ਖ਼ਾਲਸਾ ਕਾਲਜ ਵਿਖੇ ਰਹਿੰਦ-ਖੂੰਹਦ ਨੂੰ ਖਾਦ ’ਚ ਬਦਲਣ ਸਬੰਧੀ ਸਿਖਲਾਈ ਵਰਕਸ਼ਾਪ ਕਰਵਾਈ ਖਾਲਸਾ ਕਾਲਜ ਵਿਖੇ ਰਹਿੰਦ-ਖੂੰਹਦ ਨੂੰ ਖਾਦ ’ਚ ਬਦਲਣ ਸਬੰਧੀ ਸਿਖਲਾਈ ਵਰਕਸ਼ਾਪ ਕਰਵਾਈ
Publish Date: Sun, 29 Nov 2026 04:47 PM (IST)
Updated Date: Mon, 30 Nov 2026 04:05 AM (IST)
ਫੋਟੋ-15 ਕੈਪਸ਼ਨ : ਖਾਲਸਾ ਕਾਲਜ ਵਿਖੇ ਕਰਵਾਈ ਗਈ ਵਰਕਸ਼ਾਪ ਦੌਰਾਨ ਡਾ. ਆਦਰਸ਼ ਪਾਲ ਵਿਗ, ਡਾ. ਜ਼ੋਰਾਵਰ ਸਿੰਘ, ਡਾ. ਅਮਨਦੀਪ ਸਿੰਘ, ਰਣਦੀਪ ਸਿੰਘ ਤੇ ਹੋਰ। * ਵਰਕਸ਼ਾਪ ਦਾ ਮੁੱਖ ਵਿਸ਼ਾ ‘ਕੂੜੇ ਨੂੰ ਖਾਦ ’ਚ ਬਦਲਣਾ’ ਸੀ * ਵਿਦਿਆਰਥੀਆਂ ਨੂੰ ਵਰਮੀਕੰਪੋਸਟਿੰਗ ਸਬੰਧੀ ਵਿਹਾਰਕ ਸਿਖਲਾਈ ਦਿੱਤੀ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖ਼ਾਲਸਾ ਕਾਲਜ ਦੇ ਜੀਵ-ਵਿਗਿਆਨ ਵਿਭਾਗ ਦੀ ਜ਼ਿੂਓਲੋਜੀਕਲ ਸੁਸਾਇਟੀ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਦੇ ਸਹਿਯੋਗ ਨਾਲ ‘ਵਰਮੀਕੰਪੋਸਟਿੰਗ (ਗੰਡੋਆਂ ਤੋਂ ਖਾਦ ਤਿਆਰ ਕਰਨ ਦੀ ਪ੍ਰੀਕ੍ਰਿਆ) ਵਿਸ਼ੇ ’ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਨਿਰਦੇਸ਼ਾਂ ’ਤੇ ਕਰਵਾਈ ਗਈ ਇਸ ਵਰਕਸ਼ਾਪ ਦਾ ਮੁੱਖ ਵਿਸ਼ਾ ‘ਕੂੜੇ ਨੂੰ ਖਾਦ ’ਚ ਬਦਲਣਾ’ ਸੀ। ਜਿਸ ’ਚ ਬੋਟੈਨੀਕਲ ਸਾਇੰਸਿਜ਼ ਵਿਭਾਗ ਦੇ ਸੇਵਾਮੁਕਤ ਪ੍ਰੋਫ਼ੈਸਰ ਡਾ. ਆਦਰਸ਼ ਪਾਲ ਵਿਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਪ੍ਰਿੰਸੀਪਲ ਡਾ. ਰੰਧਾਵਾ ਨੇ ਕਿਹਾ ਕਿ ਉਕਤ ਵਰਕਸ਼ਾਪ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ‘ਵਾਤਾਵਰਣ ਸਿੱਖਿਆ ਪ੍ਰੋਗਰਾਮ’ ਤਹਿਤ ਕਰਵਾਈ ਗਈ ਸੀ। ਉਨ੍ਹਾਂ ਸਮਾਜ ਦੇ ਭਲੇ ਲਈ ਵਰਮੀਕੰਪੋਸਟਿੰਗ ਦੀ ਮਹੱਤਤਾ ਸਬੰਧੀ ਚਰਚਾ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਵਾਤਾਵਰਣ ਸਬੰਧੀ ਮੁੱਦਿਆਂ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਦੇ ਹੱਲ ਲੱਭਣ ’ਚ ਮਦਦ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਵਰਕਸ਼ਾਪ ’ਚ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਸਕੂਲਾਂ ਦੇ ਲਗਭਗ 120 ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੌਕੇ ਡਾ. ਵਿਗ ਨੇ ਵਰਮੀਕੰਪੋਸਟਿੰਗ ਦੀ ਪ੍ਰਕਿਰਿਆ ’ਚ ਗੰਡੋਆਂ ਦੀ ਭੂਮਿਕਾ ਅਤੇ ਇਸਦੇ ਉਪਯੋਗਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਤੇ ਅਧਿਆਪਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਵਰਕਸ਼ਾਪ ਦਾ ਮਕਸਦ ਵਿਦਿਆਰਥੀਆਂ ਨੂੰ ਵਰਮੀਕੰਪੋਸਟਿੰਗ ਦੀ ਪ੍ਰਕਿਰਿਆ ਬਾਰੇ ਵਿਹਾਰਕ ਸਿਖਲਾਈ ਦੇਣਾ ਅਤੇ ਵਾਤਾਵਰਣ ਨੂੰ ਸਾਫ਼-ਸੁਥਰਾ ਤੇ ਹਰਾ-ਭਰਿਆ ਰੱਖਣ ਲਈ ਠੋਸ ਰਹਿੰਦ-ਖੂੰਹਦ ਪ੍ਰਬੰਧਨ ’ਚ ਇਸਦੀ ਮਹੱਤਤਾ ਨੂੰ ਉਜਾਗਰ ਕਰਨਾ ਸੀ। ਇਸ ਵਰਕਸ਼ਾਪ ਦੇ ਆਯੋਜਕ ਸਕੱਤਰ ਡਾ. ਅਮਨਦੀਪ ਸਿੰਘ ਨੇ ਉਕਤ ਸਿੱਖਿਆ ਪ੍ਰੋਗਰਾਮ ਦੀ ਰੂਪਰੇਖਾ ਅਤੇ ਸਾਲ 2024-25 ਦੌਰਾਨ ਪੰਜਾਬ ਸਟੇਟ ਕੌਂਸਲ ਦੁਆਰਾ ਕਰਵਾਏ ਗਏ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਜਦਕਿ ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਨੇ ਵਰਮੀਕੰਪੋਸਟਿੰਗ ਦੇ ਉਪਯੋਗਾਂ ਦਾ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਇਸ ਤਕਨੀਕ ਰਾਹੀਂ ਰਸੋਈ ਅਤੇ ਡੇਅਰੀ ਦੇ ਕੂੜੇ-ਕਰਕਟ ਦਾ ਆਸਾਨੀ ਨਾਲ ਪ੍ਰਬੰਧਨ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਕੀਮਤੀ ਖਾਦ ’ਚ ਬਦਲ ਕੇ ਵਾਤਾਵਰਣ ਨੂੰ ਸਾਫ਼ ਰੱਖਿਆ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵਰਮੀਕੰਪੋਸਟਿੰਗ ਸਬੰਧੀ ਵਿਹਾਰਕ ਸਿਖਲਾਈ ਵੀ ਦਿੱਤੀ। ਇਸ ਮੌਕੇ ਡਾ. ਜ਼ੋਰਾਵਰ ਸਿੰਘ, ਰਣਦੀਪ ਸਿੰਘ, ਡਾ. ਰਾਜਬੀਰ ਕੌਰ, ਡਾ. ਸਤਿੰਦਰ ਕੌਰ, ਡਾ. ਦੀਪਕ, ਡਾ. ਸੰਦੀਪ ਕੌਰ, ਡਾ. ਡਿੰਪਲ ਮੰਡਲਾ, ਯਸ਼ਮੀ, ਡਾ. ਸ਼ਿਵਾਨੀ ਗੁਲੇਰੀਆ, ਲਵਪ੍ਰੀਤ ਸਿੰਘ ਆਦਿ ਹੋਰ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।