ਚੀਫ਼ ਖ਼ਾਲਸਾ ਦੀਵਾਨ ਨੇ ਵਿੱਦਿਅਕ ਸੰਗੀਤ ਸੰਮੇਲਨ ਕਰਵਾਇਆ ਚੀਫ਼ ਖ਼ਾਲਸਾ ਦੀਵਾਨ ਵੱਲੋਂ ਵਿੱਦਿਅਕ ਸੰਗੀਤ ਸੰਮੇਲਨ ਦਾ ਆਯੋਜਨ
Publish Date: Sun, 29 Nov 2026 04:27 PM (IST)
Updated Date: Mon, 30 Nov 2026 04:02 AM (IST)
ਫੋਟੋ: 5 ਕੈਪਸ਼ਨ : ਸੀਕੇਡੀ ਵਿੱਦਿਅਕ ਸੰਗੀਤ ਸੰਮੇਲਨ ਦੌਰਾਨ ਉਸਤਾਦ ਦਿਲਸ਼ਾਦ ਖਾਨ। * ਸਾਬਕਾ ਸੀਕੇਡੀ ਵਿਦਿਆਰਥੀ ਤੇ ਪ੍ਰਸਿੱਧ ਗਾਇਕ ਬੀਰ ਸਿੰਘ ਦੀ ਡਾਕੂਮੈਂਟਰੀ ‘ਰੂਹਾਂ ਦਾ ਰਾਹੀ’ ਰਿਲੀਜ਼ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਚੀਫ ਖ਼ਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਚੀਫ਼ ਖ਼ਾਲਸਾ ਦੀਵਾਨ ਦੇ 125 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸੀਕੇਡੀ ਵਿੱਦਿਅਕ ਸੰਗੀਤ ਸੰਮੇਲਨ (ਗੁਰਮਤਿ ਸੰਗੀਤ ਤੇ ਸ਼ਾਸਤਰੀ ਸੰਗੀਤ ਦਾ ਸੁਮੇਲ) ਬਹੁਤ ਉਤਸ਼ਾਹ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ ਸਕੂਲ ਦੇ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਇਸ ਰੂਹਾਨੀ ਸ਼ਾਮ ’ਚ ਜਿਥੇ ਗੁਰੂ ਕਾਲ ਤੋਂ ਚੱਲੀ ਆ ਰਹੀ ਮਹਾਨ ਪਰੰਪਰਾ, ਗੁਰਮਤਿ ਸੰਗੀਤ ਅਤੇ ਸਿੱਖ ਸੰਗੀਤ ਦੀਆਂ ਵੱਖ-ਵੱਖ ਗਾਇਨ ਸ਼ੈਲੀਆਂ ਦਾ ਪ੍ਰਗਟਾਵਾ ਕੀਤਾ ਗਿਆ ਜਿਸ ਵਿਚ ਭੱਟਾਂ ਦੀ ਬਾਣੀ ਦੇ ਗਾਇਨ, ਧਰੁਪਦ, ਖਿਆਲ ਅਤੇ ਹੋਰ ਪਰੰਪਰਾਗਤ ਗਾਇਨ ਸ਼ੈਲੀਆਂ ਰਾਹੀਂ ਗੁਰੂ ਘਰ ਦੇ ਕੀਰਤਨੀਆਂ ਨੇ ਆਪਣੀ ਹਾਜ਼ਰੀ ਲਗਵਾਈ, ਉਥੇ ਦੂਸਰੇ ਪਾਸੇ ਭਾਰਤੀ ਸ਼ਾਸਤਰੀ ਸੰਗੀਤ ਦੇ ਉੱਚ ਕੋਟੀ ਦੇ ਸੰਗੀਤਕਾਰਾਂ ਨੇ ਖਿਆਲ, ਠੁਮਰੀ, ਤਰਾਨਾ ਅਤੇ ਸਾਜ਼ ਵਾਦਨ ਦੀਆਂ ਵੱਖ-ਵੱਖ ਵੰਨਗੀਆਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਅਤੇ ਨਾਲ ਹੀ ਤਬਲਾ ਵਾਦਨ ਅਤੇ ਤੰਤੀ ਸਾਜ਼ਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਵੀ ਸਰੋਤਿਆਂ ਨੂੰ ਸੰਗੀਤਕ ਰਸ ਨਾਲ ਜੋੜਿਆ। ਇਸ ਮੌਕੇ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਆਏ ਸਮੂਹ ਕਲਾਕਾਰਾਂ ਅਤੇ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਅਤੇ ਗੁਰਮਤਿ ਅਤੇ ਸ਼ਾਸ਼ਤਰੀ ਸੰਗੀਤ ਦੀ ਇਸ ਅਨਮੋਲ ਵਿਰਾਸਤ ਨੂੰ ਸੰਭਾਲਣ ਅਤੇ ਇਸਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਧਰਮ-ਪ੍ਰਚਾਰ ਕਮੇਟੀ ਦੇ ਅਜਿਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਨੇ ਆਪਣੇ 125 ਸਾਲਾ ਦੇ ਮਾਣਮੱਤੇ ਸਫਰ ਦੌਰਾਨ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ, ਪ੍ਰਚਾਰਕ ਅਤੇ ਗੁਰਮਤਿ ਦੇ ਵਿਦਵਾਨ ਤਿਆਰ ਕੀਤੇ ਹਨ। ਉਹਨਾਂ ਨੇ ਕਿਹਾ ਕਿ ਅਜੋਕੇ ਰਫ਼ਤਾਰ ਅਤੇ ਤਣਾਅਪੂਰਨ ਯੁੱਗ ਵਿਚ ਸ਼ਾਸਤਰੀ ਅਤੇ ਗੁਰਮਤਿ ਸੰਗੀਤ ਮਨੁੱਖੀ ਮਨ ਨੂੰ ਸ਼ਾਂਤੀ, ਇਕਾਗਰਤਾ, ਪ੍ਰਦਾਨ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ ਅਤੇ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਪੱਛਮੀ ਪ੍ਰਭਾਵ ਤੋਂ ਬਚਾ ਕੇ ਆਪਣੀ ਅਮੀਰ ਸਭਿਆਚਾਰਕ ਜੜ੍ਹਾਂ ਅਤੇ ਵਿਰਸੇ ਨਾਲ ਜੋੜਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰੋਗਰਾਮ ਦੇ ਸ਼ੁਰੂਆਤ ਮੌਕੇ ਚੀਫ਼ ਖ਼ਾਲਸਾ ਦੀਵਾਨ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸੀ.ਕੇ.ਡੀ ਬਡਿੰਗ ਮਾਸਟਰੋਜ਼ ਦੇ ਨਾਮ ਹੇਠ ਕੀਤੀ ਗਈ ਵਿਸ਼ੇਸ਼ ਪੇਸ਼ਕਾਰੀ ਨੇ ਬੱਚਿਆਂ ਦੀ ਸੰਗੀਤ ਕਲਾ, ਲਗਨ ਅਤੇ ਸੁਰ ਤਾਲ ਦੀ ਡੂੰਘੀ ਸਮਝ ਨੂੰ ਬਾਖੂਬੀ ਉਜਾਗਰ ਕੀਤਾ। ਸਮਾਗਮ ਦੌਰਾਨ ਨਾਮਵਰ ਕਲਾਕਾਰਾਂ ਪੰਡਿਤ ਸਾਜਨ ਮਿਸ਼ਰਾ ਪਦਮ ਭੂਸ਼ਣ, ਪੰਡਿਤ ਸਵਰਾਂਸ਼ ਮਿਸ਼ਰਾ, ਉਸਤਾਦ ਦਿਲਸ਼ਾਦ ਖਾਨ, ਉਸਤਾਦ ਯਸ਼ਵੰਤ ਵੈਸ਼ਨਵ, ਭਾਈ ਸਤਨਿੰਦਰ ਸਿੰਘ ਬੋਦਲ, ਡਾ. ਜਤਿੰਦਰ ਸਿੰਘ, ਬੀਰ ਸਿੰਘ ਨੇ ਆਪਣੇ ਦਿਲਕਸ਼ ਅਤੇ ਭਾਵਪੂਰਨ ਪੇਸ਼ਕਾਰੀਆਂ ਰਾਹੀਂ ਆਪਣੀ ਕਲਾ ਦੇ ਜ਼ੋਹਰ ਦਿਖਾਉਂਦਿਆਂ ਸੁਰਾਂ ਦਾ ਅਜਿਹਾ ਜਾਦੂ ਬਿਖੇਰਿਆ ਕਿ ਸਮੁੱਚਾ ਮਾਹੌਲ ਅਨੰਦਮਈ ਅਤੇ ਰੁਹਾਨੀ ਸਕੂਨ ਨਾਲ ਸਰਾਬੋਰ ਹੋ ਗਿਆ। ਸਮਾਗਮ ਦੌਰਾਨ ਚੀਫ਼ ਖ਼ਾਲਸਾ ਦੀਵਾਨ ਐਲੂਮਨੀ ਸੁਸਾਇਟੀ ਵੱਲੋਂ ਤਿਆਰ ਕੀਤੀ ਗਈ ਸੰਸਥਾ ਦੇ ਸਾਬਕਾ ਵਿਦਿਆਰਥੀ (ਐਲੂਮਨੀ) ਤੇ ਪ੍ਰਸਿੱਧ ਗਾਇਕ ਬੀਰ ਸਿੰਘ ਦੇ ਜੀਵਨ ਅਤੇ ਸੰਗੀਤਕ ਸਫਰ ਤੇ ਅਧਾਰਿਤ ਵਿਸ਼ੇਸ਼ ਡਾਕੂਮੈਂਟਰੀ ‘‘ਬੀਰ ਸਿੰਘ: ਰੂਹਾਂ ਦਾ ਰਾਹੀਂ-ਏ ਵਿਜ਼ੂਅਲ ਕ੍ਰੋਨਿਕਲ ਰਿਲੀਜ਼ ਕੀਤੀ ਗਈ। ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀਟੀਰੋਡ ਅੰਮ੍ਰਿਤਸਰ ਦੇ ਵਿਹੜੇ ਅਤੇ ਹੋਰ ਸਥਾਨਾਂ ਵਿਚ ਫਿਲਮਾਈ ਗਈ ਇਹ ਡਾਕੂਮੈਂਟਰੀ, ਬੀਰ ਸਿੰਘ ਦੀਆਂ ਸਕੂਲ ਦੀਆਂ ਸੁਨਹਿਰੀ ਯਾਦਾਂ, ਉੱਚ ਕਦਰਾਂ-ਕੀਮਤਾਂ ਵਾਲੀ ਸਿੱਖਿਆ ਅਤੇ ਬੀਰ ਸਿੰਘ ਦੇ ਵਿਦਿਆਰਥੀ ਤੋਂ ਦੇਸ਼-ਵਿਦੇਸ਼ ਵਿਚ ਨਾਮਵਰ ਕਲਾਕਾਰ ਬਨਣ ਦੇ ਪ੍ਰੇਰਨਾਦਾਇਕ ਸਫਰ ਨੂੰ ਬੇਹੱਦ ਖੂਬਸੂਰਤ ਤੇ ਭਾਵੁਕ ਅੰਦਾਜ਼ ’ਚ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਆਨਰੇਰੀ ਸਕੱਤਰ ਰਮਨੀਕ ਸਿੰਘ, ਹਰਵਿੰਦਰ ਪਾਲ ਸਿੰਘ ਚੁੱਘ, ਕੁਲਜੀਤ ਸਿੰਘ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰ, ਮੈਂਬਰ ਸਾਹਿਬਾਨ, ਹੋਰ ਪਤਵੰਤੇ ਸੰਗੀਤ ਪ੍ਰੇਮੀ, ਸੰਗੀਤ ਉਸਤਾਦ ਅਤੇ ਸੰਗੀਤ ਵਿਭਾਗ ਮੁੱਖੀਆਂ ਅਤੇ ਹੋਰਨਾਂ ਉੱਘੀਆਂ ਸਖਸ਼ੀਅਤਾਂ ਸਮੇਤ ਵੱਡੀ ਗਿਣਤੀ ’ਚ ਸਰੋਤਿਆਂ ਨੇ ਸ਼ਮੂਲੀਅਤ ਕੀਤੀ।