ਤਿੰਨ ਸਾਲ ਦਾ ਇੰਤਜ਼ਾਰ ਖਤਮ : ਨਵੇਂ ਸਾਲ ’ਤੇ ‘ਰੀਗੋ ਬ੍ਰਿਜ’ ਤੋਂ ਦੌੜਣਗੇ ਵਾਹਨ ਤਿੰਨ ਸਾਲ ਦਾ ਇੰਤਜ਼ਾਰ ਖਤਮ : ਨਵੇਂ ਸਾਲ ’ਤੇ ‘ਰੀਗੋ ਬ੍ਰਿਜ’ ਤੋਂ ਦੌੜਣਗੇ ਵਾਹਨ
Publish Date: Sun, 29 Nov 2026 07:24 PM (IST)
Updated Date: Mon, 30 Nov 2026 04:06 AM (IST)
* ਪਹਿਲਾਂ ਦੋ ਮਾਰਗੀ ਟ੍ਰੈਫਿਕ ਚਾਲੂ ਹੋਵੇਗੀ; ਸ਼ਹਿਰ ਵਾਸੀਆਂ ਨੂੰ ਮਿਲੇਗੀ ਰਾਹਤ * ਤਿੰਨ ਸਾਲ ਬਾਅਦ ਖ਼ਤਮ ਹੋਵੇਗੀ ਸ਼ਹਿਰ ਵਾਸੀਆਂ ਦੀ ਉਡੀਕ, ਦਸੰਬਰ ਅੰਤ ਤੱਕ ਰੇਲਵੇ ਟਰੈਕ ਉੱਪਰ ਸਟੀਲ ਗਾਰਡਰ ਅਸੈਂਬਲਿੰਗ ਦਾ ਕੰਮ ਹੋਵੇਗਾ ਪੂਰਾ * ਰੇਲਵੇ ਟਰੈਕ ਦੇ ਉੱਪਰ ਸਟੀਲ ਗਾਰਡਰ ਅਸੈਂਬਲਿੰਗ ਦਾ ਕੰਮ ਸ਼ੁਰੂ, ਦਸੰਬਰ ਦੇ ਅਖੀਰ ਤੱਕ ਮੁਕੰਮਲ ਹੋਵੇਗਾ ਫੋਟੋ : 14,15,16 ਹਿੰਦੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼ਹਿਰ ਵਾਸੀਆਂ ਦੀ ਤਿੰਨ ਸਾਲ ਲੰਬੀ ਉਡੀਕ ਹੁਣ ਖ਼ਤਮ ਹੋਣ ਜਾ ਰਿਹਾ ਹੈ। ਨਵੇਂ ਸਾਲ ’ਤੇ ਰੀਗੋ ਬ੍ਰਿਜ ਤੋਂ ਵਾਹਨਾਂ ਦੀ ਆਵਾਜਾਈ ਸ਼ੁਰੂ ਹੋਣ ਦੀ ਉਮੀਦ ਹੈ। ਹਾਲਾਂਕਿ ਸ਼ੁਰੂਆਤ ’ਚ ਪੁਲ਼ ਦੀ ਇਕ ਪਾਸੇ ਦੀ ਦੋ ਮਾਰਗੀ ਹੀ ਟ੍ਰੈਫਿਕ ਲਈ ਖੋਲ੍ਹੀ ਜਾਵੇਗੀ। ਬਾਕੀ ਦੋ ਮਾਰਗੀ ਦਾ ਨਿਰਮਾਣ ਜਨਵਰੀ ਤੋਂ ਅਪ੍ਰੈਲ 2027 ਤੱਕ ਪੂਰਾ ਕਰਨ ਦਾ ਟੀਚਾ ਹੈ। ਇਸ ਮਗਰੋਂ ਸ਼ਹਿਰ ਵਾਸੀਆਂ ਨੂੰ ਪੂਰੀ ਤਰ੍ਹਾਂ ਤਿਆਰ ਚਾਰ ਮਾਰਗੀ ਰੀਗੋ ਬ੍ਰਿਜ ਦੀ ਸਹੂਲਤ ਮਿਲੇਗੀ। ਪੁਲ ਦੇ ਨਿਰਮਾਣ ਕਾਰਜ ਨੇ ਹੁਣ ਰਫ਼ਤਾਰ ਫੜ ਲਈ ਹੈ। ਦੋਵੇਂ ਪਾਸੇ ਦੇ ਰੈਂਪ ਨੂੰ ਆਪਸ ਵਿਚ ਜੋੜਣ ਅਤੇ ਰੇਲਵੇ ਟਰੈਕ ਦੇ ਉੱਪਰ ਪੁਲ ਦਾ ਢਾਂਚਾ ਤਿਆਰ ਕਰਨ ਲਈ ਸਟੀਲ ਗਾਰਡਰ ਦੀ ਅਸੈਂਬਲਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਰੇਲਵੇ ਵਿਭਾਗ ਅਨੁਸਾਰ, ਦਸੰਬਰ ਦੇ ਅੰਤ ਤੱਕ ਇਹ ਕੰਮ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਜਨਵਰੀ 2027 ਵਿੱਚ ਪੁਲ ਦੇ ਇੱਕ ਹਿੱਸੇ ’ਤੇ ਦੋ ਮਾਰਗੀ ਟ੍ਰੈਫਿਕ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸ਼ਹਿਰ ਦੀ ਆਵਾਜਾਈ ਵਿਵਸਥਾ ਨੂੰ ਮਿਲੇਗੀ ਰਾਹਤ ਰੀਗੋ ਬ੍ਰਿਜ ਨੂੰ ਸ਼ਹਿਰ ਦੀ ਲਾਈਫ ਲਾਈਨ ਮੰਨਿਆ ਜਾਂਦਾ ਹੈ। ਪਿਛਲੇ ਤਿੰਨ ਸਾਲਾਂ ਤੋਂ ਇਸ ਦੇ ਬੰਦ ਰਹਿਣ ਕਾਰਨ ਅੰਦਰੂਨੀ ਸ਼ਹਿਰ ਅਤੇ ਜੀਟੀ ਰੋਡ ਦੇ ਵਿਚਕਾਰ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਬਦਲਵੇਂ ਰਸਤਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਵਾਹਨ ਚਾਲਕਾਂ ਨੂੰ ਪੁਤਲੀਘਰ, ਹਾਲ ਗੇਟ ਅਤੇ ਹੋਰ ਰਸਤਿਆਂ ਤੋਂ ਲੰਮਾ ਚੱਕਰ ਲਗਾਉਣਾ ਪੈਂਦਾ ਹੈ। ਇਸ ਨਾਲ ਨਾ ਕੇਵਲ ਸਮੇਂ ਦੀ ਬਰਬਾਦੀ ਹੁੰਦੀ ਹੈ, ਸਗੋਂ ਭੰਡਾਰੀ ਪੁਲ, 22 ਨੰਬਰ ਰੇਲਵੇ ਫਾਟਕ, ਪੁਤਲੀਘਰ ਅਤੇ ਨੂਰੇ ਸ਼ਾਹ (ਇਸਲਾਮਾਬਾਦ) ਫਾਟਕ ’ਤੇ ਵੀ ਟ੍ਰੈਫਿਕ ਦਾ ਦਬਾਅ ਵਧਿਆ ਹੈ। ਰੀਗੋ ਬ੍ਰਿਜ ਸ਼ੁਰੂ ਹੋਣ ਨਾਲ ਇਨ੍ਹਾਂ ਰਸਤਿਆਂ ’ਤੇ ਵਾਹਨਾਂ ਦਾ ਦਬਾਅ ਘੱਟ ਹੋਵੇਗਾ। ਖਾਸ ਕਰਕੇ ਰੇਲਵੇ ਸਟੇਸ਼ਨ, ਜੀਟੀ ਰੋਡ ਅਤੇ ਅੰਦਰੂਨੀ ਸ਼ਹਿਰ ਦੇ ਵਿਚਕਾਰ ਆਉਣ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਦਾ ਫਾਇਦਾ ਸਥਾਨਕ ਨਿਵਾਸੀਆਂ ਦੇ ਨਾਲ-ਨਾਲ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ’ਤੇ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਵੀ ਮਿਲੇਗਾ। ਕਰੀਬ 50 ਕਰੋੜ ਨਾਲ ਬਣ ਰਿਹਾ ਚਾਰ ਮਾਰਗੀ ਪੁਲ਼ ਕਰੀਬ 100 ਸਾਲ ਪੁਰਾਣੇ ਰੀਗੋ ਬ੍ਰਿਜ ਦੀ ਥਾਂ ਲਗਭਗ 50 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਚਾਰ ਮਾਰਗੀ ਪੁਲ ਬਣਾਇਆ ਜਾ ਰਿਹਾ ਹੈ। ਅਕਤੂਬਰ 2023 ਵਿਚ ਇਸ ਦਾ ਨਿਰਮਾਣ ਕਾਰਜ ਸ਼ੁਰੂ ਹੋਇਆ ਸੀ। ਇਸ ਨੂੰ ਦੋ ਸਾਲ ਵਿਚ ਪੂਰਾ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਸੀ, ਪਰ ਵੱਖ-ਵੱਖ ਵਿਭਾਗਾਂ ਤੋਂ ਮਨਜ਼ੂਰੀਆਂ ਲੈਣ ਅਤੇ ਹੋਰ ਅੜਚਣਾਂ ਕਾਰਨ ਕੰਮ ਵਿਚ ਲਗਾਤਾਰ ਦੇਰੀ ਹੁੰਦੀ ਰਹੀ। ਇਸ ਦੇਰੀ ਦਾ ਖਮਿਆਜ਼ਾ ਸ਼ਹਿਰ ਵਾਸੀਆਂ ਨੂੰ ਤਿੰਨ ਸਾਲ ਤੱਕ ਟ੍ਰੈਫਿਕ ਸਮੱਸਿਆਵਾਂ ਦੇ ਰੂਪ ਵਿੱਚ ਭੁਗਤਣਾ ਪਿਆ। ਹੁਣ ਨਿਰਮਾਣ ਕਾਰਜ ਅੰਤਿਮ ਪੜਾਅ ਵਿਚ ਪਹੁੰਚ ਚੁੱਕਾ ਹੈ। ਰੇਲਵੇ ਟਰੈਕ ਦੇ ਉੱਪਰ ਸਟੀਲ ਗਾਰਡਰ ਲਗਾਉਣ ਦਾ ਕੰਮ ਪੂਰਾ ਹੋਣ ਤੋਂ ਬਾਅਦ ਪਹਿਲੇ ਪੜਾਅ ਵਿਚ ਦੋ ਮਾਰਗੀ ਲਾਈਨ ਸ਼ੁਰੂ ਹੋਵੇਗੀ। ਬਾਕੀ ਹਿੱਸੇ ਦਾ ਕੰਮ ਅਪ੍ਰੈਲ 2027 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਪੂਰਾ ਪੁਲ ਚਾਲੂ ਹੋਣ ਤੋਂ ਬਾਅਦ ਸ਼ਹਿਰ ਦੀ ਆਵਾਜਾਈ ਵਿਵਸਥਾ ਨੂੰ ਨਵੀਂ ਗਤੀ ਮਿਲੇਗੀ ਅਤੇ ਭਵਿੱਖ ਵਿਚ ਵਧਦੇ ਟ੍ਰੈਫਿਕ ਦਬਾਅ ਨਾਲ ਨਜਿੱਠਣ ਵਿੱਚ ਵੀ ਮਦਦ ਮਿਲੇਗੀ। ਸ਼ਹਿਰ ਵਾਸੀਆਂ ਦੀ ਜ਼ੁਬਾਨੀ, ਤਿੰਨ ਸਾਲ ਦੀ ਪਰੇਸ਼ਾਨੀ ਹੁਣ 15 ਮਿੰਟ ’ਚ ਪਹੁੰਚ ਸਕਣਗੇ ਦੁਕਾਨ, ਹੁਣ ਲੱਗਦਾ ਹੈ ਪੌਣਾ ਘੰਟਾ ਮੈਂ ਰੇਲਵੇ ਸਟੇਸ਼ਨ ’ਤੇ ਇਕ ਸਟਾਲ ਵਿੱਚ ਕੰਮ ਕਰਦਾ ਹਾਂ। ਰੀਗੋ ਬ੍ਰਿਜ ਬੰਦ ਹੋਣ ਕਾਰਨ ਪਿਛਲੇ ਤਿੰਨ ਸਾਲ ਤੋਂ ਰੋਜ਼ਾਨਾ ਕਰੀਬ ਪੰਜ ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰ ਕੇ ਪੁਤਲੀਘਰ ਜਾਂ ਹਾਲ ਗੇਟ ਦੇ ਰਸਤੇ ਆਉਣਾ-ਜਾਣਾ ਪੈ ਰਿਹਾ ਹੈ। ਪੁਲ ਸ਼ੁਰੂ ਹੋਣ ਨਾਲ ਵੱਡੀ ਰਾਹਤ ਮਿਲੇਗੀ। ਘਰ ਤੋਂ ਦੁਕਾਨ ਤੱਕ ਦਾ ਸਫ਼ਰ ਮਹਿਜ਼ 15 ਮਿੰਟ ਵਿੱਚ ਪੂਰਾ ਹੋ ਸਕੇਗਾ, ਜਦਕਿ ਹੁਣ ਟ੍ਰੈਫਿਕ ਕਾਰਨ ਕਰੀਬ ਪੌਣਾ ਘੰਟਾ ਲੱਗ ਜਾਂਦਾ ਹੈ। (ਮਨੀਸ਼ ਕੁਮਾਰ, ਡੈਮਗੰਜ) ਦੇਰ ਆਏ ਦਰੁਸਤ ਆਏ, ਹੁਣ ਬਦਲਵੇਂ ਰਸਤਿਆਂ ’ਤੇ ਨਹੀਂ ਭਟਕਣਾ ਪਵੇਗਾ ਰੀਗੋ ਬ੍ਰਿਜ ਸ਼ਹਿਰ ਦੀ ਲਾਈਫ ਲਾਈਨ ਹੈ। ਰੇਲਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਪਤਾ ਸੀ ਕਿ ਇਸ ਦੇ ਬੰਦ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਹੋਵੇਗੀ ਅਤੇ ਦੂਜੇ ਰਸਤਿਆਂ ’ਤੇ ਟ੍ਰੈਫਿਕ ਦਾ ਦਬਾਅ ਵਧੇਗਾ। ਇਸ ਦੇ ਬਾਵਜੂਦ ਨਿਰਮਾਣ ਕਾਰਜ ਵਿਚ ਤਿੰਨ ਸਾਲ ਲੱਗ ਗਏ। ਖੈਰ, ਦੇਰ ਆਏ ਦਰੁਸਤ ਆਏ। ਸ਼ੁਰੂਆਤ ਵਿਚ ਭਾਵੇਂ ਦੋ ਮਾਰਗੀ ਸ਼ੁਰੂ ਹੋ ਰਹੀ ਹੈ, ਪਰ ਇਸ ਨਾਲ ਲੋਕਾਂ ਨੂੰ ਬਦਲਵੇਂ ਰਸਤਿਆਂ ’ਤੇ ਭਟਕਣ ਤੋਂ ਰਾਹਤ ਮਿਲੇਗੀ। ਲੋਕ ਪਹਿਲਾਂ ਵਾਂਗ ਘੱਟ ਸਮੇਂ ਵਿੱਚ ਆਪਣੇ ਮੰਜ਼ਿਲ ਤੱਕ ਪਹੁੰਚ ਸਕਣਗੇ। (ਬਲਦੇਵ ਰਾਜ ਸ਼ਰਮਾ, ਵੱਡਾ ਹਰੀਪੁਰਾ) ਅਪ੍ਰੈਲ 2027 ਤੱਕ ਪੂਰਾ ਹੋਵੇਗਾ ਚਾਰ ਮਾਰਗੀ ਪੁਲ ਰੀਗੋ ਬ੍ਰਿਜ ਨੂੰ ਜਲਦੀ ਚਾਲੂ ਕਰਵਾਉਣ ਲਈ ਰੇਲਵੇ ਪ੍ਰਸ਼ਾਸਨ ਗੰਭੀਰ ਹੈ। ਸਬੰਧਤ ਠੇਕੇਦਾਰ ਨੂੰ ਨਿਰਧਾਰਿਤ ਸਮੇਂ ਵਿਚ ਨਿਰਮਾਣ ਕਾਰਜ ਪੂਰਾ ਕਰਨ ਦੀ ਹਦਾਇਤ ਦਿੱਤੀ ਗਈ ਹੈ। ਜਨਵਰੀ 2027 ਵਿਚ ਪੁਲ ਦੀ ਦੋ ਮਾਰਗੀ ’ਤੇ ਟ੍ਰੈਫਿਕ ਸ਼ੁਰੂ ਕਰਨ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਬਾਕੀ ਦੋ ਮਾਰਗੀ ਦਾ ਕੰਮ ਜਲਦੀ ਪੂਰਾ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਅਪ੍ਰੈਲ 2027 ਤੱਕ ਨਵਾਂ ਚਾਰ ਮਾਰਗੀ ਰੀਗੋ ਬ੍ਰਿਜ ਪੂਰੀ ਤਰ੍ਹਾਂ ਤਿਆਰ ਹੋਣ ਦੀ ਉਮੀਦ ਹੈ। (ਪਰਮਦੀਪ ਸਿੰਘ ਸੈਣੀ, ਸੀਨੀਅਰ ਡੀਸੀਐਮ, ਫਿਰੋਜ਼ਪੁਰ ਮੰਡਲ)