲ ਗਏ। ਸਿੱਧੂ ਨੂੰ ਕਾਂਗਰਸ ਦੀ ਟਿਕਟ ਮਿਲਣ ਤੋਂ ਬਾਅਦ ਬੱਸੀ ਨੇ ਪਾਰਟੀ ਦੇ ਫੈਸਲੇ ਅਨੁਸਾਰ ਉਨ੍ਹਾਂ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਵੀ ਉਹ ਹਲਕੇ ਵਿਚ ਆਪਣੀਆਂ ਸਿਆਸੀ ਗਤੀਵਿਧੀਆਂ ਜਾਰੀ ਰੱਖਦੇ ਰਹੇ। ਕੈਪਟਨ ਸਰਕਾਰ ’ਚ ਮਿਲੀ ਸੀ ਟਰੱਸਟ ਦੀ ਕਮਾਨ ਦਿਨੇਸ਼ ਬੱਸੀ ਦੇ ਸਿਆਸੀ ਸਫ਼ਰ ਵਿੱਚ ਸਭ ਤੋਂ ਮਹੱਤਵਪੂਰਨ ਪੜਾਅ 8 ਜੁਲਾਈ 2019 ਰਿਹਾ, ਜਦੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਉਨ੍ਹਾਂ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ। ਇਸ ਅਹੁਦੇ ਰਾਹੀਂ ਉਨ੍ਹਾਂ ਨੂੰ ਸ਼ਹਿਰ ਦੀਆਂ ਵਿਕਾਸ ਯੋਜਨਾਵਾਂ ਅਤੇ ਟਰੱਸਟ ਨਾਲ ਜੁੜੇ ਮਾਮਲਿਆਂ ਵਿਚ ਮਹੱਤਵਪੂਰਨ ਜ਼ਿੰਮੇਵਾਰੀ ਮਿਲੀ। ਇਸ ਦੌਰਾਨ ਵੀ ਉਨ੍ਹਾਂ ਦਾ ਫੋਕਸ ਪੂਰਬੀ ਹਲਕਾ ਜ਼ਿਆਦਾ ਰਿਹਾ, ਕਿਉਂਕਿ ਉਹ ਚੋਣ ਦਰ ਚੋਣ ਲੜਨ ਦੇ ਚਾਹਵਾਨ ਹਨ। ਹਾਲਾਕਿ ਸਤੰਬਰ 2021 ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਵਿਚ ਉਨ੍ਹਾਂ ਨੂੰ ਚੇਅਰਮੈਨ ਅਹੁਦੇ ਤੋਂ ਹਟਾ ਦਿੱਤਾ ਗਿਆ। ਜੁਲਾਈ 2022 ਵਿਚ ਟਰੱਸਟ ਦੀਆਂ ਜਾਇਦਾਦਾਂ ਨਾਲ ਸਬੰਧਤ ਕਥਿਤ ਬੇਨਿਯਮੀਆਂ ਦੇ ਮਾਮਲੇ ਵਿਚ ਵਿਜੀਲੈਂਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਇਹ ਮਾਮਲਾ ਉਨ੍ਹਾਂ ਦੇ ਸਿਆਸੀ ਸਫ਼ਰ ਦਾ ਵਿਵਾਦਿਤ ਅਧਿਆਇ ਰਿਹਾ।