ਵੱਧ ਰਹੀ ਮਹਿੰਗਾਈ ਦੀ ਮਾਰ ਨੇ ਵਿਗਾੜਿਆ ਆਮ ਲੋਕਾਂ ਦੀ ਰਸੋਈ ਦਾ ਬਜਟ ਵੱਧ ਰਹੀ ਮਹਿੰਗਾਈ ਦੀ ਮਾਰ ਨੇ ਵਿਗਾੜਿਆ ਆਮ ਲੋਕਾਂ ਦੀ ਰਸੋਈ ਦਾ 'ਬਜਟ'
Publish Date: Sun, 29 Nov 2026 06:22 PM (IST)
Updated Date: Mon, 30 Nov 2026 04:05 AM (IST)
* ਸਰ੍ਹੋਂ ਦਾ ਤੇਲ, ਪਿਆਜ਼, ਲਸਣ ਤੇ ਹੋਰ ਸਬਜ਼ੀਆਂ ਤੇ ਰਸੋਈ ਦੀਆਂ ਚੀਜਾਂ ਹੋਈਆਂ ਮਹਿੰਗੀਆਂ ਫੋਟੋ-26 ਤੋਂ 30 ਕੈਪਸ਼ਨ : ਸੰਦੀਪ ਕੌਰ ਰੰਧਾਵਾ। ਸ਼੍ਰੀਮਤੀ ਕਮਲ। ਗੀਤਾ ਭੱਟੀ। ਦਿਵਿਆ ਅਰੋੜਾ। ਮਿਨਾਕਸ਼ੀ ਖੇਮਕਾ। ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਹਿੰਗਾਈ ਦੀ ਮਾਰ ਨਾਲ ਆਮ ਲੋਕਾਂ ਦੀ ਰਸੋਈ ਦਾ ਬਜਟ ਲਗਾਤਾਰ ਵਿਗੜ ਰਿਹਾ ਹੈ। ਪਿਛਲੇ ਇਕ ਮਹੀਨੇ ’ਚ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ’ਚ 40 ਰੁਪਏ ਪ੍ਰਤੀ ਲੀਟਰ ਤੋਂ ਵੱਧ ਦਾ ਵਾਧਾ ਹੋਇਆ ਹੈ। ਉੱਥੇ ਹੀ ਸਰਦੀਆਂ ’ਚ ਲੋਕਲ ਸਬਜ਼ੀਆਂ ਦੀ ਆਮਦ ਵਧਣ ਨਾਲ ਹਰੀਆਂ ਸਬਜ਼ੀਆਂ ਦੇ ਭਾਅ ਵਿਚ ਕੁਝ ਰਾਹਤ ਮਿਲੀ ਹੈ, ਪਰ ਪਿਆਜ਼, ਟਮਾਟਰ ਅਤੇ ਲਸਣ ਦੀਆਂ ਕੀਮਤਾਂ ਵਿਚ ਤੇਜ਼ੀ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਗਵਾਲਮੰਡੀ ਵਸਨੀਕ ਸੰਦੀਪ ਕੌਰ ਰੰਧਾਵਾ ਨੇ ਕਿਹਾ ਕਿ ਇਕ ਮਹੀਨਾ ਪਹਿਲਾਂ ਸਰ੍ਹੋਂ ਦਾ ਤੇਲ ਕਰੀਬ 170 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਸੀ, ਜਦਕਿ ਹੁਣ ਇਸ ਦੀ ਕੀਮਤ 210 ਰੁਪਏ ਤੱਕ ਪਹੁੰਚ ਗਈ ਹੈ। ਕੁਝ ਕੰਪਨੀਆਂ ਦਾ ਤੇਲ 240 ਰੁਪਏ ਪ੍ਰਤੀ ਲੀਟਰ ਤੱਕ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਕਦੇ ਪੰਜ ਤਾਂ ਕਦੇ ਦਸ ਰੁਪਏ ਦੀ ਵਧੋਤਰੀ ਹੋ ਰਹੀ ਹੈ। ਸਰ੍ਹੋਂ ਦੇ ਤੇਲ ਦੇ ਨਾਲ ਰਿਫਾਇੰਡ ਦੇ ਭਾਅ ਵਿਚ ਵੀ ਤੇਜ਼ੀ ਆਈ ਹੈ। ਉਨ੍ਹਾਂ ਦੱਸਿਆ ਕਿ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਾਰ-ਚੜ੍ਹਾਅ ਕਾਰਨ ਦੁਕਾਨਦਾਰਾਂ ਨੂੰ ਵੀ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਨੂੰ ਥੋਕ ਵਿਚ ਤੇਲ ਖਰੀਦਦੇ ਸਮੇਂ ਚਿੰਤਾ ਰਹਿੰਦੀ ਹੈ ਕਿ ਅਗਲੇ ਦਿਨ ਕੀਮਤ ਹੋਰ ਨਾ ਵਧ ਜਾਵੇ। ਗ੍ਰਾਹਕ ਵੀ ਵਧਦੇ ਭਾਅ ਨੂੰ ਲੈ ਕੇ ਸਵਾਲ ਕਰਦੇ ਹਨ। ਇਕ ਥੋਕ ਵਿਕਰੇਤਾ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਵੱਡੀਆਂ ਕੰਪਨੀਆਂ ਵੱਲੋਂ ਫਸਲ ਦੀ ਖਰੀਦ ਕਾਰਨ ਬਾਜ਼ਾਰ ਵਿਚ ਕੀਮਤਾਂ ’ਤੇ ਅਸਰ ਪੈ ਰਿਹਾ ਹੈ। ਸਬਜ਼ੀਆਂ ਦੀ ਗੱਲ ਕਰੀਏ ਤਾਂ ਲੋਕਲ ਆਮਦ ਵਧਣ ਨਾਲ ਹਰੀਆਂ ਸਬਜ਼ੀਆਂ ਦੇ ਭਾਅ ਪਿਛਲੇ ਇੱਕ ਮਹੀਨੇ ਵਿੱਚ ਕਰੀਬ 20 ਫੀਸਦੀ ਤੱਕ ਘੱਟ ਹੋਏ ਹਨ। ਇਸ ਦੇ ਉਲਟ ਪਿਆਜ਼ ਦੀ ਕੀਮਤ 20-25 ਰੁਪਏ ਤੋਂ ਵਧ ਕੇ 45-50 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਟਮਾਟਰ ਵੀ 15 ਰੁਪਏ ਤੋਂ ਵਧ ਕੇ ਕਰੀਬ 30 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਲਸਣ ਦੀ ਕੀਮਤ 80 ਰੁਪਏ ਤੋਂ ਵਧ ਕੇ 120 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਸਬਜ਼ੀ ਵਿਕਰੇਤਾ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਬਜ਼ੀਆਂ ਦੇ ਭਾਅ ਵਿਚ ਰੋਜ਼ਾਨਾ ਉਤਾਰ-ਚੜ੍ਹਾਅ ਹੁੰਦਾ ਹੈ। ਫਿਲਹਾਲ ਲੋਕਲ ਸਬਜ਼ੀਆਂ ਦੀ ਆਮਦ ਕਾਰਨ ਹਰੀਆਂ ਸਬਜ਼ੀਆਂ ਸਸਤੀਆਂ ਹੋਈਆਂ ਹਨ, ਪਰ ਪਿਆਜ਼ ਦੇ ਭਾਅ ਵਿੱਚ ਕਾਫ਼ੀ ਤੇਜ਼ੀ ਆਈ ਹੈ। ਕਾਲੇ ਘਣੂੰਪੁਰ ਵਾਸੀ ਸ਼੍ਰੀਮਤੀ ਕਮਲ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਰਸੋਈ ਦਾ ਬਜਟ ਲਗਾਤਾਰ ਵਧ ਰਿਹਾ ਹੈ। ਗੈਸ ਅਤੇ ਰੋਜ਼ਮਰ੍ਹਾ ਦੀਆਂ ਖਾਦ ਵਸਤੂਆਂ ਦੇ ਮਹਿੰਗੇ ਹੋਣ ਨਾਲ ਘਰ ਦਾ ਖਰਚ ਸੰਭਾਲਣਾ ਮੁਸ਼ਕਿਲ ਹੋ ਰਿਹਾ ਹੈ। ਨਰੈਣਗੜ੍ਹ ਵਾਸੀ ਗੀਤਾ ਭੱਟੀ ਨੇ ਕਿਹਾ ਕਿ ਖਾਦ ਪਦਾਰਥਾਂ ਦੀਆਂ ਕੀਮਤਾਂ ਵਿਚ ਥੋੜ੍ਹਾ ਜਿਹਾ ਵਾਧਾ ਵੀ ਆਮ ਪਰਿਵਾਰਾਂ ਦੇ ਬਜਟ ਨੂੰ ਪ੍ਰਭਾਵਿਤ ਕਰਦੀ ਹੈ। ਖਾਸ ਕਰਕੇ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਇਸ ਦਾ ਵੱਧ ਸਾਹਮਣਾ ਕਰਨਾ ਪੈਂਦਾ ਹੈ। ਮਜੀਠਾ ਰੋਡ ਵਾਸੀ ਦਿਵਿਆ ਅਰੋੜਾ ਨੇ ਕਿਹਾ ਕਿ ਹਰੀਆਂ ਸਬਜ਼ੀਆਂ ਸਸਤੀਆਂ ਹੋਈਆਂ ਹਨ, ਪਰ ਪਿਆਜ਼, ਟਮਾਟਰ ਅਤੇ ਸਰ੍ਹੋਂ ਦਾ ਤੇਲ ਮਹਿੰਗਾ ਹੈ। ਲੋਕਲ ਸਬਜ਼ੀਆਂ ਦੀ ਆਮਦ ਘੱਟ ਹੋਣ ’ਤੇ ਇਨ੍ਹਾਂ ਦੇ ਭਾਅ ਫਿਰ ਵਧ ਸਕਦੇ ਹਨ। ਮਜੀਠਾ ਰੋਡ ਵਾਸੀ ਮਿਨਾਕਸ਼ੀ ਖੇਮਕਾ ਨੇ ਕਿਹਾ ਕਿ ਸਰ੍ਹੋਂ ਦੇ ਤੇਲ ਅਤੇ ਰਿਫਾਇੰਡ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਰਸੋਈ ਦਾ ਖਰਚ ਵਧ ਗਿਆ ਹੈ। ਦੁੱਧ, ਖੰਡ ਅਤੇ ਹੋਰ ਜ਼ਰੂਰੀ ਖਾਦ ਪਦਾਰਥਾਂ ਦੇ ਭਾਅ ਵਧਣ ਨਾਲ ਪਰਿਵਾਰਾਂ ਦਾ ਬਜਟ ਪ੍ਰਭਾਵਿਤ ਹੋ ਰਿਹਾ ਹੈ।