ਸੰਪਰਦਾ ਡੇਰਾ ਮਿੱਠਾ ਟਿਵਾਣਾ ਵਿਖੇ ਬਰਸੀ ਸਮਾਗਮ ਕਰਵਾਏ ਸੰਪਰਦਾ ਡੇਰਾ ਮਿੱਠਾ ਟਿਵਾਣਾ ਵਿਖੇ ਸਲਾਨਾ ਬਰਸੀ ਸਮਾਗਮ ਕਰਵਾਏ
Publish Date: Sun, 29 Nov 2026 08:22 PM (IST)
Updated Date: Mon, 30 Nov 2026 04:08 AM (IST)
ਕੈਪਸ਼ਨ : ਸੇਵਾ ਪੰਥੀ ਸੰਪਰਦਾ ਡੇਰਾ ਮਿੱਠਾ ਟਿਵਾਣਾ ਵਿਖੇ ਸਲਾਨਾ ਬਰਸੀ ਸਮਾਗਮ ਮੌਕੇ ਸ਼ਖਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਬਰਸੀ ਸਮਾਗਮ ਦੌਰਾਨ ਕੀਰਤਨ ਕਰਦਾ ਰਾਗੀ ਜੱਥਾ। ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੇਵਾ ਪੰਥੀ ਸੰਪਰਦਾ ਡੇਰਾ ਮਿੱਠਾ ਟਿਵਾਣਾ ਵਿਖੇ ਸਲਾਨਾ ਬਰਸੀ ਸਮਾਗਮ ਕਰਵਾਏ ਗਏ। ਮਹੰਤ ਜਵਾਹਰ ਸਿੰਘ ਖੁੰਡੇ ਵਾਲੇ, ਮਹੰਤ ਮੋਹਕਮ ਸਿੰਘ ਅਤੇ ਮਹੰਤ ਦਇਆ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਇਨ੍ਹਾਂ ਸਮਾਗਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 13 ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਢਾਡੀ ਕਥਾਵਾਚਕ ਅਤੇ ਕਵੀਸ਼ਰ ਸਿੰਘਾਂ ਨੇ ਗੁਰਬਾਣੀ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਨੇ ਹੁਕਮਨਾਮੇ ਦੀ ਕਥਾ ਕਰਕੇ ਸੰਗਤ ਨੂੰ ਗੁਰੂ ਨਾਲ ਜੋੜਿਆ। ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਹਰਪਾਲ ਸਿੰਘ ਬਲੇਰ ਨੇ ਕਿਹਾ ਕਿ ਸੇਵਾ ਪੰਥੀ ਸੰਪਰਦਾ ਦਾ ਆਪਣਾ ਇੱਕ ਸ਼ਾਨਾ ਮਤਾ ਇਤਿਹਾਸ ਹੈ ਅਤੇ ਭਾਈ ਘਨਈਆ ਸਾਹਿਬ ਦੇ ਮਿਸ਼ਨ ਨੂੰ ਮਹੰਤ ਸੁਰਿੰਦਰ ਸਿੰਘ ਮਿੱਠੇ ਟਿਵਾਣੇ ਵਾਲੇ ਪੂਰੀ ਲਗਨ ਦੇ ਨਾਲ ਅੱਗੇ ਵਧਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਹੰਤ ਸੁਰਿੰਦਰ ਸਿੰਘ ਨੇ ਪੰਜਾਬ ਵਿੱਚ ਆਏ ਹੜਾਂ ਦੌਰਾਨ ਜੋ ਸਰਹੱਦੀ ਖੇਤਰ ਵਿੱਚ ਸੇਵਾਵਾਂ ਨਿਭਾਈਆਂ ਉਹ ਆਪਣੇ ਆਪ ਵਿਚ ਮਿਸਾਲੀ ਹਨ। ਮਹੰਤ ਸੁਰਿੰਦਰ ਸਿੰਘ ਆਪ ਮੋਢੇ ਉੱਤੇ ਰਸਦਾਂ ਲਿਆ ਕੇ ਲੋੜਵੰਦਾਂ ਤੱਕ ਪਹੁੰਚਾਉਂਦੇ ਰਹੇ, ਜੋ ਕਿ ਸੇਵਾ ਪੰਥੀਆ ਦੀ ਸੇਵਾ ਦਾ ਮੂੰਹ ਬੋਲਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਬਿਰਧ ਆਸ਼ਰਮ ਦੀ ਸੇਵਾ ਕਰਵਾ ਕੇ ਮਹੰਤ ਸੁਰਿੰਦਰ ਸਿੰਘ ਨੇ ਜਰੂਰਤਮੰਦ ਬਜ਼ੁਰਗਾਂ ਦੀ ਰਿਹਾਇਸ਼ ਤੇ ਸੁਚੱਜੇ ਪ੍ਰਬੰਧ ਕੀਤੇ ਹਨ। ਇਸ ਮੌਕੇ ਮਹੰਤ ਸੁਰਿੰਦਰ ਸਿੰਘ ਮਿੱਠਾ ਟਿਵਾਣਾ ਨੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਸਮਾਜ ਨੂੰ ਬਚਾਉਣ ਵਾਸਤੇ ਗੁਰਬਾਣੀ ਹੀ ਇੱਕ ਓਟ ਆਸਰਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਵਿਚ ਜੇਕਰ ਸਰਕਾਰਾਂ ਸੁਹਿਰਦਤਾ ਨਾਲ ਕੰਮ ਕਰਨ ਤਾਂ ਪੰਜਾਬ ਮੁੜ ਸੋਨੇ ਦੀ ਚਿੜੀ ਬਣ ਸਕਦਾ ਹੈ। ਇਸ ਮੌਕੇ ਉੱਤੇ ਮਹੰਤ ਚਮਕੌਰ ਸਿੰਘ, ਮਹੰਤ ਹਰਵਿੰਦਰ ਸਿੰਘ, ਸਤਨਾਮ ਸਿੰਘ ਸਲੂਜਾ, ਭਾਈ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।