‘ਆਪ’ ਨੇ ਪੰਜਾਬ ਨੂੰ ਗੈਂਗਸਟਰਵਾਦ ਤੇ ਨਸ਼ਿਆਂ ਹਵਾਲੇ ਕੀਤਾ: ਅਸ਼ਵਨੀ ਸ਼ਰਮਾ ‘ਆਪ’ ਨੇ ਪੰਜਾਬ ਨੂੰ ਗੈਂਗਸਟਰਵਾਦ ਤੇ ਨਸ਼ਿਆਂ ਦੇ ਹਵਾਲੇ ਕੀਤਾ: ਅਸ਼ਵਨੀ ਸ਼ਰਮਾ
Publish Date: Sun, 29 Nov 2026 07:31 PM (IST)
Updated Date: Mon, 30 Nov 2026 04:07 AM (IST)
ਕੈਪਸ਼ਨ : ਭਾਜਪਾ ਟ੍ਰੇਡ ਯੂਨੀਅਨ ਸੈੱਲ ਅੰਮ੍ਰਿਤਸਰ ਦੇ ਨਵ ਨਿਯੁਕਤ ਬਣੇ ਕੋ-ਕਨਵੀਨਰ ਰਮਨ ਕੌਸ਼ਿਕ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਅਸ਼ਵਨੀ ਸ਼ਰਮਾ ਨਾਲ ਹਨ ਨਰਿੰਦਰ ਜੌਲੀ ਤੇ ਅੰਮ੍ਰਿਤਸਰ ਟੀਮ। * ਪੰਜਾਬ ਕਨਵੀਨਰ ਅਸ਼ਵਨੀ ਸ਼ਰਮਾ ਨੇ ਰਮਨ ਕੌਸ਼ਿਕ ਨੂੰ ਸੌਂਪਿਆ ਨਿਯੁਕਤੀ ਪੱਤਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਹਲਕਾ ਪੱਛਮੀ ਪ੍ਰੀਤਮ ਸਿਟੀ ਵਿਚ ਭਾਜਪਾ ਟ੍ਰੇਡ ਯੂਨੀਅਨ ਸੈੱਲ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ’ਚ ਮੁੱਖ ਮਹਿਮਾਨ ਵਜੋਂ ਪੰਜਾਬ ਕਨਵੀਨਰ ਅਸ਼ਵਨੀ ਸ਼ਰਮਾ ਸ਼ਾਮਿਲ ਹੋਏ, ਜਦ ਕਿ ਉਨ੍ਹਾਂ ਨਾਲ ਪੰਜਾਬ ਕੋ-ਕਨਵੀਨਰ ਨਰਿੰਦਰ ਜੌਲੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਪ੍ਰੀਤਮ ਸਿਟੀ ਵਾਸੀਆਂ ਅਤੇ ਰਮਨ ਕੌਸ਼ਿਕ ਵੱਲੋਂ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਅਸ਼ਵਨੀ ਸ਼ਰਮਾ ਵੱਲੋਂ ਰਮਨ ਕੌਸ਼ਿਕ ਨੂੰ ਕੋ-ਕਨਵੀਨਰ ਅੰਮ੍ਰਿਤਸਰ ਨਿਯੁਕਤ ਕਰਦਿਆਂ ਸੇਵਾਵਾਂ ਸੌਂਪੀਆਂ ਗਈਆਂ। ਭਾਜਪਾ ਟ੍ਰੇਡ ਯੂਨੀਅਨ ਸੈੱਲ ਦੇ ਪੰਜਾਬ ਕਨਵੀਨਰ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਇਸ ਹੱਦ ਤੱਕ ਹੇਠਾਂ ਡੇਗ ਦਿੱਤਾ ਹੈ ਕਿ ਗੈਂਗਸਟਰਵਾਦ ਅਤੇ ਨਸ਼ਿਆਂ ਦੇ ਵਿਚਕਾਰ ਅੱਜ ਕੋਈ ਵੀ ਘਰ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਰਾਤ ਨੂੰ ਡਰਦੇ ਹਾਂ, ਕੋਈ ਪਟਾਕਾ ਵੀ ਚੱਲੇ ਤਾਂ ਅਜਿਹਾ ਲੱਗਦਾ ਹੈ ਜਿਵੇਂ ਗੋਲੀ ਚੱਲ ਗਈ ਹੋਵੇ। ਕੋਈ ਦਿਨ ਅਜਿਹਾ ਨਹੀਂ ਜਿਸ ਦਿਨ ਅਜਿਹੀ ਖਬਰ ਨਾ ਆਉਂਦੀ ਹੋਵੇ। ਇਹ ਉਹੀ ਦੌਰ ਹੈ ਜੋ ਅੱਤਵਾਦ ਦੇ ਦੌਰ ਵਿੱਚ ਹੁੰਦਾ ਸੀ। ਆਮ ਆਦਮੀ ਪਾਰਟੀ ਨੇ ਉਹ ਦੌਰ ਵਾਪਸ ਲਿਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ’ਤੇ ਪੌਣੇ 5 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ ਗਿਆ ਹੈ। ਵਿਕਾਸ ਹੋਵੇਗਾ ਕਿੱਥੋਂ? ਕੋਈ ਗਲੀ ਨਹੀਂ ਬਣ ਰਹੀ, ਕੋਈ ਸੜਕ ਨਹੀਂ ਬਣ ਰਹੀ, ਕੋਈ ਸਟਰੀਟ ਲਾਈਟ ਨਹੀਂ ਚੱਲ ਰਹੀ। ਜਿਨ੍ਹਾਂ ਸਾਡੀਆਂ ਭੈਣਾਂ ਨੂੰ ਇਨ੍ਹਾਂ ਨੇ ਹਜ਼ਾਰ ਰੁਪਏ ਅਤੇ 1000, 1500 ਦਿੱਤਾ ਹੈ, ਇਹ ਵੀ ਤਦ ਦਿੱਤਾ ਜਦੋਂ ਇਨ੍ਹਾਂ ਦੇ ਛੇ ਮਹੀਨੇ ਰਹਿ ਗਏ ਹਨ। ਇਕ ਕਿਸ਼ਤ ਆਈ ਹੈ, ਇੱਕ ਹੋਰ ਆ ਗਈ ਹੈ, ਅਗਲੀ ਕਿਸ਼ਤ ਤੁਹਾਨੂੰ ਆਉਣੀ ਨਹੀਂ ਕਿਉਂਕਿ ਚੋਣ ਜ਼ਾਬਤਾ ਲੱਗ ਜਾਣਾ ਹੈ। ਇਹ ਸਰਕਾਰ ਉਹ ਹੈ ਜੋ ਦਿੱਲੀ ਤੋਂ ਕੇਜਰੀਵਾਲ ਦੇ ਇਸ਼ਾਰਿਆਂ ’ਤੇ ਚੱਲਦੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਅਸੀਂ ਹਰਿਆਣਾ ਵਿਚ ਵੀ ਆਪਣੀਆਂ ਭੈਣਾਂ ਨੂੰ 2100 ਰੁਪਏ ਦਿੰਦੇ ਹਾਂ, ਆਪਣੇ ਬਜ਼ੁਰਗਾਂ ਦੀ ਪੈਨਸ਼ਨ ਵੀ 2100 ਦੀ ਹੈ। ਕੋਈ ਭੇਦਭਾਵ ਨਹੀਂ ਹੈ। ਪਹਿਲੇ ਦਿਨ ਤੋਂ ਹੀ ਜਦੋਂ ਹਰਿਆਣਾ ਵਿੱਚ ਸਰਕਾਰ ਬਣੀ, ਇਹ ਚੀਜ਼ਾਂ ਲਾਗੂ ਕਰ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਭਰਾ ਜੋ ਹਰਿਆਣਾ ਵਿਚ ਹਨ, ਉਨ੍ਹਾਂ ਨੂੰ 24 ਫਸਲਾਂ ’ਤੇ ਐਮਐਸਪੀ ਦਿੱਤੀ ਜਾ ਰਹੀ ਹੈ। ਪੰਜਾਬ ਦੀ ਸਰਕਾਰ ਨੇ ਗੁਮਰਾਹ ਕਰ ਕੇ ਸਾਡੇ ਨੌਜਵਾਨਾਂ, ਕਿਸਾਨਾਂ ਨੂੰ ਸੜਕਾਂ ’ਤੇ ਧਰਨੇ ਵੀ ਲਗਵਾਏ, ਭਾਰਤੀ ਜਨਤਾ ਪਾਰਟੀ ਦੇ ਖਿਲਾਫ਼ ਮੋਰਚੇ ਵੀ ਲਗਵਾਏ, ਪਰ ਅੰਤ ਵਿਚ ਜਿੱਤ ਸੱਚਾਈ ਦੀ ਹੋਈ ਹੈ। ਮੋਦੀ ਦਾ ਇਲਾਜ ਵਾਲਾ ਕਾਰਡ ਪੰਜਾਬ ’ਚ ਬਣਨ ਹੀ ਨਹੀਂ ਦਿੱਤਾ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਰਿੰਦਰ ਮੋਦੀ ਦਾ ਇਲਾਜ ਵਾਲਾ ਕਾਰਡ ਸੀ, ਉਹ ਇਨ੍ਹਾਂ ਨੇ ਪੰਜਾਬ ਵਿਚ ਬਣਨ ਹੀ ਨਹੀਂ ਦਿੱਤਾ। ਜਦਕਿ ਹਰਿਆਣਾ ਵਿਚ ਹਜ਼ਾਰਾਂ ਬੇਘਰਾਂ ਨੂੰ ਮਕਾਨ ਬਣਾ ਕੇ ਦਿੱਤੇ, ਕੱਚੀਆਂ ਛੱਤਾਂ ਵਾਲਿਆਂ ਨੂੰ ਡੇਢ-ਡੇਢ ਲੱਖ ਰੁਪਏ ਦਿੱਤੇ ਗਏ। ਨਵ-ਨਿਯੁਕਤ ਬਣੇ ਅੰਮ੍ਰਿਤਸਰ ਕੋ-ਕਨਵੀਨਰ ਰਮਨ ਕੌਸ਼ਿਕ ਵੱਲੋਂ ਹਾਈਕਮਾਨ ਅਤੇ ਅਸ਼ਵਨੀ ਸ਼ਰਮਾ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਤਨ-ਮਨ ਨਾਲ ਨਿਭਾਵਾਂਗਾ। ਇਸ ਮੌਕੇ ਉਮੇਸ਼ ਭਾਟੀਆ ਐਗਜ਼ੀਕਿਊਟਿਵ ਮੈਂਬਰ ਪੰਜਾਬ, ਮੋਤੀ ਲਾਲ ਧਮਾਕਾ ਐਗਜ਼ੀਕਿਊਟਿਵ ਮੈਂਬਰ ਪੰਜਾਬ, ਰਵੀ ਪਹਿਲਵਾਨ ਕੋ-ਕਨਵੀਨਰ ਅੰਮ੍ਰਿਤਸਰ ਸ਼ਹਿਰੀ ਤੋਂ ਇਲਾਵਾ ਇਲਾਕਾ ਵਾਸੀ ਅਮਨ ਕੁਮਾਰ, ਚਰਨਜੀਤ ਸਿੰਘ, ਕੁਲਦੀਪ ਸਿੰਘ, ਉਮਰ ਗੁਲ, ਬਾਕੀ ਰਹਿਮਾਨ ਸਾਹਿਬ, ਮਾਧ ਪੁਰੀ, ਗਿਆਨ ਸਿੰਘ, ਗਗਨ ਸਿੰਘ, ਅਮਰੀਕ ਸਿੰਘ, ਮਦਨ ਸਿੰਘ, ਸੁਰਜੀਤ ਸਿੰਘ ਸਹਿਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ।