ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਥਾਪਨਾ ਵਰ੍ਹੇ ’ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਨਕਲੇਵ 25 ਤੋਂ ਸ਼ੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਸਥਾਪਨਾ ਵਰ੍ਹੇ ਨੂੰ ਸਮਰਪਿਤ 25-26 ਨਵੰਬਰ ਨੂੰ ਹੋਵੇਗਾ ਦੋ ਰੋਜ਼ਾ ਅੰਤਰਰਾਸ਼ਟਰੀ ਕਨਕਲੇਵ
Publish Date: Sun, 22 Nov 2026 04:59 PM (IST)
Updated Date: Sun, 22 Nov 2026 05:01 PM (IST)
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਸਥਾਪਨਾ ਵਰ੍ਹੇ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 25 ਅਤੇ 26 ਨਵੰਬਰ ਨੂੰ ਦੋ ਰੋਜ਼ਾ ‘ਇੰਟਰਨੈਸ਼ਨਲ ਕਨਕਲੇਵ ਆਨ ਅੰਮ੍ਰਿਤਸਰ 450’ ਕਰਵਾਈ ਜਾ ਰਹੀ ਹੈ। ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਵਿਚ ਕਰਵਾਈ ਜਾ ਰਹੀ ਇਸ ਕਨਕਲੇਵ ’ਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਤਿਹਾਸ, ਵਿਰਾਸਤ, ਸੱਭਿਆਚਾਰ, ਕਲਾ, ਭਾਸ਼ਾ, ਆਰਥਿਕਤਾ, ਵਪਾਰ, ਉਦਯੋਗ, ਸਿਹਤ, ਵਿਿਗਆਨ ਅਤੇ ਭਵਿੱਖੀ ਵਿਕਾਸ ਨਾਲ ਜੁੜੇ ਵੱਖ-ਵੱਖ ਪਹਿਲੂਆਂ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਇਹ ਕਨਕਲੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿਖੇ ਹੋਵੇਗਾ। ਕਨਕਲੇਵ ਦੇ ਉਦੇਸ਼ਾਂ ਨੂੰ ਸਾਂਝਾ ਕਰਦਿਆਂ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਦੋ ਰੋਜ਼ਾ ਕਨਕਲੇਵ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਤਿਹਾਸਕ, ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਮਹੱਤਤਾ ਦੇ ਨਾਲ-ਨਾਲ ਇਸ ਦੇ ਭਵਿੱਖੀ ਵਿਕਾਸ ਬਾਰੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਮਾਹਿਰਾਂ ਦੇ ਵਿਚਾਰ ਇੱਕ ਸਾਂਝੇ ਮੰਚ ’ਤੇ ਲਿਆਂਦੇ ਜਾਣਗੇ। ਪ੍ਰੋਗਰਾਮ ਦੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਹਰਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ 25 ਨਵੰਬਰ ਨੂੰ ਸਵੇਰੇ 10.30 ਵਜੇ ਹੋਣ ਵਾਲੇ ਉਦਘਾਟਨੀ ਸੈਸ਼ਨ ਵਿੱਚ ਪੰਜਾਬ ਦੇ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ, ਜਦਕਿ ਦਿੱਲੀ ਦੇ ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਸਵਾਗਤੀ ਭਾਸ਼ਣ ਦੇਣਗੇ। ਅਮਰੀਕਾ ਤੋਂ ਪ੍ਰੋ. (ਡਾ.) ਗੁਰਿੰਦਰ ਸਿੰਘ ਮਾਨ ਮੁੱਖ ਭਾਸ਼ਣ ਦੇਣਗੇ ਅਤੇ ਓਂਕਾਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਹਨਾਂ ਦੱਸਿਆ ਕਿ 25 ਨਵੰਬਰ ਨੂੰ ਦੁਪਹਿਰ 12.30 ਤੋਂ 2 ਵਜੇ ਤੱਕ ਕਾਨਫਰੰਸ ਹਾਲ ਵਿਚ ਡਾ. ਐੱਮ.ਐੱਲ. ਸਿੰਘ ਦੀ ਅਗਵਾਈ ਹੇਠ ਪੈਨਲ ਵਿਚਾਰ-ਚਰਚਾ ਹੋਵੇਗੀ। ਇਸ ਵਿੱਚ ਡਾ. ਅਵਤਾਰ ਸਿੰਘ, ਪ੍ਰੋ. ਰਣਜੀਤ ਸਿੰਘ ਘੁੰਮਣ, ਬੀਬੀ ਡਾ. ਇੰਦਰਜੀਤ ਕੌਰ, ਜਗਜੀਤ ਸਿੰਘ ਦਰਦੀ, ਗੁਰਬੀਰ ਸਿੰਘ, ਹਿਮਾਨੀ ਅਰੋੜਾ ਅਤੇ ਡਾ. ਨਿਰਮਲ ਸਿੰਘ ਜੌੜਾ ਆਪਣੇ ਵਿਚਾਰ ਸਾਂਝੇ ਕਰਨਗੇ। ਇਸੇ ਦਿਨ ਦੁਪਹਿਰ 3 ਤੋਂ 4.30 ਵਜੇ ਤੱਕ ਦੋ ਵਿਸ਼ੇਸ਼ ਸੈਸ਼ਨ ਕਰਵਾਏ ਜਾਣਗੇ। ਕਾਨਫਰੰਸ ਹਾਲ ਵਿਚ ਡੀਨ, ਕਾਲਜ ਵਿਕਾਸ ਕੌਂਸਲ ਦੀ ਅਗਵਾਈ ਹੇਠ ਕਾਲਜ ਪ੍ਰਿੰਸੀਪਲਾਂ ਦੀ ਮੀਟਿੰਗ ਹੋਵੇਗੀ, ਜਿਸ ਵਿਚ ਉਪ-ਕੁਲਪਤੀ ਅਤੇ ਪ੍ਰੋ. ਐੱਸਐੱਸ ਬਹਿਲ ਸਮੇਤ ਹੋਰ ਅਧਿਕਾਰੀ ਸ਼ਾਮਲ ਹੋਣਗੇ। ਦੂਜੇ ਪਾਸੇ ਕਮੇਟੀ ਰੂਮ ਵਿੱਚ ਡਾ. ਅਮਰਜੀਤ ਸਿੰਘ ਦੀ ਅਗਵਾਈ ਹੇਠ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਅਧਿਆਤਮਕ ਅਤੇ ਪਵਿੱਤਰ ਵਿਰਾਸਤ ਵਿਸ਼ੇ ’ਤੇ ਸੈਸ਼ਨ ਹੋਵੇਗਾ। ਇਸ ਦੀ ਪ੍ਰਧਾਨਗੀ ਅਮਰੀਕਾ ਤੋਂ ਡਾ. ਰਾਜਵੰਤ ਸਿੰਘ ਕਰਨਗੇ। ਕਨਕਲੇਵ ਦੇ ਪਹਿਲੇ ਦਿਨ ਸ਼ਾਮ 5.30 ਤੋਂ 7.30 ਵਜੇ ਤੱਕ ਲਾਈਟ ਐਂਡ ਸਾਊਂਡ ਸ਼ੋਅ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਦਾਸਤਾਨ-ਏ-ਅੰਮ੍ਰਿਤਸਰ ਪ੍ਰੋਗਰਾਮ ਦਸ਼ਮੇਸ਼ ਆਡੀਟੋਰੀਅਮ ਵਿਖੇ ਹੋਵੇਗਾ। 26 ਨਵੰਬਰ ਨੂੰ ਸਵੇਰੇ 10 ਤੋਂ 11.30 ਵਜੇ ਤੱਕ ਸਥਿਰਤਾ, ਰਹਿਣ-ਸਹਿਣ, ਸਿਹਤ ਅਤੇ ਵਿਗਿਆਨ ਅਤੇ ਵਪਾਰ, ਉਦਯੋਗ, ਕਾਮਰਸ ਅਤੇ ਆਰਥਿਕਤਾ ਵਿਸ਼ਿਆਂ ’ਤੇ ਦੋ ਤਕਨੀਕੀ ਸੈਸ਼ਨ ਹੋਣਗੇ। ਪਹਿਲਾ ਸੈਸ਼ਨ ਕਾਨਫਰੰਸ ਹਾਲ ਵਿੱਚ ਡਾ. ਕਮਲੇਸ਼ ਗੁਲੇਰੀਆ ਅਤੇ ਦੂਜਾ ਕਮੇਟੀ ਰੂਮ ਵਿੱਚ ਡਾ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਦੁਪਹਿਰ 12 ਤੋਂ 1.30 ਵਜੇ ਤੱਕ ਅੰਮ੍ਰਿਤਸਰ ਦਾ ਆਰਕੀਟੈਕਚਰ, ਯੋਜਨਾਬੰਦੀ, ਇਤਿਹਾਸ ਅਤੇ ਭਵਿੱਖ ਅਤੇ ਕਲਾ, ਸੱਭਿਆਚਾਰ ਅਤੇ ਭਾਸ਼ਾ ਵਿਸ਼ਿਆਂ ’ਤੇ ਸੈਸ਼ਨ ਹੋਣਗੇ। ਪਹਿਲੇ ਸੈਸ਼ਨ ਦੀ ਅਗਵਾਈ ਡਾ. ਰਾਵਲ ਸਿੰਘ ਕਰਨਗੇ, ਜਦਕਿ ਦੂਜੇ ਸੈਸ਼ਨ ਵਿੱਚ ਪ੍ਰੋ. ਹਰਜੀਤ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ।