ਪੰਜਾਬ ਦਾ ਨੌਜਵਾਨ ਵਰਗ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖੇ : ਸੰਧੂ ਸਕੂਲ ਦਾ 14ਵਾਂ ਸਲਾਨਾ ਖੇਡ ਸਮਾਰੋਹ ਸੰਪੰਨ
Publish Date: Sat, 28 Nov 2026 05:34 PM (IST)
Updated Date: Sun, 29 Nov 2026 04:02 AM (IST)
* ਬੀਐੱਨਐੱਸ ਇੰਟਰਨੈਸ਼ਨਲ ਸਕੂਲ ਦਾ 14ਵਾਂ ਸਲਾਨਾ ਖੇਡ ਸਮਾਰੋਹ ਸੰਪੰਨ * ਚੈਂਪੀਅਨ ਤਾਜ ਲਾਇਨ ਹਾਊਸ ਸਿਰ ਸੱਜਿਆ, ਟਾਈਗਰ ਹਾਊਸ ਉਪ ਜੇਤੂ ਫੋਟੋ-26 ਕੈਪਸ਼ਨ : ਚੈਂਪੀਅਨ ਲਾਇਨ ਹਾਊਸ ਨੂੰ ਸਨਮਾਨਿਤ ਕਰਦੇ ਬੀਐਸਐਫ ਅਧਿਕਾਰੀ ਗੁਰਦੀਪ ਸਿੰਘ ਸੰਧੂ ਨਾਲ ਹਨ ਪ੍ਰਿੰ. ਗੁਰਚਰਨ ਸਿੰਘ ਸੰਧੂ, ਅਜੀਤ ਸਿੰਘ ਰੰਧਾਵਾ, ਅਵਤਾਰ ਸਿੰਘ ਬਾਕਸਰ, ਜੋਤੀ ਠਾਕੁਰ ਤੇ ਹੋਰ। ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਰਹੱਦੀ ਖਿੱਤੇ ਵਿਚ ਸੱਸਤੀਆਂ ਤੇ ਮਿਆਰੀ ਵਿੱਦਿਅਕ ਸੇਵਾਵਾਂ ਦੇਣ ਵਾਲੀ ਵਿੱਦਿਅਕ ਸੰਸਥਾ ਸੰਧੂ ਗਰੁੱਪ ਆਫ ਸਕੂਲਜ਼ ਦੇ ਪ੍ਰਬੰਧ ਅਧੀਨ ਬੀਐੱਨਐੱਸ ਇੰਟਰਨੈਸ਼ਨਲ ਸਕੂਲ ਭਿੱਟੇਵੱਡ ਦਾ ਸਲਾਨਾ 14ਵਾਂ ਸਪੋਰਟਸ ਡੇਅ ‘ਖੇਡੋ, ਸਿੱਖੋ ਤੇ ਜਿੱਤੋ’ ਦਾ ਹੌਕਾ ਦਿੰਦਾ ਸੰਪੰਨ ਹੋ ਗਿਆ। ਜਿਸ ਦਾ ਚੈਂਪੀਅਨ ਤਾਜ ਲਾਇਨ ਹਾਊਸ ਦੇ ਸਿਰ ਸੱਜਿਆ। ਜਦਕਿ ਟਾਈਗਰ ਹਾਊਸ ਉਪ ਜੇਤੂ ਬਣਿਆ। ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਕਰਮਿੰਦਰ ਸਿੰਘ ਸੰਧੂ ਕੈਨੇਡਾ ਦੇ ਦਿਸ਼ਾ-ਨਿਰਦੇਸ਼ਾਂ, ਐਮਡੀ ਕਮ ਪ੍ਰਿੰਸੀਪਲ ਗੁਰਚਰਨ ਸਿੰਘ ਸੰਧੂ ਦੇ ਮਿਸਾਲੀ ਪ੍ਰਬੰਧਾਂ ਤੇ ਸੁਪਰਵਾਈਜਰ ਕਮ ਮੈਨੇਜਰ ਜੋਤੀ ਠਾਕੁਰ ਦੀ ਅਗਵਾਈ ਵਿਚ ਆਯੋਜਿਤ ਇਸ 5 ਰੋਜਾ ਸਲਾਨਾ ਖੇਡ ਸਮਾਰੋਹ ਦੇ ਦੌਰਾਨ ਵੱਖ-ਵੱਖ ਹਾਊਸਾਂ ਦੇ 600 ਦੇ ਕਰੀਬ ਛੋਟੇ ਵੱਡੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਆਪਣੀ ਖੇਡਸ਼ੈਲੀ ਦਾ ਪ੍ਰਦਰਸ਼ਨ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਲਾਨਾ ਖੇਡ ਸਮਾਰੋਹ ਦੇ ਦੌਰਾਨ ਗ੍ਰੀਨ, ਰੈਡ, ਬਲਿਊ ਤੇ ਆਰੇਂਜ ਹਾਊਸ ਦੇ ਨਰਸਰੀ ਤੋਂ ਯੂਕੇਜੀ ਤੱਕ ਦੇ ਮਾਸੂਮੀਅਤ ਦੇ ਪੈਮਾਨੇ ’ਚ ਤਰਾਸ਼ੇ ਨੰਨ੍ਹੇ-ਮੁੰਨੇ ਬੱਚਿਆਂ ਤੋਂ ਇਲਾਵਾ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਜਦੋਂ ਕਿ ਅਧਿਆਪਨ ਤੇ ਗੈਰ ਅਧਿਆਪਨ ਸਟਾਫ ਦੀਆਂ ਵੀ ਰਵਾਇਤੀ ਤੇ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ 181 ਬਟਾਲੀਅਨ ਬੀਐਸਐਫ ਦੇ ਸੈਕੰਡ ਇੰਨ ਕਮਾਂਡ ਗੁਰਦੀਪ ਸਿੰਘ ਸੰਧੂ ਨੇ ਅਦਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰੀ ਬਣਾ ਕੇ ਖੇਡ ਤੇ ਵਿੱਦਿਅਕ ਖੇਤਰ ਨੂੰ ਸਮਾਨਾਂਤਰ ਰੱਖਦੇ ਹੋਏ ਦੇਸ਼ ਦੀਆਂ ਵੱਖ-ਵੱਖ ਮਿਲਟਰੀ ਤੇ ਪੈਰਾ ਮਿਲਟਰੀ ਫੋਰਸਾਂ ਦੇ ਵਿੱਚ ਭਰਤੀ ਹੋ ਕੇ ਦੇਸ਼ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਦਿਹਾਤੀ ਖੇਤਰ ਦਾ ਨੌਜਵਾਨ ਵਰਗ ਤਗੜੇ ਤੇ ਮਜ਼ਬੂਤ ਜੁਸੇ ਦਾ ਮਾਲਕ ਹੈ। ਜੋ ਮਿਲਟਰੀ ਤੇ ਪੈਰਾ ਮਿਲਟਰੀ ਫੋਰਸਾਂ ਦੇ ਰਾਹੀਂ ਦੇਸ਼ ਦੀ ਸੁਰੱਖਿਆ ਦੇ ਵਿਚ ਅਹਿਮ ਭੂਮਿਕਾ ਅਦਾ ਕਰ ਸੱਕਦਾ ਹੈ। ਉਨ੍ਹਾਂ ਪੇਂਡੂ ਖੇਤਰ ਦੇ ਵਿੱਚ ਖੇਡ ਖੇਤਰ ਨੂੰ ਉਤਸ਼ਾਹਿਤ ਤੇ ਪ੍ਰਫੁੱਲਤ ਕਰਨ ਦੇ ਬਦਲੇ ਸਕੂਲ ਪ੍ਰਬੰਧਕਾਂ ਦੀ ਜੰਮ ਕੇ ਪ੍ਰਸ਼ੰਸ਼ਾ ਕੀਤੀ ਤੇ ਸਫਲ ਆਯੋਜਨ ਦੇ ਲਈ ਵਧਾਈ ਦਿੱਤੀ। ਇਸ ਦੌਰਾਨ ਮਾਸਟਰ ਐਥਲੀਟ ਅਜੀਤ ਸਿੰਘ ਰੰਧਾਵਾ, ਮਾਸਟਰ ਐਥਲੀਟ ਅਵਤਾਰ ਸਿੰਘ ਬਾਕਸਰ (ਜੀਐਨਡੀਯੂ), ਧਰਵਿੰਦਰ ਔਲਖ, ਐਡਮਿੰਨ ਅਫਸਰ ਜੀਐਸ ਸੰਧੂ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਦੇ ਵਿੱਚ ਸ਼ਾਨਦਾਰ ਤੇ ਬੇਹਤਰ ਭੂਮਿਕਾਵਾਂ ਨਿਭਾਉਣ ਵਾਲੇ ਧਿਆਪਕਾਂ ਨੂੰ ਵੀ ਵਿਸ਼ੇਸ਼ ਮਾਨ-ਸਨਮਾਨ ਦਿੱਤਾ ਗਿਆ। ਜਦੋਂ ਕਿ 400 ਮੀਟਰ ਰੇਸ ਦੇ ਦੌਰਾਨ ਗਗਨਦੀਪ ਕੌਰ, ਗੁਰਪ੍ਰੀਤ ਕੌਰ ਤੇ ਸਰਬਜੀਤ ਕੌਰ ਨੰੱੂ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਤੇ ਦੇਸੀ ਘਿਓ ਤੇ ਨਗਦ ਇਨਾਮੀ ਰਾਸ਼ੀ ਦੇ ਨਾਲ ਉਚੇਚੇ ਤੌਰ ’ਤੇ ਨਵਾਜਿਆ ਗਿਆ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ 181 ਬਟਾਲੀਅਨ ਬੀਐਸਐਫ ਦੇ ਸੈਕੰਡ ਇੰਨ ਕਮਾਂਡ ਗੁਰਦੀਪ ਸਿੰਘ ਸੰਧੂ ਨੂੰ ਸਨਮਾਨ ਚਿੰਨ੍ਹ ਤੇ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਐਡਮਿੰਨ ਅਫਸਰ ਜੀਐਸ ਸੰਧੂ ਦੇ ਵੱਲੋਂ ਮੁੱਖ ਮਹਿਮਾਨ ਸਮੇਤ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੁੱਚਾ ਅਧਿਆਪਨ ਤੇ ਗੈਰ ਅਧਿਆਪਨ ਸਟਾਫ ਮੈਂਬਰ ਹਾਜ਼ਰ ਸਨ।