ਹੈਬਰਨ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਪੇਸ਼ਕਾਰੀਆਂ ਨਾਲ ਬੰਨ੍ਹਿਆ ਰੰਗ ਹੈਬਰਨ ਵਰਲਡ ਸਕੂਲ ਦੇ ਸਾਲਾਨਾ ਸਮਾਰੋਹ 'ਚ ਰੰਗਾਰੰਗ ਪੇਸ਼ਕਾਰੀਆਂ ਨਾਲ ਬੰਨ੍ਹਿਆ ਰੰਗ
Publish Date: Sun, 22 Nov 2026 07:02 PM (IST)
Updated Date: Sun, 22 Nov 2026 07:04 PM (IST)
ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ ਅਜਨਾਲਾ: ਹੈਬਰਨ ਵਰਲਡ ਸਕੂਲ ਦੇ ਸਾਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਰੋਬਿਨਜੀਤ ਕੌਰ ਪੀਸੀਐੱਸ, ਆਰਟੀਓ ਪਠਾਨਕੋਟ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਰੋਬਿਨਜੀਤ ਕੌਰ, ਸਕੂਲ ਦੇ ਐੱਮਡੀ ਇੰਦਰਜੀਤ ਸਿੰਘ ਭਾਟੀਆ, ਡਾਇਰੈਕਟਰ ਮਨਰੀਤ ਸਿੰਘ ਭਾਟੀਆ, ਹੈਬਰਨ ਵਰਲਡ ਸਕੂਲ ਦੀ ਪ੍ਰਿੰਸੀਪਲ ਦੀਪਿਕਾ ਕਪੂਰ, ਡੀਡੀਆਈ ਸਕੂਲ ਦੀ ਡਾਇਰੈਕਟਰ ਮੈਡਮ ਐਕਮੀ ਭਾਟੀਆ ਅਤੇ ਡੀਡੀਆਈ ਸਕੂਲ ਦੀ ਪ੍ਰਿੰਸੀਪਲ ਸਵਲੀਨ ਭਾਟੀਆ ਵੱਲੋਂ ਸ਼ਮ੍ਹਾਂ ਰੋਸ਼ਨ ਕਰਕੇ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਨੰਨੇ-ਮੁੰਨੇ ਬੱਚਿਆਂ ਵੱਲੋਂ ਧਾਰਮਿਕ ਸ਼ਬਦ ਦੀ ਪੇਸ਼ਕਾਰੀ ਨਾਲ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਅਤੇ ਆਏ ਹੋਏ ਮਹਿਮਾਨਾਂ ਦੇ ਮਨੋਰੰਜਨ ਲਈ ਵੱਖ-ਵੱਖ ਦਿਲਕਸ਼ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ। ਬੱਚਿਆਂ ਵੱਲੋਂ ਗਿੱਧਾ, ਭੰਗੜਾ ਅਤੇ ਹੋਰ ਮਨਮੋਹਕ ਆਈਟਮਾਂ ਪੇਸ਼ ਕਰਕੇ ਸਮਾਗਮ ਵਿਚ ਰੰਗ ਬੰਨ੍ਹ ਦਿੱਤਾ ਗਿਆ। ਨੰਨੇ-ਮੁੰਨੇ ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਮਾਪਿਆਂ ਵੱਲੋਂ ਤਾੜੀਆਂ ਨਾਲ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਦੀਪਿਕਾ ਕਪੂਰ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਅਤੇ ਸਾਲਾਨਾ ਰਿਪੋਰਟ ਪੜ੍ਹ ਕੇ ਸੁਣਾਈ ਗਈ। ਉਨ੍ਹਾਂ ਸਕੂਲ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਅਤੇ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਕੂਲ ਦੇ ਐਮਡੀ ਇੰਦਰਜੀਤ ਸਿੰਘ ਭਾਟੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਕੂਲ ਵੱਲੋਂ ਮਾਪਿਆਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰੀ ਤਰ੍ਹਾਂ ਨਿਭਾਇਆ ਗਿਆ ਹੈ। ਇਸ ਮੌਕੇ ਮੁੱਖ ਮਹਿਮਾਨ ਰੋਬਿਨਜੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਲਾਕੇ ਵਿੱਚ ਪੰਜ ਏਕੜ ਜ਼ਮੀਨ ਵਿੱਚ ਭਾਟੀਆ ਸਾਹਿਬ ਵੱਲੋਂ ਅਜਿਹਾ ਸ਼ਾਨਦਾਰ ਸਕੂਲ ਸਥਾਪਿਤ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ। ਸਮਾਗਮ ਵਿਦਿਆਰਥੀਆਂ ਦੇ ਹੁਨਰ, ਆਤਮ-ਵਿਸ਼ਵਾਸ ਅਤੇ ਸੱਭਿਆਚਾਰਕ ਪ੍ਰਤਿਭਾ ਨੂੰ ਉਜਾਗਰ ਕਰਨ ਦਾ ਇੱਕ ਸ਼ਾਨਦਾਰ ਮੰਚ ਸਾਬਤ ਹੋਇਆ। ਅਖੀਰ ਵਿੱਚ ਸਕੂਲ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨ ਰੋਬਿਨਜੀਤ ਕੌਰ ਪੀਸੀਐਸ, ਆਰਟੀਓ ਪਠਾਨਕੋਟ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।