ਸਨੈਚਿੰਗ ਦੇ ਮਾਮਲੇ ’ਚ ਦੋ ਦੋਸ਼ੀਆਂ ਨੂੰ 10-10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸਨੈਚਿੰਗ ਦੇ ਮਾਮਲੇ ’ਚ ਦੋ ਦੋਸ਼ੀਆਂ ਨੂੰ 10-10 ਸਾਲ ਦੀ ਸਖ਼ਤ ਕੈਦ ਦੀ ਸਜ਼ਾ
Publish Date: Sun, 22 Nov 2026 04:53 PM (IST)
Updated Date: Sun, 22 Nov 2026 04:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੀੜਤ ਨੂੰ ਇਨਸਾਫ਼ ਦਿਵਾਉਣ ਅਤੇ ਕਾਨੂੰਨ ਦੇ ਰਾਜ ਨੂੰ ਮਜ਼ਬੂਤ ਕਰਨ ਵਾਲੇ ਇੱਕ ਅਹਿਮ ਫ਼ੈਸਲੇ ਵਿਚ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ, ਅੰਮ੍ਰਿਤਸਰ ਵੱਲੋਂ ਸਨੈਚਿੰਗ ਦੇ ਇਕ ਮਾਮਲੇ ਵਿੱਚ ਦੋ ਦੋਸ਼ੀਆਂ, ਜਿਨ੍ਹਾਂ ਵਿਚ ਸੰਨੀ ਦਿਓਲ ਉਰਫ਼ ਸੰਨੀ ਅਤੇ ਰੋਬਿਨਜੀਤ ਸਿੰਘ ਸ਼ਾਮਲ ਹਨ, ਨੂੰ 10-10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਜੰਡਿਆਲਾ ਗੁਰੂ ਵਿਖੇ ਇਕ ਮਹਿਲਾ ਦਾ ਚਾਕੂ ਦੀ ਨੋਕ ਤੇ ਪਰਸ ਖੋਹਣ ਨਾਲ ਸਬੰਧਤ ਹੈ। ਇਹ ਘਟਨਾ 11 ਫਰਵਰੀ, 2024 ਨੂੰ ਵਾਪਰੀ ਸੀ, ਜਦੋਂ ਮਨਜੀਤ ਕੌਰ ਆਪਣੇ ਪੁੱਤਰ ਹੀਰਾ ਸਿੰਘ ਨਾਲ ਜੰਡਿਆਲਾ ਗੁਰੂ ਵਿਖੇ ਜੈਨ ਮੰਦਰ ਦੇ ਨੇੜੇ ਪੈਦਲ ਜਾ ਰਹੀ ਸੀ। ਇਸ ਦੌਰਾਨ ਸਕੂਟਰ ਤੇ ਸਵਾਰ ਦੋ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਇਕ ਹਮਲਾਵਰ ਨੇ ਤੇਜ਼ਧਾਰ ਹਥਿਆਰ (ਕਿਰਚ) ਦਿਖਾ ਕੇ ਮਨਜੀਤ ਕੌਰ ਨੂੰ ਡਰਾਇਆ-ਧਮਕਾਇਆ ਅਤੇ ਉਸ ਦਾ ਪਰਸ ਖੋਹ ਲਿਆ, ਜਿਸ ਵਿੱਚ ਇੱਕ ਆਈਫੋਨ, 3,000 ਰੁਪਏ ਨਕਦ ਅਤੇ ਐਨਕਾਂ ਸਨ। ਜਾਂਚ ਦੌਰਾਨ ਪੁਲਿਸ ਵੱਲੋਂ ਸੰਨੀ ਦਿਓਲ ਉਰਫ਼ ਸੰਨੀ ਅਤੇ ਰੋਬਿਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਵਾਰਦਾਤ ਵਿੱਚ ਵਰਤੀ ਗਈ ਕਿਰਚ ਅਤੇ ਚੋਰੀ ਦਾ ਐਕਟਿਵਾ ਸਕੂਟਰ ਬਰਾਮਦ ਕੀਤਾ ਗਿਆ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਸਕੂਟਰ ਕਿਸੇ ਹੋਰ ਵਿਅਕਤੀ ਦੇ ਨਾਮ ਤੇ ਸੀ ਅਤੇ ਇਸ ਦੀ ਵਰਤੋਂ ਜਾਅਲੀ ਨੰਬਰ ਪਲੇਟ ਲਗਾ ਕੇ ਕੀਤੀ ਜਾ ਰਹੀ ਸੀ। ਖੋਹਿਆ ਗਿਆ ਆਈਫੋਨ ਬਾਅਦ ਵਿੱਚ ਇਸ ਮਾਮਲੇ ਦੇ ਸਹਿ-ਦੋਸ਼ੀ ਸੋਨੂੰ ਸਿੰਘ ਉਰਫ਼ ਮੁਰਲੀ ਕੋਲੋਂ ਬਰਾਮਦ ਕੀਤਾ ਗਿਆ, ਜਿਸ ਨੂੰ ਭਗੌੜਾ ਅਪਰਾਧੀ (ਪ੍ਰੋਕਲੇਮਡ ਆਫੈਂਡਰ) ਕਰਾਰ ਦਿੱਤਾ ਜਾ ਚੁੱਕਾ ਹੈ। ਮੁਕੱਦਮੇ ਦੀ ਸੁਣਵਾਈ ਦੌਰਾਨ ਇਸਤਗਾਸਾ ਪੱਖ ਵੱਲੋਂ ਸ਼ਿਕਾਇਤਕਰਤਾ, ਪੀੜਤਾ, ਪੁਲਿਸ ਅਧਿਕਾਰੀਆਂ ਅਤੇ ਚੋਰੀ ਦੇ ਸਕੂਟਰ ਦੀ ਮਾਲਕੀ ਤੇ ਰਜਿਸਟ੍ਰੇਸ਼ਨ ਨਾਲ ਸਬੰਧਤ ਗਵਾਹਾਂ ਸਮੇਤ ਕੁੱਲ ਅੱਠ ਗਵਾਹਾਂ ਦੇ ਬਿਆਨ ਦਰਜ ਕਰਵਾਏ ਗਏ। ਮੌਖਿਕ ਅਤੇ ਦਸਤਾਵੇਜ਼ੀ ਸਬੂਤਾਂ ਦੀ ਬਾਰੀਕੀ ਨਾਲ ਘੋਖ ਕਰਨ ਤੋਂ ਬਾਅਦ ਮਾਣਯੋਗ ਅਦਾਲਤ ਨੇ ਸ਼ਿਕਾਇਤਕਰਤਾ ਅਤੇ ਪੀੜਤਾ ਦੀ ਗਵਾਹੀ ਨੂੰ ਭਰੋਸੇਯੋਗ ਮੰਨਦਿਆਂ ਕਿਹਾ ਕਿ ਇਸਤਗਾਸਾ ਪੱਖ ਦੋਵਾਂ ਦੋਸ਼ੀਆਂ ਵਿਰੁੱਧ ਦੋਸ਼ ਬਿਨਾਂ ਕਿਸੇ ਵਾਜਬ ਸ਼ੱਕ ਦੇ ਸਾਬਤ ਕਰਨ ਵਿੱਚ ਸਫ਼ਲ ਰਿਹਾ ਹੈ। ਅਦਾਲਤ ਵੱਲੋਂ ਐੱਫਆਈਆਰ ਦਰਜ ਕਰਵਾਉਣ ਵਿੱਚ ਹੋਈ ਦੇਰੀ, ਸੁਤੰਤਰ ਗਵਾਹਾਂ ਦੀ ਗੈਰ-ਮੌਜੂਦਗੀ, ਸ਼ਨਾਖ਼ਤ ਪਰੇਡ ਨਾ ਕਰਵਾਉਣ ਅਤੇ ਇਸਤਗਾਸਾ ਪੱਖ ਦੇ ਸਬੂਤਾਂ ਵਿਚ ਕਥਿਤ ਵਿਰੋਧਾਭਾਸ ਸਬੰਧੀ ਬਚਾਅ ਪੱਖ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਗਿਆ। ਇਸ ਅਨੁਸਾਰ ਦੋਵਾਂ ਦੋਸ਼ੀਆਂ ਨੂੰ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 379-ਭ(2), 411, 473 ਅਤੇ 201 ਤਹਿਤ ਦੋਸ਼ੀ ਕਰਾਰ ਦਿੱਤਾ ਗਿਆ। ਹਰੇਕ ਦੋਸ਼ੀ ਨੂੰ ਧਾਰਾ 379-ਭ(2) ਤਹਿਤ 10 ਸਾਲ ਦੀ ਸਖ਼ਤ ਕੈਦ ਅਤੇ ਬਾਕੀ ਤਿੰਨ ਧਾਰਾਵਾਂ ਤਹਿਤ ਇੱਕ-ਇੱਕ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ ਦੋਸ਼ੀਆਂ ਨੂੰ ਜੁਰਮਾਨੇ ਵੀ ਕੀਤੇ ਗਏ। ਤੀਜੇ ਦੋਸ਼ੀ ਸੋਨੂੰ ਸਿੰਘ ਉਰਫ਼ ਮੁਰਲੀ, ਜੋ ਕਿ ਫ਼ਰਾਰ ਹੈ ਅਤੇ ਜਿਸ ਨੂੰ ਭਗੌੜਾ ਅਪਰਾਧੀ ਐਲਾਨਿਆ ਜਾ ਚੁੱਕਾ ਹੈ, ਦੇ ਖ਼ਿਲਾਫ਼ ਕਾਰਵਾਈ ਉਸ ਦੀ ਗ੍ਰਿਫ਼ਤਾਰੀ ਅਤੇ ਅਦਾਲਤ ਵਿੱਚ ਪੇਸ਼ੀ ਉਪਰੰਤ ਮੁੜ ਸ਼ੁਰੂ ਕੀਤੀ ਜਾਵੇਗੀ।