ਭਗਵਾਨ ਵਾਲਮੀਕਿ ਤੀਰਥ ’ਚ ਸ੍ਰੀ ਰਾਮਤੀਰਥ ਮੇਲੇ ਦੀ ਸ਼ੁਰੂਆਤ, ਪਹਿਲੇ ਦਿਨ ਉਮੜੇ ਸ਼ਰਧਾਲੂ ਭਗਵਾਨ ਵਾਲਮੀਕਿ ਤੀਰਥ ’ਚ ਸ੍ਰੀ ਰਾਮਤੀਰਥ ਮੇਲੇ ਦੀ ਸ਼ੁਰੂਆਤ, ਪਹਿਲੇ ਦਿਨ ਉਮੜੇ ਸ਼ਰਧਾਲੂ
Publish Date: Sun, 15 Nov 2026 08:09 PM (IST)
Updated Date: Mon, 16 Nov 2026 04:07 AM (IST)
ਮੇਲੇ ਵਿਚ ਉਮੜੀ ਸ਼ਰਧਾ, ਸਰੋਵਰ ਵਿੱਚ ਜਲ-ਪੱਧਰ ਘੱਟ ਹੋਣ ਕਾਰਨ ਸ਼ਰਧਾਲੂ ਨਿਰਾਸ਼ ਸਰਾਂ ਬੋਰਡ ਦੀਆਂ ਵਿਵਸਥਾਵਾਂ ’ਤੇ ਸੰਤਾਂ ਅਤੇ ਮਹੰਤਾਂ ਨੇ ਚੁੱਕੇ ਸਵਾਲ ਢਾਈ ਮਹੀਨੇ ਬਾਅਦ ਵੀ ਸੱਤ ਫੁੱਟ ਹੇਠਾਂ ਹੈ ਸਰੋਵਰ ਦਾ ਜਲ-ਪੱਧਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਭਗਵਾਨ ਵਾਲਮੀਕਿ ਤੀਰਥ ਵਿਚ ਸਾਲਾਨਾ ਸ੍ਰੀ ਰਾਮਤੀਰਥ ਮੇਲੇ ਦਾ ਐਤਵਾਰ ਨੂੰ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁੱਭ ਆਰੰਭ ਹੋਇਆ। ਮੇਲੇ ਦੇ ਪਹਿਲੇ ਦਿਨ ਦੇਸ਼-ਵਿਦੇਸ਼ ਤੋਂ ਪਹੁੰਚੇ ਅਨੇਕਾਂ ਸ਼ਰਧਾਲੂਆਂ ਨੇ ਵੱਖ-ਵੱਖ ਮੰਦਰਾਂ ਵਿਚ ਮੱਥਾ ਟੇਕ ਕੇ ਪੂਜਾ-ਅਰਚਨਾ ਕੀਤੀ। ਸਰੋਵਰ ਪੂਜਨ ਨਾਲ ਮੇਲੇ ਦਾ ਸ਼ੁਭ ਆਰੰਭ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਹਾਲਾਕਿ ਸ਼ਰਧਾਲੂਆਂ ਨੂੰ ਇਸ ਵਾਰ ਸਰੋਵਰ ਵਿੱਚ ਲੋੜੀਂਦਾ ਜਲ ਨਾ ਹੋਣ ਕਾਰਨ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਇਸ ਨੂੰ ਲੈ ਕੇ ਸੰਤ ਸਮਾਜ ਅਤੇ ਮਹੰਤਾਂ ਨੇ ਸਰਾਂ ਬੋਰਡ ਦੀਆਂ ਵਿਵਸਥਾਵਾਂ ’ਤੇ ਸਵਾਲ ਚੁੱਕੇ ਹਨ। ਲਵ-ਕੁਸ਼ ਪਾਠਸ਼ਾਲਾ ਦੇ ਮਹੰਤ ਗੁਰਪ੍ਰੀਤ ਗਿਰੀ ਅਤੇ ਮਹੰਤ ਕੁਲਵਿੰਦਰ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਔਰਤਾਂ ਨੇ ਕੱਚੇ ਮਕਾਨ ਬਣਾ ਕੇ ਮੰਦਰਾਂ ਵਿਚ ਦੀਪ ਜਗਾਏ ਅਤੇ ਪੂਜਾ-ਅਰਚਨਾ ਕੀਤੀ। ਧਾਰਮਿਕ ਮਾਨਤਾ ਅਨੁਸਾਰ ਸੀਤਾ ਮਾਤਾ ਦੀ ਇਤਿਹਾਸਕ ਬਾਉਲੀ ਵਿਚ ਇਸ਼ਨਾਨ ਕਰਨ ਨਾਲ ਸੰਤਾਨ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇਸੇ ਆਸਥਾ ਦੇ ਚਲਦਿਆਂ ਕਾਰਤਿਕ ਪੂਰਨਮਾਸ਼ੀ ਦੇ ਮੌਕੇ ’ਤੇ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਵਿਸ਼ੇਸ਼ ਤੌਰ ’ਤੇ ਸੀਤਾਫਲ ਲੈ ਕੇ ਇੱਥੇ ਪਹੁੰਚਦੇ ਹਨ ਅਤੇ ਧਾਰਮਿਕ ਵਿਧੀ ਅਨੁਸਾਰ ਇਸ਼ਨਾਨ ਕਰਦੇ ਹਨ। ਧੂਣਾ ਸਾਹਿਬ ਟਰੱਸਟ ਦੇ ਗੱਦੀਨਸ਼ੀਨ ਸੰਤ ਮਲਕੀਤ ਨਾਥ ਅਤੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਨੇ ਸ਼ਰਧਾਲੂਆਂ ਲਈ ਵਿਸ਼ੇਸ਼ ਲੰਗਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਦੱਸਿਆ ਕਿ 24 ਸਤੰਬਰ ਨੂੰ ਸਰੋਵਰ ਵਿੱਚ ਜਲ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਪਰ ਕਰੀਬ ਢਾਈ ਮਹੀਨੇ ਬੀਤਣ ਦੇ ਬਾਵਜੂਦ ਜਲ-ਪੱਧਰ ਅਜੇ ਵੀ ਸੱਤ ਫੁੱਟ ਹੇਠਾਂ ਹੈ। ਇਸ ਕਾਰਨ ਸ਼ਰਧਾਲੂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤੇ ਬਿਨਾਂ ਹੀ ਵਾਪਸ ਪਰਤ ਰਹੇ ਹਨ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਪਹੁੰਚਣ ਦੇ ਬਾਵਜੂਦ ਇਸ਼ਨਾਨ ਲਈ ਸੁਰੱਖਿਆ ਪ੍ਰਬੰਧ, ਬਾਲਟੀਆਂ ਤੇ ਹੋਰ ਜ਼ਰੂਰੀ ਸਹੂਲਤਾਂ ਤੱਕ ਉਪਲਬਧ ਨਹੀਂ ਕਰਵਾਈਆਂ ਗਈਆਂ ਹਨ। ਸੰਤ ਸਮਾਜ ਨੇ ਦੋਸ਼ ਲਗਾਇਆ ਕਿ ਠੇਕੇਦਾਰਾਂ ਨੂੰ ਭੁਗਤਾਨ ਨਾ ਹੋਣ ਕਾਰਨ ਵਾਲਮੀਕਿ ਤੀਰਥ ਕੰਪਲੈਕਸ ਦੇ ਕਈ ਵਿਕਾਸ ਕਾਰਜ ਅਧੂਰੇ ਲਟਕੇ ਹੋਏ ਹਨ। ਵੀਆਈਪੀ ਪ੍ਰਵੇਸ਼ ਦੁਆਰ, ਸ਼ੌਚਾਲਿਆ ਅਤੇ ਜਨਰਲ ਮੈਨੇਜਰ ਦਾ ਦਫਤਰ ਤੱਕ ਅਧੂਰਾ ਪਿਆ ਹੈ। ਮੇਲੇ ਦੌਰਾਨ ਹੋਣ ਵਾਲੀ ਦੀਪਮਾਲਾ ਲਈ ਲਗਾਈਆਂ ਗਈਆਂ ਸਜਾਵਟੀ ਲਾਈਟਾਂ ਵੀ ਭੁਗਤਾਨ ਨਾ ਹੋਣ ਕਾਰਨ ਸਬੰਧਤ ਕੰਪਨੀ ਉਤਾਰ ਕੇ ਲੈ ਗਈ ਹੈ। ਮਹੰਤਾਂ ਅਤੇ ਸੰਤਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਲੇ ਦੌਰਾਨ ਕੰਟਰੋਲ ਰੂਮ, ਠੰਡੇ ਜਲ ਦੀ ਛਬੀਲ, ਅਸਥਾਈ ਸ਼ੌਚਾਲਿਆ ਅਤੇ ਇਸ਼ਨਾਨ ਲਈ ਸੁਰੱਖਿਅਤ ਵਿਵਸਥਾ ਤੁਰੰਤ ਉਪਲਬਧ ਕਰਵਾਈ ਜਾਵੇ, ਤਾਂ ਜੋ ਦੂਰ-ਦੁਰਾਡੇ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਪਰੇਸ਼ਾਨੀ ਨਾ ਉਠਾਉਣੀ ਪਵੇ। ਸ੍ਰੀ ਰਾਮਤੀਰਥ ਮੇਲੇ ਤਹਿਤ 22 ਨਵੰਬਰ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ। 23 ਨਵੰਬਰ ਨੂੰ ਧੂਣਾ ਸਾਹਿਬ ਟਰੱਸਟ ਵੱਲੋਂ ਸਰੋਵਰ ਪੂਜਨ ਅਤੇ ਸੋਨੇ ਦੀ ਨੱਥ ਵਾਲੀ ਮੱਛੀ ਦਾ ਜਲ ਪ੍ਰਵਾਹ ਕੀਤਾ ਜਾਵੇਗਾ, ਜਦਕਿ 24 ਨਵੰਬਰ ਨੂੰ ਕਾਰਤਿਕ ਪੂਰਨਮਾਸ਼ੀ ਦਾ ਮੁੱਖ ਇਸ਼ਨਾਨ ਹੋਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਮੰਦਰਾਂ ਅਤੇ ਆਸ਼ਰਮਾਂ ਵਿੱਚ ਧਾਰਮਿਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ।