- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਦੇ ਹੁਕਮਾਂ ਅਨੁਸਾਰ ਤੁਰੰਤ ਪ੍ਰਭਾਵ ਦੇ ਨਾਲ ਉਲੰਘਣਾ ਕਰਨ ਵਾਲੇ ਕੈਮਿਸਟਾਂ ਦੇ ਲਾਇਸੰਸ ਕੀਤੇ ਕੈਂਸਲ

ਫੋਟੋ-11
ਕੈਪਸ਼ਨ : ਡਰੱਗ ਕੰਟਰੋਲ ਅਧਿਕਾਰੀ ਸੁਖਦੀਪ ਸਿੰਘ ਪੁਲਿਸ ਪਾਰਟੀ ਸਮੇਤ ਕੈਮਿਸਟਰੀ ਦੁਕਾਨ ਸੀਲ ਕਰਨ ਦੌਰਾਨ।
ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ
ਅੰਮ੍ਰਿਤਸਰ : ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਪਾਲਣਾ ਕਰਦੇ ਹੋਏ ਜ਼ੋਨਲ ਲਾਇਸੈਂਸਿੰਗ ਅਥਾਰਟੀ, ਕੁਲਵਿੰਦਰ ਸਿੰਘ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਖੁਰਾਕ ਤੇ ਡਰੱਗ ਪ੍ਰਸ਼ਾਸਨ, ਅੰਮ੍ਰਿਤਸਰ ਨੇ 'ਡਰੱਗਜ਼ ਐਂਡ ਕਾਸਮੈਟਿਕਸ ਐਕਟ' ਅਤੇ ਇਸ ਅਧੀਨ ਬਣਾਏ ਗਏ ਨਿਯਮਾਂ ਦੀ ਗੰਭੀਰ ਉਲੰਘਣਾ ਕਰਨ ਦੇ ਦੋਸ਼ ’ਚ, 'ਮੈਸਰਜ਼ ਦੀਪਕ ਮੈਡੀਕਲ ਹਾਲ, ਚੋਗਾਵਾਂ ਰੋਡ, ਅਜਨਾਲਾ' ਤੇ 'ਮੈਸਰਜ਼ ਨਿਊ ਰਾਣਾ ਕੈਮਿਸਟ ਸ਼ਾਪ, ਵੇਰਕਾ, ਅੰਮ੍ਰਿਤਸਰ' ਦੇ ਦਵਾਈਆਂ ਵੇਚਣ (ਪਰਚੂਨ) ਦੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਹਨ। ਇਸ ਤੋਂ ਇਲਾਵਾ, 'ਡਰੱਗਜ਼ ਰੂਲਜ਼ 1945' ਦੀਆਂ ਵੱਖ-ਵੱਖ ਉਲੰਘਣਾਵਾਂ ਕਾਰਨ ਜ਼ਿਲ੍ਹੇ ਦੇ 40 ਹੋਰ ਕੈਮਿਸਟਾਂ ਦੇ ਡਰੱਗ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਹਨ। ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਬਬਲੀਨ ਕੌਰ ਤੇ ਸੁਖਦੀਪ ਸਿੰਘ ਡੀਸੀਓ ਅੰਮ੍ਰਿਤਸਰ ਦੁਆਰਾ 'ਨਿਊ ਰਾਣਾ ਕੈਮਿਸਟ ਸ਼ਾਪ, ਵੇਰਕਾ' ਦੀ ਅਚਨਚੇਤ ਜਾਂਚ ਕੀਤੀ ਗਈ। ਇਸ ਦੌਰਾਨ ਚਾਰ 4 ਤਰ੍ਹਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ, ਕਿਉਂਕਿ ਦੁਕਾਨ ਦੇ ਇੰਚਾਰਜ ਇਨ੍ਹਾਂ ਦਵਾਈਆਂ ਦੀ ਖਰੀਦ ਅਤੇ ਵਿਕਰੀ ਦਾ ਰਿਕਾਰਡ ਪੇਸ਼ ਕਰਨ ਵਿੱਚ ਅਸਫਲ ਰਹੇ। ਜ਼ਬਤ ਕੀਤੀਆਂ ਗਈਆਂ ਇਨ੍ਹਾਂ ਦਵਾਈਆਂ ਵਿੱਚ 'ਪ੍ਰੇਗਾਬਾਲਿਨ' ਮੁੱਖ ਤੱਤ ਵਜੋਂ ਸ਼ਾਮਲ ਸੀ। ਇਸੇ ਤਰ੍ਹਾਂ ਡਰੱਗ ਕੰਟਰੋਲ ਅਫ਼ਸਰ ਗੁਰਦੀਪ ਸਿੰਘ ਅਤੇ ਡੀਸੀਓ, ਰੋਹਿਤ ਸ਼ਰਮਾ ਨੇ 'ਮੈਸਰਜ਼ ਦੀਪਕ ਮੈਡੀਕਲ ਹਾਲ, ਚੋਗਾਵਾਂ ਰੋਡ, ਅਜਨਾਲਾ, ਅੰਮ੍ਰਿਤਸਰ' ਵਿਖੇ ਅਚਨਚੇਤ ਜਾਂਚ ਕੀਤੀ। ਜਾਂਚ ਦੌਰਾਨ 5 ਤਰ੍ਹਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ, ਕਿਉਂਕਿ ਇੰਚਾਰਜ ਇਨ੍ਹਾਂ ਦਵਾਈਆਂ ਦੀ ਖਰੀਦ ਅਤੇ ਵਿਕਰੀ ਦਾ ਰਿਕਾਰਡ ਪੇਸ਼ ਕਰਨ ਵਿਚ ਅਸਫਲ ਰਹੇ। ਜ਼ਬਤ ਕੀਤੀਆਂ, ਗਈਆਂ 5 ਦਵਾਈਆਂ ਵਿੱਚੋਂ 3 ਦਵਾਈਆਂ ਦੀ ਮਿਆਦ ਪੁੱਗ ਚੁੱਕੀ ਸੀ ਜਿਨ੍ਹਾਂ ਨੂੰ ਦੁਕਾਨ ਵਿੱਚ ਵੇਚਣ ਅਤੇ ਵੰਡਣ ਲਈ ਰੱਖਿਆ ਗਿਆ ਸੀ। ਇਸ ਤੋਂ ਇਲਾਵਾ, ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਇੰਚਾਰਜ ਦੁਆਰਾ ਕਿਸੇ ਯੋਗ ਵਿਅਕਤੀ ਦੀ ਗੈਰ-ਮੌਜੂਦਗੀ ਵਿੱਚ 'ਸ਼ੈਡਿਊਲ ਦਵਾਈਆਂ ਵੇਚੀਆਂ ਜਾ ਰਹੀਆਂ ਸਨ। ਦੋਵਾਂ ਫਰਮਾਂ ਨੂੰ 'ਕਾਰਨ ਦੱਸੋ ਨੋਟਿਸ' ਜਾਰੀ ਕੀਤਾ ਗਿਆ ਸੀ, ਪਰ ਉਹ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਦੇਣ ਤੇ ਜ਼ਬਤ ਕੀਤੀਆਂ ਗਈਆਂ ਦਵਾਈਆਂ ਦਾ ਰਿਕਾਰਡ ਪੇਸ਼ ਕਰਨ ’ਚ ਅਸਫਲ ਰਹੇ। ਉਲੰਘਣਾਵਾਂ ਦੀ ਗੰਭੀਰਤਾ ਅਤੇ ਜਨਤਕ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ੋਨਲ ਲਾਇਸੈਂਸਿੰਗ ਅਥਾਰਟੀ ਅੰਮ੍ਰਿਤਸਰ ਨੇ ਅੱਜ ਦੋਵਾਂ ਫਰਮਾਂ ਦੇ ਲਾਇਸੈਂਸ ਰੱਦ ਕਰਨ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਦੇ ਮਹੀਨਿਆਂ ਵਿਚ, ਐਫਡੀਏ, ਅੰਮ੍ਰਿਤਸਰ ਜ਼ੋਨ ਦੇ ਡਰੱਗਜ਼ ਵਿੰਗ ਨੇ ਇਸੇ ਤਰ੍ਹਾਂ ਦੀਆਂ ਉਲੰਘਣਾਵਾਂ ਲਈ 20 ਗਲਤ ਕੈਮਿਸਟਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ, ਜੋ ਕਿ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਅਤੇ ਜਨਤਕ ਹਿੱਤਾਂ ਦੀ ਰਾਖੀ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਇਸ ਤੋਂ ਇਲਾਵਾ ਇਹ ਇੱਕ ਵਾਰ ਫਿਰ ਯਾਦ ਦਿਵਾਇਆ ਜਾਂਦਾ ਹੈ ਕਿ ਸੰਯੁਕਤ ਕਮਿਸ਼ਨਰ (ਡਰੱਗਜ਼) ਐਫਡੀਏ ਪੰਜਾਬ ਨੇ ਮਿਤੀ 20/11/2026 ਨੂੰ ਰਾਜ ਵਿੱਚ 75 ਮਿਲੀਗ੍ਰਾਮ ਤੋਂ ਵੱਧ ਡਰੱਗ ਪ੍ਰੀਗਾਬਾਲਿਨ ਦੇ ਸਟਾਕ ਅਤੇ ਵਿਕਰੀ ਨੂੰ ਇਸ ਦੀ ਦੁਰਵਰਤੋਂ ਨੂੰ ਦੇਖਦੇ ਹੋਏ ਸੀਮਤ ਕਰ ਦਿੱਤਾ ਹੈ, ਇਸ ਲਈ ਸਾਰੇ ਕੈਮਿਸਟਾਂ ਨੂੰ ਇੱਕ ਵਾਰ ਫਿਰ ਵਿਭਾਗ ਦੀ ਇਜਾਜ਼ਤ ਤੋਂ ਬਿਨਾਂ ਇਸਦਾ ਸਟਾਕ ਨਾ ਕਰਨ ਲਈ ਕਿਹਾ ਜਾਂਦਾ ਹੈ ਨਹੀਂ ਤਾਂ ਨਿਯਮਾਂ ਅਨੁਸਾਰ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।