ਪੀਸੀਪੀਟੀਯੂ ਨੇ ਵਿਸ਼ਾਲ ਰੈਲੀ ਕੀਤੀ ਪੀਸੀਪੀਟੀਯੂ ਵੱਲੋਂ ਵਿਸ਼ਾਲ ਰੈਲੀ ਦਾ ਆਯੋਜਨ
Publish Date: Sat, 28 Nov 2026 05:45 PM (IST)
Updated Date: Sun, 29 Nov 2026 04:02 AM (IST)
* ਸੈਲਫ-ਫਾਈਨੈਂਸਡ ਅਸਾਮੀਆਂ ਨੂੰ ਕਵਰਡ ਅਸਾਮੀਆਂ ਵਿੱਚ ਤਬਦੀਲ ਕਰਨ ਦੀ ਵੀ ਮੰਗ ਫੋਟੋ:24 ਕੈਪਸ਼ਨ : ਰੈਲੀ ਦੌਰਾਨ ਨਾਅਰੇਬਾਜੀ ਕਰਦੇ ਹੋਏ ਅਧਿਆਪਕ। ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀਸੀਪੀਟੀਯੂ) ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐੱਨਡੀਯੂ), ਅੰਮ੍ਰਿਤਸਰ ਦੇ ਬਾਹਰ ਵਿਸ਼ਾਲ ਜੀਐੱਨਡੀਯੂ ਏਰੀਆ ਰੈਲੀ ਤੇ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ ਗਿਆ। ਇਸ ਰੈਲੀ ’ਚ ਜੀਐੱਨਡੀਯੂ ਨਾਲ ਸੰਬੰਧਤ ਗ੍ਰਾਂਟ-ਇਨ-ਏਡ ਕਾਲਜਾਂ ਦੇ ਅਧਿਆਪਕਾਂ ਨੇ ਸਰਗਰਮ ਭਾਗੀਦਾਰੀ ਕੀਤੀ ਅਤੇ ਪੀਸੀਪੀਟੀਯੂ ਦੇ ਸੱਦੇ ਤੇ ਸਮੂਹਿਕ ਆਕਸਮਿਕ ਛੁੱਟੀ (ਮਾਸ ਕੈਜ਼ੂਅਲ ਲੀਵ) ਦੀ ਪਾਲਣਾ ਕੀਤੀ। ਇਹ ਅੰਦੋਲਨ ਗ੍ਰਾਂਟ-ਇਨ-ਏਡ ਕਾਲਜ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲੰਬਿਤ ਅਤੇ ਜਾਇਜ਼ ਮੰਗਾਂ ਨੂੰ ਉਜਾਗਰ ਕਰਨ ਲਈ ਆਯੋਜਿਤ ਕੀਤਾ ਗਿਆ। ਏਆਈਐੱਫਯੂਸੀਟੀਓ ਦੇ ਰਾਸ਼ਟਰੀ ਸਕੱਤਰ ਡਾ. ਵਿਨੈ ਸੋਫਤ ਨੇ ਦੱਸਿਆ ਕਿ ਅਧਿਆਪਕਾਂ ਨੇ ਆਪਣੇ ਪੇਸ਼ੇਵਰ, ਵਿੱਤੀ ਅਤੇ ਸੇਵਾ ਸਬੰਧੀ ਮੁੱਦਿਆਂ ਦੀ ਲਗਾਤਾਰ ਉਪੇਖਿਆ ਵਿਰੁੱਧ ਸਾਮੂਹਿਕ ਆਵਾਜ਼ ਉਠਾਈ। ਪੰਜਾਬ ਦੇ ਗ੍ਰਾਂਟ-ਇਨ-ਏਡ ਕਾਲਜਾਂ ’ਚ 1,925 ਮਨਜ਼ੂਰਸ਼ੁਦਾ ਅਸਾਮੀਆਂ ਤੇ ਕਾਰਜਸ਼ੀਲ ਅਧਿਆਪਕਾਂ ਲਈ ਗ੍ਰਾਂਟ-ਇਨ-ਏਡ ਨੂੰ 7 ਪ੍ਰਤੀਸ਼ਤ ਤੋਂ ਵਧਾ ਕੇ 95 ਪ੍ਰਤੀਸ਼ਤ ਕਰਨ ਦੀ ਮੰਗ ਲੰਬਿਤ ਹੈ। ਸੈਲਫ-ਫਾਈਨੈਂਸਡ ਅਸਾਮੀਆਂ ਨੂੰ ਕਵਰਡ ਅਸਾਮੀਆਂ ਵਿੱਚ ਤਬਦੀਲ ਕਰਨ ਦੀ ਵੀ ਮੰਗ ਕੀਤੀ ਗਈ, ਤਾਂ ਜੋ ਅਧਿਆਪਕਾਂ ਨੂੰ ਨੌਕਰੀ ਦੀ ਸੁਰੱਖਿਆ ਅਤੇ ਸਮਾਨ ਸੇਵਾ ਲਾਭ ਯਕੀਨੀ ਬਣਾਏ ਜਾ ਸਕਣ। ਪੀਸੀਪੀਟੀਯੂ ਦੇ ਜਨਰਲ ਸਕੱਤਰ ਡਾ. ਬੀ.ਬੀ ਯਾਦਵ ਨੇ ਦੱਸਿਆ ਕਿ 1 ਜਨਵਰੀ 2016 ਤੋਂ ਪ੍ਰਭਾਵੀ 7ਵੇਂ ਪੇ ਐਂਡ ਕਮਿਸ਼ਨ ਦੇ ਬਕਾਏ (ਅਰਿਅਰਜ਼) ਜਾਰੀ ਨਹੀਂ ਕੀਤੇ ਗਏ, ਜੋ ਵਾਰ-ਵਾਰ ਪ੍ਰਤੀਨਿਧਤਾ ਦੇ ਬਾਵਜੂਦ ਲੰਬਿਤ ਹਨ। ਲੰਬਿਤ ਸੀਏਐੱਸ ਪ੍ਰੋਮੋਸ਼ਨ ਮਾਮਲਿਆਂ ਦਾ ਨਿਪਟਾਰਾ ਅਤੇ 01.10.2022 ਤੋਂ 28.02.2024 ਦੀ ਮਿਆਦ ਦੇ ਪੂਰਕ ਦਾਅਵਾ ਬਕਾਏ (ਸਪਲੀਮੈਂਟਰੀ ਕਲੇਮ ਅਰਿਅਰਜ਼) ਦਾ ਭੁਗਤਾਨ ਵੀ ਨਹੀਂ ਹੋਇਆ। ਯੋਗ ਕਾਲਜ ਅਧਿਆਪਕਾਂ ਲਈ ਪੁਰਾਣੀ ਪੈਨਸ਼ਨ ਯੋਜਨਾ (ਓਪੀਐਸ) ਅਤੇ ਗ੍ਰੈਚਿਊਟੀ ਲਾਭਾਂ ਦੀ ਬਹਾਲੀ ਵੀ ਜ਼ਰੂਰੀ ਹੈ। ਪੀਸੀਪੀਟੀਯੂ ਦੇ ਵਿੱਤ ਸਕੱਤਰ ਡਾ. ਲਲਿਤ ਕੁਮਾਰ ਨੇ ਅਧਿਆਪਕਾਂ ਦੀ ਅਕਾਦਮਿਕ ਕਰੀਅਰ ਤਰੱਕੀ ਦੀ ਸੁਰੱਖਿਆ ਲਈ ਯੂਜੀਸੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਿਫ੍ਰੈਸ਼ਰ ਕੋਰਸ ’ਚ ਛੋਟ (ਰਿਲੈਕਸੇਸ਼ਨ) ਦੇਣ ਦੀ ਮੰਗ ਉਠਾਈ। ਜਨਤਕ ਛੁੱਟੀਆਂ ਦੀ ਪਾਲਣਾ ’ਚ ਇਕਸਾਰਤਾ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੇ ਕੈਲੰਡਰ ਅਨੁਸਾਰ ਜੀਐੱਨਡੀਯੂ ਅਕਾਦਮਿਕ ਕੈਲੰਡਰ ’ਚ ਜਨਤਕ ਛੁੱਟੀਆਂ ਘੋਸ਼ਿਤ ਕਰਨ ਦੀ ਵੀ ਲੋੜ ਤੇ ਜ਼ੋਰ ਦਿੱਤਾ। ਇਸ ਮੌਕੇ ਪੀਸੀਪੀਟੀਯੂ ਦੇ ਜ਼ਿਲ੍ਹਾ ਸਕੱਤਰ ਡਾ. ਸਨੀ ਸ਼ਰਮਾ, ਪ੍ਰਧਾਨ ਡਾ. ਹੀਰਾ ਸਿੰਘ, ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਡਾ. ਪਰਮਿੰਦਰਜੀਤ ਕੌਰ, ਨਵਾਂਸ਼ਹਿਰ ਦੇ ਪ੍ਰਧਾਨ ਪ੍ਰੋ. ਰੌਬਿਨ, ਕਪੂਰਥਲਾ ਦੇ ਪ੍ਰਧਾਨ ਪ੍ਰੋ. ਸੇਵਾ ਸਿੰਘ ਅਤੇ ਜੀਐਨਡੀਯੂ ਏਰੀਆ ਸਕੱਤਰ ਡਾ. ਅਸ਼ਮੀਨ ਕੌਰ ਨੇ ਵੀ ਸਭਾ ਨੂੰ ਸੰਬੋਧਨ ਕੀਤਾ। ਸਾਰਿਆ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਨ੍ਹਾਂ ਜਾਇਜ਼ ਮੰਗਾਂ ਦੇ ਲੰਬੇ ਸਮੇਂ ਤੋਂ ਲੰਬਿਤ ਰਹਿਣ ਕਾਰਨ ਅਧਿਆਪਕ ਭਾਈਚਾਰਾ ਲੋਕਤੰਤਰੀ ਅਤੇ ਸ਼ਾਂਤੀਪੂਰਨ ਅੰਦੋਲਨ ਕਰਨ ਲਈ ਮਜਬੂਰ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ, ਡੀਪੀਆਈ (ਕਾਲਜ) ਅਤੇ ਜੀਐੱਨਡੀਯੂ ਅਧਿਕਾਰੀਆਂ ਨੂੰ ਤੁਰੰਤ ਧਿਆਨ ਦੇਣ ਤੇ ਇਨ੍ਹਾਂ ਮੁੱਦਿਆਂ ਦੇ ਹੱਲ ਦੀ ਦਿਸ਼ਾ ਵਿੱਚ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ।