ਫਿਜਿਓਥੈਰੇਪੀ ਅਤੇ ਹੱਡੀਆਂ ਦੀ ਮਜ਼ਬੂਤੀ ਦੀ ਜਾਂਚ ਸਬੰਧੀ ਕੈਂਪ ਲਾਇਆ ਫਿਿਜ਼ਓਥੈਰੇਪੀ ਅਤੇ ਹੱਡੀਆਂ ਦੀ ਮਜ਼ਬੂਤੀ ਦੀ ਜਾਂਚ ਸਬੰਧੀ ਕੈਂਪ ਲਗਾਇਆ
Publish Date: Sun, 15 Nov 2026 09:20 PM (IST)
Updated Date: Mon, 16 Nov 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਫਿਜਿਓਥੈਰੇਪੀ ਵੱਲੋਂ ਮਾਝਾ ਕਾਲਜ ਫਾਰ ਵੂਮੈਨ, ਤਰਨ ਤਾਰਨ ਦੇ ਸਹਿਯੋਗ ਨਾਲ ‘ਮੁਫ਼ਤ ਫਿਿਜ਼ਓਥੈਰੇਪੀ ਅਤੇ ਹੱਡੀਆਂ ਦੀ ਮਜ਼ਬੂਤੀ ਦੀ ਜਾਂਚ ਲਈ ਕੈਂਪ’ ਲਗਾਇਆ ਗਿਆ।ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮਾਝਾ ਕਾਲਜ ਫਾਰ ਵੁਮੈਨ, ਤਰਨਤਾਰਨ ਵਿਖੇ ਲਾਏ ਗਏ ਉਕਤ ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਹੱਡੀਆਂ ਦੀ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ 25 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਵਿਅਕਤੀਆਂ ਦੀਆਂ ਹੱਡੀਆਂ ’ਚ ਖਣਿਜਾਂ ਦੀ ਘੱਟ ਮਾਤਰਾ ਦੀ ਜਾਂਚ ਕਰਨਾ ਸੀ। ਇਸ ਦੌਰਾਨ ਉਕਤ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਾ. ਮਹਿਲ ਸਿੰਘ ਅਤੇ ਰਿਸਰਚ ਡੀਨ ਡਾ. ਆਰਕੇ ਧਵਨ ਨੇ ਵਿਭਾਗ ਮੁਖੀ ਡਾ. ਸ਼ਿਆਮਲ ਕੋਲੇ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਡਾ. ਮਨੂ ਵਿਿਸ਼ਸ਼ਟ ਅਤੇ ਡਾ. ਵਰਿੰਦਰ ਕੌਰ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਅਜਿਹੇ ਲੋਕ ਭਲਾਈ ਦੇ ਉਪਰਾਲੇ ਆਮ ਲੋਕਾਂ ਤੱਕ ਸਿਹਤ ਜਾਂਚ ਅਤੇ ਫਿਜਿਓਥੈਰੇਪੀ ਦੀਆਂ ਸਹੂਲਤਾਂ ਪਹੁੰਚਾਉਣ ਦੇ ਨਾਲ-ਨਾਲ ਸਮਾਜ ’ਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਜੀਵਨ ਦੀ ਗੁਣਵੱਤਾ ’ਚ ਸੁਧਾਰ ਲਿਆਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।ਇਸ ਮੌਕੇ ਹੱਡੀਆਂ ਦੀ ਮਜ਼ਬੂਤੀ ਦੀ ਜਾਂਚ ਦੇ ਨਾਲ-ਨਾਲ ਸਰੀਰਕ ਭਾਰ ਦਾ ਮੁਲਾਂਕਣ ਅਤੇ ਮੁਫ਼ਤ ਫਿਜਿਓਥੈਰੇਪੀ ਸਲਾਹ ਵੀ ਦਿੱਤੀ ਗਈ। ਇਸ ਸਬੰਧੀ ਡਾ. ਵਿਸ਼ਿਸ਼ਟ ਤੇ ਡਾ. ਵਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਂਪ ’ਚ ਕਾਲਜ ਕੈਂਪਸ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਕਰੀਬ 130 ਵਿਅਕਤੀਆਂ ਨੇ ਪਹੁੰਚ ਕੇ ਇਨ੍ਹਾਂ ਸੇਵਾਵਾਂ ਦਾ ਲਾਭ ਉਠਾਇਆ।ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਲਗਭਗ 55 ਫ਼ੀਸਦੀ ਭਾਗੀਦਾਰਾਂ ’ਚ ਹੱਡੀਆਂ ਦੀ ਖਣਿਜ ਘਣਤਾ ਆਮ ਨਾਲੋਂ ਘੱਟ ਸੀ, ਜਿਨ੍ਹਾਂ ’ਚੋਂ ਜ਼ਿਆਦਾਤਰ ਦੇ ਕੇਸ ਓਸਟੀਓਪੀਨੀਆ ਦੀ ਸ਼੍ਰੇਣੀ ’ਚ ਆਉਂਦੇ ਸਨ, ਜਦਕਿ ਬਾਕੀ ਭਾਗੀਦਾਰਾਂ ਦੀਆਂ ਹੱਡੀਆਂ ਦੀ ਖਣਿਜ ਘਣਤਾ ਆਮ ਪਾਈ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਿਦਿਆਰਥੀਆਂ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਨਾਲ ਸਬੰਧਿਤ ਗਰਦਨ, ਮੋਢਿਆਂ ਅਤੇ ਪਿੱਠ ਦੇ ਦਰਦ ਸਮੱਸਿਆਵਾਂ ਦਾ ਵੀ ਮੁਲਾਂਕਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਮੱਸਿਆਵਾਂ ਕਈ ਵਾਰ ਜੀਵਨ—ਸ਼ੈਲੀ ਨਾਲ ਜੁੜੇ ਕਾਰਨਾਂ ਕਰਕੇ ਵੀ ਹੋ ਸਕਦੀਆਂ ਹਨ। ਕੈਂਪ ਦੌਰਾਨ ਭਾਗੀਦਾਰਾਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ, ਨਿਯਮਤ ਸਰੀਰਿਕ ਕਸਰਤ ਅਤੇ ਲੋੜ ਅਨੁਸਾਰ ਪੌਸ਼ਟਿਕ ਤੱਤਾਂ ਦੇ ਪੂਰਕਾਂ ਰਾਹੀਂ ਹੱਡੀਆਂ ਦੀ ਸਿਹਤ ਬਰਕਰਾਰ ਰੱਖਣ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਮਾਹਿਰਾਂ ਵੱਲੋਂ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਖੁਰਾਕ ਸਬੰਧੀ ਵਿਸ਼ੇਸ਼ ਸਲਾਹ ਵੀ ਦਿੱਤੀ ਗਈ ਅਤੇ ਭਾਗੀਦਾਰਾਂ ਨੂੰ ਖੁਰਾਕ ਚਾਰਟ ਵੰਡੇ ਗਏ।