- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੀਰਥ ਪਹੁੰਚੀ ਸਿੱਧ ਪੀਠ ਮਾਤਾ ਲਾਲ ਦੇਵੀ ਭਵਨ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਭਗਵਾਨ ਵਾਲਮੀਕਿ ਤੀਰਥ 'ਚ ਆਯੋਜਿਤ ਸਾਲਾਨਾ ਸ੍ਰੀ ਰਾਮ ਤੀਰਥ ਮੇਲੇ ’ਚ ਭਗਤਾਂ ਨੇ ਨਤਮਸਤਕ ਹੋ ਕੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਉੱਥੇ ਹੀ ਸ੍ਰੀ ਮਾਤਾ ਲਾਲ ਦੇਵੀ ਭਵਨ, ਮਾਡਲ ਟਾਊਨ ਵੱਲੋਂ ਸ੍ਰੀ ਰਾਮਤੀਰਥ ਮੇਲੇ ਦੇ ਸਬੰਧ 'ਚ ਸ਼ੋਭਾ ਯਾਤਰਾ ਕੱਢੀ ਗਈ। ਇਹ ਮੇਲਾ ਕਰੀਬ 30 ਨਵੰਬਰ ਤੱਕ ਚੱਲੇਗਾ। ਐਤਵਾਰ ਨੂੰ ਸ਼ਰਧਾਲੂਆਂ ਨੇ ਤੀਰਥ ਕੰਪਲੈਕਸ 'ਚ ਬਣੇ ਸਾਰੇ ਮੰਦਰਾਂ 'ਚ ਮੱਥਾ ਟੇਕਿਆ ਅਤੇ ਭਗਤਾਂ ਨੇ ਆਪਣੇ ਘਰ ਦੀ ਮਨੋਕਾਮਨਾ ਲਈ ਇੱਟਾਂ ਦਾ ਘਰ ਬਣਾ ਕੇ ਮੰਨਤ ਮੰਗੀ। ਇਸ ਤੋਂ ਇਲਾਵਾ ਮੋਮਬੱਤੀਆਂ ਵੀ ਜਗਾਈਆਂ ਗਈਆਂ। ਆਏ ਹੋਏ ਸ਼ਰਧਾਲੂਆਂ ਨੇ ਤੀਰਥ 'ਚ ਬਣੇ ਮਾਤਾ ਸੀਤਾ ਕੁਟੀਆ, ਭਗਵਾਨ ਵਾਲਮੀਕਿ ਧੂਣਾ ਸਾਹਿਬ, ਲਵ-ਕੁਸ਼ ਪਾਠਸ਼ਾਲਾ, ਸਰੋਵਰ 'ਚ ਬਣੇ ਭਗਵਾਨ ਵਾਲਮੀਕਿ ਮੰਦਰ, ਸ੍ਰੀ ਰਾਧਾ ਕ੍ਰਿਸ਼ਨ ਮੰਦਰ, ਬਾਬਾ ਭੌੜੇ ਵਾਲਾ ਮੰਦਰ, ਮਾਤਾ ਲਾਲ ਦੇਵੀ ਮੰਦਰ, ਸ੍ਰੀ ਜਨਕਪੁਰੀ ਮੰਦਰ, ਮਹਾਬੀਰ ਦਲ ਮੰਦਰ, ਆਰਤੀ ਦੇਵਾ ਮੰਦਰ ਤੇ ਹੋਰ ਮੰਦਰਾਂ 'ਚ ਨਤਮਸਤਕ ਹੋ ਕੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਅਰਾਧਨਾ ਕੀਤੀ। ਲਵ-ਕੁਸ਼ ਪਾਠਸ਼ਾਲਾ ਦੇ ਮਹੰਤ ਮਨਜੀਤ ਗਿਰੀ ਨੇ ਕਿਹਾ ਕਿ ਮੇਲੇ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਜੋ ਵੀ ਸ਼ਰਧਾਲੂ ਸੱਚੇ ਮਨ ਨਾਲ ਦਰਬਾਰ 'ਚ ਆਉਂਦਾ ਹੈ, ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਆਉਣ ਵਾਲੇ ਦਿਨਾਂ 'ਚ ਸ਼ਰਧਾਲੂਆਂ ਦੀ ਗਿਣਤੀ ਕਾਫ਼ੀ ਵਧਣ ਦੀ ਸੰਭਾਵਨਾ ਹੈ।
ਸਿੱਧ ਪੀਠ ਮਾਤਾ ਲਾਲ ਦੇਵੀ ਭਵਨ, ਮਾਡਲ ਟਾਊਨ ਤੋਂ ਸ੍ਰੀ ਰਾਮਤੀਰਥ ਮੇਲੇ ਦੇ ਸਬੰਧ 'ਚ ਸ਼ੋਭਾ ਯਾਤਰਾ ਕੱਢੀ ਗਈ, ਜੋ ਕਿ ਤੀਰਥ ਕੰਪਲੈਕਸ 'ਚ ਸਥਿਤ ਮਾਤਾ ਲਾਲ ਦੇਵੀ ਭਵਨ 'ਚ ਪਹੁੰਚੀ। ਭਗਤਾਂ ਨੇ ਫੁੱਲਾਂ ਦੀ ਵਰਖਾ ਨਾਲ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਇਸ ਮੌਕੇ 'ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਵਿਧਾਇਕ ਸੁਨੀਲ ਦੱਤੀ, ਸਾਬਕਾ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਕੌਂਸਲਰ ਵਿਕਾਸ ਸੋਨੀ, ਕੌਂਸਲਰ ਨੀਤੂ ਟਾਂਗਰੀ, ਸੰਜੀਵ ਟਾਂਗਰੀ, ਸਤੀਸ਼ ਬੱਲੂ, ਕੌਂਸਲਰ ਰਮਨ ਰਮੀ, ਸਤੀਸ਼ ਸ਼ਰਮਾ ਤੋਂ ਇਲਾਵਾ ਕਮੇਟੀ ਦੇ ਪ੍ਰਧਾਨ ਵਿਕਰਮ ਸ਼ਰਮਾ, ਵਿਜੇ ਸ਼ਰਮਾ, ਅਸ਼ੋਕ ਸੋਨੀ, ਮਹੰਤ ਦੇਵੀ ਦਾਸ, ਪਰਮਜੀਤ ਪੰਮਾ, ਮਹੰਤ ਅਮਨ ਅਤੇ ਹੋਰ ਭਗਤ ਸ਼ਾਮਲ ਸਨ। ਸ੍ਰੀ ਰਾਮਤੀਰਥ 'ਚ ਪੰਡਿਤ ਨਾਨਕ ਚੰਦ ਮਾਤਾ-ਪਿਤਾ ਬਿਰਧ ਆਸ਼ਰਮ 'ਚ ਸੰਤ ਆਰਤੀ ਦੇਵਾ ਮਹਾਰਾਜ ਦੀ ਅਗਵਾਈ 'ਚ ਸੰਤ-ਮਹਾਪੁਰਖਾਂ ਨੇ ਪ੍ਰਵਚਨ ਦੇ ਕੇ ਆਏ ਹੋਏ ਲੋਕਾਂ ਨੂੰ ਧਰਮ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ।
---
ਭਗਵਾਨ ਵਾਲਮੀਕਿ ਤੀਰਥ ਸ੍ਰੀ ਧੂਣਾ ਸਾਹਿਬ ਟਰੱਸਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਅਤੇ ਮਹੰਤ ਮਲਕੀਤ ਨਾਥ ਨੇ ਦੱਸਿਆ ਕਿ ਮੇਲੇ ਦੇ ਸ਼ੁਭ ਆਰੰਭ 'ਤੇ ਅੱਜ 23 ਨਵੰਬਰ ਨੂੰ ਤੀਰਥ ਕੰਪਲੈਕਸ 'ਚ ਹਵਨ-ਯੱਗ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਤੀਰਥ ਪਰਿਸਰ 'ਚ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਪਵਿੱਤਰ ਸਰੋਵਰ 'ਚ ਮੱਛੀ ਨੂੰ ਨੱਥ ਪਾਈ ਜਾਵੇਗੀ।
--
ਪਵਿੱਤਰ ਸਰੋਵਰ ’ਚ ਇਸ਼ਨਾਨ ਕਰਨ ’ਚ ਆ ਸਕਦੀ ਹੈ ਭਗਤਾਂ ਨੂੰ ਕਾਫ਼ੀ ਮੁਸ਼ਕਲ
24 ਨਵੰਬਰ ਨੂੰ ਕਾਰਤਿਕ ਪੂਰਨਮਾਸ਼ੀ ਹੈ। ਇਸ ਲਈ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਨ ਦੀ ਮਾਨਤਾ ਹੈ। ਇਸ ਸਮੇਂ ਪਵਿੱਤਰ ਸਰੋਵਰ ਦਾ ਜਲ-ਪੱਧਰ ਕਾਫ਼ੀ ਹੇਠਾਂ ਹੈ। ਕਾਰਤਿਕ ਪੂਰਨਮਾਸ਼ੀ ਤੱਕ ਜਲ ਪੂਰੀ ਤਰ੍ਹਾਂ ਭਰਨ ਦੀ ਸੰਭਾਵਨਾ ਨਹੀਂ ਹੈ, ਜਿਸ ਕਾਰਨ ਸ਼ਰਧਾਲੂਆਂ ਨੂੰ ਕਾਰਤਿਕ ਪੂਰਨਮਾਸ਼ੀ 'ਤੇ ਇਸ਼ਨਾਨ ਕਰਨ ’ਚ ਕਾਫ਼ੀ ਮੁਸ਼ਕਲ ਆਵੇਗੀ। ਭਾਵੇਂ ਪ੍ਰਸ਼ਾਸਨ ਵੱਲੋਂ ਮੋਟਰ ਚਲਾ ਕੇ ਪਵਿੱਤਰ ਸਰੋਵਰ 'ਚ ਜਲ ਭਰਿਆ ਜਾ ਰਿਹਾ ਹੈ। ਜਲ-ਪੱਧਰ ਘੱਟ ਹੋਣ ਦਾ ਕਾਰਨ ਕੁਝ ਸਮਾਂ ਪਹਿਲਾਂ ਪਵਿੱਤਰ ਸਰੋਵਰ ’ਚ ਕਾਫ਼ੀ ਰੇਤ ਪਾਈ ਗਈ ਸੀ। ਮਾਤਾ ਸੀਤਾ ਬਾਉਲੀ ’ਚ ਇਸ਼ਨਾਨ ਕੀਤਾ ਜਾਵੇਗਾ, ਉਹ ਕਾਫ਼ੀ ਹੇਠਾਂ ਹੈ, ਜਿੱਥੇ ਸਿਰਫ਼ ਔਰਤਾਂ ਹੀ ਇਸ਼ਨਾਨ ਕਰਦੀਆਂ ਹਨ।