ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਵਿਚਾਰ ਸਾਂਝੇ ਕੀਤੇ ਮਹੰਤ ਕੌਸ਼ਲ ਦਾਸ ਡੀਏਵੀ ਸਕੂਲ ਵਿਖੇ ਮਨਾਇਆ ‘ਨੋ ਤੰਬਾਕੂ ਡੇ’
Publish Date: Sat, 28 Nov 2026 04:38 PM (IST)
Updated Date: Sun, 29 Nov 2026 04:02 AM (IST)
* ਮਹੰਤ ਕੌਸ਼ਲ ਦਾਸ ਡੀਏਵੀ ਸਕੂਲ ’ਚ ਮਨਾਇਆ ‘ਨੋ ਤੰਬਾਕੂ ਡੇ’ * ਸਿਹਤ ਲਈ ਤੰਬਾਕੂ ਹਾਨੀਕਾਰਕ, ਨੌਜਵਾਨਾਂ ਨੂੰ ਦੂਰ ਰਹਿਣ ਦੀ ਲੋੜ : ਡਾ. ਭੱਟੀ ਫੋਟੋ : 13 ਕੈਪਸ਼ਨ : ‘ਨੋ ਤੰਬਾਕੂ ਡੇ’ ਦੌਰਾਨ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨਾਲ ਪ੍ਰਿੰਸੀਪਲ ਡਾ. ਗੁਰਬਿੰਦਰ ਸਿੰਘ ਭੱਟੀ। ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਮਹੰਤ ਕੌਸ਼ਲ ਦਾਸ ਡੀਏਵੀ ਪਬਲਿਕ ਸਕੂਲ ਨੇਸ਼ਟਾ (ਅਟਾਰੀ) ਵਿਖੇ ਵਿਦਿਆਰਥੀਆਂ ਨੂੰ ਤੰਬਾਕੂ ਤੇ ਇਸ ਤੋਂ ਬਣੇ ਉਤਪਾਦਾਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਅਤੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ‘ਨੋ ਤੰਬਾਕੂ ਡੇ’ ਮਨਾਇਆ ਗਿਆ। ਸਵੇਰ ਦੀ ਵਿਸ਼ੇਸ਼ ਸਭਾ (ਅਸੈਂਬਲੀ) ਦੌਰਾਨ ਵਿਦਿਆਰਥੀਆਂ ਨੇ ਤੰਬਾਕੂ ਦੇ ਸੇਵਨ ਨਾਲ ਮਨੁੱਖੀ ਸਿਹਤ ਤੇ ਪੈਣ ਵਾਲੇ ਸਰੀਰਕ ਤੇ ਮਾਨਸਿਕ ਮਾੜੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਸੰਬੋਧਨ ਰਾਹੀਂ ਦੱਸਿਆ ਕਿ ਤੰਬਾਕੂ ਤੇ ਇਸ ਤੋਂ ਬਣੇ ਵੱਖ-ਵੱਖ ਉਤਪਾਦ ਮਨੁੱਖੀ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਨਾ ਸਿਰਫ ਵਿਅਕਤੀ ਦੀ ਸਿਹਤ ਪ੍ਰਭਾਵਿਤ ਹੁੰਦੀ ਹੈ ਸਗੋਂ ਉਸ ਦੇ ਪਰਿਵਾਰ ਤੇ ਸਮਾਜ ਤੇ ਵੀ ਇਸ ਦੇ ਮਾੜੇ ਨਤੀਜੇ ਪੈਂਦੇ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਤੰਬਾਕੂ ਤੋਂ ਦੂਰ ਰਹਿਣ ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਗੁਰਬਿੰਦਰ ਸਿੰਘ ਭੱਟੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੰਬਾਕੂ ਤੇ ਇਸ ਤੋਂ ਬਣੇ ਉਤਪਾਦਾਂ ਦਾ ਸੇਵਨ ਕਿਸੇ ਵੀ ਪਖ ਤੋਂ ਉਚਿਤ ਨਹੀਂ ਹੈ, ਇਹ ਮਨੁੱਖੀ ਸਿਹਤ ਲਈ ਬੇਹੱਦ ਨੁਕਸਾਨਦੇਹ ਹਨ ਤੇ ਇਨ੍ਹਾਂ ਤੋਂ ਦੂਰ ਰਹਿਣਾ ਹੀ ਬਿਹਤਰ ਜੀਵਨ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਸਕੂਲੀ ਜੀਵਨ ਦੌਰਾਨ ਬੱਚਿਆਂ ਅੰਦਰ ਚੰਗੀਆਂ ਆਦਤਾਂ ਅਤੇ ਸਿਹਤ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਜੇਕਰ ਉਹ ਅੱਜ ਤੋਂ ਹੀ ਨਸ਼ਿਆਂ ਅਤੇ ਤੰਬਾਕੂ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਦਾ ਸੰਕਲਪ ਲੈਣ ਤਾਂ ਇੱਕ ਸਿਹਤਮੰਦ ਅਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਸੰਭਵ ਹੋ ਸਕਦੀ ਹੈ। ਇਸ ਮੌਕੇ ਲੈਕਚਰਾਰ ਗੌਤਮ ਬਜਾਜ, ਬਲਜਿੰਦਰ ਕੌਰ, ਸ਼ਰੂਤੀ, ਮੰਜੂ ਬਾਲਾ, ਲੈਕਚਰਾਰ ਅੰਕੁਰ ਚੌਹਾਨ ਅਤੇ ਓਮ ਪ੍ਰਕਾਸ਼ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।