ਨੌਕਰੀ ਸਿਰਫ਼ ਅਧਿਕਾਰ ਨਹੀਂ, ਸਗੋਂ ਜ਼ਿੰਮੇਵਾਰੀ ਵੀ ਹੈ : ਡਾ. ਰੀਨਾ ਤਲਵਾੜ ਨੌਕਰੀ ਸਿਰਫ਼ ਅਧਿਕਾਰ ਨਹੀਂ, ਸਗੋਂ ਜ਼ਿੰਮੇਵਾਰੀ ਵੀ ਹੈ :ਡਾ. ਰੀਨਾ ਤਲਵਾੜ
Publish Date: Sun, 29 Nov 2026 06:40 PM (IST)
Updated Date: Mon, 30 Nov 2026 04:05 AM (IST)
* ਕਿਹਾ, ਸੰਸਥਾ ਦੇ ਵਿਕਾਸ ਲਈ ਫ਼ਰਜ਼ ਪ੍ਰਤੀ ਨਿਸ਼ਠਾ, ਸਮਰਪਣ ਤੇ ਟੀਮ ਭਾਵਨਾ ਜ਼ਰੂਰੀ ਫੋਟੋ-31 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕਿਸੇ ਵੀ ਸੰਸਥਾ, ਸੰਗਠਨ ਜਾਂ ਕਾਰਜ ਸਥਾਨ ਦੀ ਅਸਲ ਪਹਿਚਾਣ ਸਿਰਫ਼ ਉਸ ਦੇ ਸਾਧਨਾਂ ਤੇ ਪ੍ਰਾਪਤੀਆਂ ਨਾਲ ਨਹੀਂ, ਸਗੋਂ ਉਸ ਨਾਲ ਜੁੜੇ ਲੋਕਾਂ ਦੀ ਕਾਰਜਸ਼ੈਲੀ, ਨਿਸ਼ਠਾ ਤੇ ਸਮੂਹਿਕ ਸੋਚ ਨਾਲ ਬਣਦੀ ਹੈ। ਕਿਸੇ ਵੀ ਸੰਸਥਾ ਦੀ ਤਰੱਕੀ ’ਚ ਹਰ ਵਿਅਕਤੀ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਇਸ ਲਈ ਨੌਕਰੀ ਨੂੰ ਸਿਰਫ਼ ਰੋਜ਼ੀ-ਰੋਟੀ ਦਾ ਸਾਧਨ ਨਾ ਸਮਝ ਕੇ ਇਕ ਜ਼ਿੰਮੇਵਾਰੀ ਅਤੇ ਨੈਤਿਕ ਫ਼ਰਜ਼ ਵਜੋਂ ਦੇਖਣਾ ਜ਼ਰੂਰੀ ਹੈ। ਇਹ ਪ੍ਰਗਟਾਵਾ ਸ਼ਹਿਜਾਦਾਨੰਦ ਕਾਲਜ ਦੀ ਪ੍ਰਿੰਸੀਪਲ ਡਾ. ਰੀਨਾ ਤਲਵਾੜ ਨੇ ਕੀਤਾ। ਉਨ੍ਹਾਂ ਕਿਹਾ ਕਿ ਨੌਕਰੀ ਪ੍ਰਾਪਤ ਕਰਨਾ ਕਿਸੇ ਵਿਅਕਤੀ ਦੀ ਯੋਗਤਾ ਅਤੇ ਮਿਹਨਤ ਦਾ ਨਤੀਜਾ ਹੁੰਦਾ ਹੈ, ਪਰ ਉਸ ਅਹੁਦੇ ਨਾਲ ਜੁੜੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣਾ ਵੀ ਉਨਾਂ ਹੀ ਮਹੱਤਵਪੂਰਨ ਹੈ। ਅਕਸਰ ਕਾਰਜ ਖੇਤਰ ਵਿੱਚ ਨਿੱਜੀ ਸਹੂਲਤਾਂ ਅਤੇ ਅਧਿਕਾਰਾਂ ਨੂੰ ਪਹਿਲ ਦਿੱਤੀ ਜਾਂਦੀ ਹੈ, ਜਦਕਿ ਸਮੂਹਿਕ ਉਦੇਸ਼ਾਂ ਅਤੇ ਸੰਸਥਾ ਦੇ ਹਿੱਤਾਂ ਨੂੰ ਲੋੜੀਂਦੀ ਮਹੱਤਤਾ ਨਹੀਂ ਮਿਲਦੀ। ਇੱਕ ਸਿਹਤਮੰਦ ਕਾਰਜ ਸੱਭਿਆਚਾਰ ਲਈ ਇਸ ਸੋਚ ਵਿੱਚ ਸਕਾਰਾਤਮਕ ਤਬਦੀਲੀ ਲਿਆਉਣੀ ਜ਼ਰੂਰੀ ਹੈ। ਇਸ ਸੰਦਰਭ ਵਿੱਚ ਕੁਝ ਮਹੱਤਵਪੂਰਨ ਪਹਿਲੂਆਂ ਵੱਲ ਧਿਆਨ ਦੇਣਾ ਜ਼ਰੂਰੀ ਹੈ। ਅਧਿਕਾਰਾਂ ਦੇ ਨਾਲ ਫ਼ਰਜ਼ਾਂ ਦਾ ਸਤਿਕਾਰ, ਹਰੇਕ ਵਿਅਕਤੀ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਆਪਣੇ ਫ਼ਰਜ਼ਾਂ ਨੂੰ ਵੀ ਪੂਰੀ ਨਿਸ਼ਠਾ ਨਾਲ ਨਿਭਾਉਣਾ ਚਾਹੀਦਾ ਹੈ। ਸੰਸਥਾ ਪ੍ਰਤੀ ਆਪਣਾਪਣ, ਜਿਸ ਸੰਸਥਾ ਤੋਂ ਸਾਨੂੰ ਪਹਿਚਾਣ, ਤਜ਼ਰਬਾ ਅਤੇ ਰੋਜ਼ੀ-ਰੋਟੀ ਮਿਲਦੀ ਹੈ, ਉਸ ਦੇ ਵਿਕਾਸ ਅਤੇ ਮਾਣ-ਸਨਮਾਨ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣਾ ਚਾਹੀਦਾ ਹੈ। ਜਵਾਬਦੇਹੀ ਦੀ ਭਾਵਨਾ, ਆਪਣੀਆਂ ਜ਼ਿੰਮੇਵਾਰੀਆਂ ਨੂੰ ਟਾਲਣ ਜਾਂ ਦੂਜਿਆਂ ਉੱਤੇ ਪਾਉਣ ਦੀ ਬਜਾਏ ਸਮੇਂ ਸਿਰ ਕੰਮ ਪੂਰਾ ਕਰਨਾ ਅਤੇ ਸਮੱਸਿਆਵਾਂ ਦੇ ਹੱਲ ਵਿੱਚ ਯੋਗਦਾਨ ਪਾਉਣਾ ਜ਼ਰੂਰੀ ਹੈ। ਨਿੱਜੀ ਸਵਾਰਥ ਤੋਂ ਉੱਪਰ ਸਮੂਹਿਕ ਹਿੱਤ, ਕਿਸੇ ਵੀ ਸੰਸਥਾ ਦੀ ਸਫ਼ਲਤਾ ਤਾਂ ਹੀ ਸੰਭਵ ਹੈ, ਜਦੋਂ ਵਿਅਕਤੀ ਆਪਣੇ ਨਿੱਜੀ ਹਿੱਤਾਂ ਦੇ ਨਾਲ-ਨਾਲ ਸੰਸਥਾ ਦੇ ਵਡੇਰੇ ਉਦੇਸ਼ਾਂ ਨੂੰ ਵੀ ਮਹੱਤਵ ਦੇਵੇ। ਟੀਮ ਭਾਵਨਾ ਅਤੇ ਆਪਸੀ ਸਹਿਯੋਗ, ਕੋਈ ਵੀ ਸੰਸਥਾ ਸਿਰਫ਼ ਇੱਕ ਵਿਅਕਤੀ ਦੇ ਯਤਨਾਂ ਨਾਲ ਅੱਗੇ ਨਹੀਂ ਵਧ ਸਕਦੀ। ਸਮੂਹਿਕ ਯਤਨ, ਆਪਸੀ ਸਤਿਕਾਰ ਅਤੇ ਸਹਿਯੋਗ ਹੀ ਸਫ਼ਲਤਾ ਦੀ ਮਜ਼ਬੂਤ ਨੀਂਹ ਹਨ। ਸਕਾਰਾਤਮਕ ਸੋਚ ਅਤੇ ਰਚਨਾਤਮਕ ਯੋਗਦਾਨ, ਕਮੀਆਂ ਦੀ ਸਿਰਫ਼ ਆਲੋਚਨਾ ਕਰਨ ਦੀ ਬਜਾਇ ਸੁਧਾਰ ਲਈ ਸੁਝਾਅ ਦੇਣਾ ਅਤੇ ਸਮੱਸਿਆਵਾਂ ਦੇ ਹੱਲ ਦਾ ਹਿੱਸਾ ਬਣਨਾ ਇੱਕ ਜ਼ਿੰਮੇਵਾਰ ਕਾਰਜ ਸੱਭਿਆਚਾਰ ਦੀ ਪਹਿਚਾਣ ਹੈ। ਅਨੁਸ਼ਾਸਨ ਅਤੇ ਕੰਮ ਪ੍ਰਤੀ ਨਿਸ਼ਠਾ, ਸਮੇਂ ਦੀ ਪਾਬੰਦੀ, ਪਾਰਦਰਸ਼ਤਾ, ਇਮਾਨਦਾਰੀ ਅਤੇ ਕੰਮ ਦੀ ਗੁਣਵੱਤਾ ਕਿਸੇ ਵੀ ਸੰਸਥਾ ਦੀ ਭਰੋਸੇਯੋਗਤਾ ਅਤੇ ਤਰੱਕੀ ਦੇ ਮਹੱਤਵਪੂਰਨ ਆਧਾਰ ਹਨ। ਡਾ. ਰੀਨਾ ਤਲਵਾੜ ਨੇ ਕਿਹਾ ਕਿ ਤਬਦੀਲੀ ਦੀ ਸ਼ੁਰੂਆਤ ਆਪਣੇ ਆਪ ਤੋਂ ਹੋਣੀ ਚਾਹੀਦੀ ਹੈ। ਸਾਨੂੰ ਸਮੇਂ-ਸਮੇਂ ਤੇ ਆਪਣੇ ਆਪ ਤੋਂ ਇਹ ਸਵਾਲ ਜ਼ਰੂਰ ਕਰਨਾ ਚਾਹੀਦਾ ਹੈ ਕਿ ਜਿਸ ਕਾਰਜ ਸਥਾਨ ਨਾਲ ਅਸੀਂ ਜੁੜੇ ਹੋਏ ਹਾਂ, ਉਸ ਦੇ ਵਿਕਾਸ ਵਿੱਚ ਸਾਡਾ ਅਸਲ ਯੋਗਦਾਨ ਕੀ ਹੈ? ਕੀ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਿਰਫ਼ ਇੱਕ ਰਸਮੀ ਕਾਰਵਾਈ ਸਮਝ ਕੇ ਪੂਰਾ ਕਰਦੇ ਹਾਂ ਜਾਂ ਉਨ੍ਹਾਂ ਨੂੰ ਆਪਣਾ ਨੈਤਿਕ ਫ਼ਰਜ਼ ਮੰਨ ਕੇ ਨਿਭਾਉਂਦੇ ਹਾਂ? ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿਸੇ ਸੰਸਥਾ ਦੀ ਤਰੱਕੀ ਅਤੇ ਉਸ ਨਾਲ ਜੁੜੇ ਲੋਕਾਂ ਦੀ ਤਰੱਕੀ ਇੱਕ-ਦੂਜੇ ਦੀਆਂ ਪੂਰਕ ਹਨ। ਜਦੋਂ ਸੰਸਥਾ ਅੱਗੇ ਵਧਦੀ ਹੈ ਤਾਂ ਉਸ ਨਾਲ ਜੁੜੇ ਹਰੇਕ ਵਿਅਕਤੀ ਦੀ ਪਹਿਚਾਣ ਅਤੇ ਮਾਣ-ਸਨਮਾਨ ਵਿੱਚ ਵੀ ਵਾਧਾ ਹੁੰਦਾ ਹੈ। ਅੰਤ ਵਿਚ ਡਾ. ਰੀਨਾ ਤਲਵਾੜ ਨੇ ਕਿਹਾ ਕਿ ਇਕ ਆਦਰਸ਼ ਕਾਰਜ ਸੱਭਿਆਚਾਰ ਦੀ ਸਿਰਜਣਾ ਤਾਂ ਹੀ ਸੰਭਵ ਹੈ, ਜਦੋਂ ਅਸੀਂ ਮੈਂ ਦੀ ਭਾਵਨਾ ਤੋਂ ਉੱਪਰ ਉੱਠ ਕੇ ਅਸੀਂ ਦੀ ਸੋਚ ਵਿਕਸਿਤ ਕਰੀਏ। ਕਿਸੇ ਵੀ ਸੰਸਥਾ ਨੂੰ ਮਹਾਨ ਬਣਾਉਣ ਦਾ ਸਿਹਰਾ ਸਿਰਫ਼ ਉਸ ਦੀ ਅਗਵਾਈ ਕਰਨ ਵਾਲੇ ਵਿਅਕਤੀਆਂ ਨੂੰ ਹੀ ਨਹੀਂ, ਸਗੋਂ ਉਸ ਨਾਲ ਜੁੜੇ ਹਰੇਕ ਵਿਅਕਤੀ ਦੀ ਨਿਸ਼ਠਾ, ਸਮਰਪਣ ਅਤੇ ਸਮੂਹਿਕ ਯਤਨਾਂ ਨੂੰ ਜਾਂਦਾ ਹੈ। ਕਿਉਂਕਿ ਨੌਕਰੀ ਸਿਰਫ਼ ਤਨਖ਼ਾਹ ਪ੍ਰਾਪਤ ਕਰਨ ਦਾ ਸਾਧਨ ਨਹੀਂ, ਸਗੋਂ ਆਪਣੀ ਯੋਗਤਾ, ਇਮਾਨਦਾਰੀ ਅਤੇ ਜ਼ਿੰਮੇਵਾਰੀ ਨੂੰ ਸਾਬਤ ਕਰਨ ਦਾ ਇੱਕ ਮੌਕਾ ਵੀ ਹੈ।