ਸ਼੍ਰੀ ਦੁਰਗਿਆਣਾ ਮੰਦਰ ’ਚ ਸ਼ਰਧਾ ਭਾਵਨਾ ਨਾਲ ਕੀਤੀ ਛਠ ਪੂਜਾ ਸ਼੍ਰੀ ਦੁਰਗਿਆਣਾ ਮੰਦਰ ’ਚ ਛਠ ਪੂਜਾ ਸ਼ਰਧਾ ਭਾਵਨਾ ਨਾਲ ਕੀਤੀ
Publish Date: Sun, 15 Nov 2026 06:43 PM (IST)
Updated Date: Mon, 16 Nov 2026 04:03 AM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਦੁਰਗਿਆਣਾ ਤੀਰਥ ਵਿਚ ਸ਼ਰਧਾਲੂਆਂ ਨੇ ਛਠ ਪੂਜਾ ਬੜੀ ਸ਼ਰਧਾ ਭਾਵਨਾ ਨਾਲ ਮੰਦਰ ਦੇ ਪਵਿੱਤਰ ਸਰੋਵਰ ਚ ਕੀਤੀ ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਛੱਠ ਪੂਜਾ ਵਿਚ ਪਹੁੰਚੇ। ਛੱਠਵ੍ਰਤੀ ਮਹਿਲਾਵਾਂ ਨੇ ਪਵਿੱਤਰ ਸਰੋਵਰ ’ਚ ਖੜ੍ਹੇ ਹੋ ਕੇ ਢਲਦੇ ਸੂਰਜ ਨੂੰ ਮੱਥਾ ਟੇਕਿਆ ਤੇ ਅਨੇਕਾ ਪ੍ਰਕਾਰ ਦੇ ਫੱਲ, ਮੇਵਾ, ਗੰਨੇ, ਪਕਵਾਨ ਤੇ ਹਰੀ ਸਬਜ਼ੀਆਂ ਤੇ ਪਰਿਵਾਰ ਦੇ ਮੈਂਬਰਾਂ ਨਾਲ ਪਹੁੰਚੀਆਂ ਮਹਿਲਾਵਾਂ ਨੇ ਛੱਠ ਮਾਤਾ ਤੋਂ ਪਰਿਵਾਰ ਦੀ ਖੁਸ਼ਹਾਲੀ ਦੀ ਪ੍ਰਾਥਨਾ ਕੀਤੀ। ਦੱਸਣਯੋਗ ਹੈ ਕਿ ਛੱਠ ਮਾਤਾ ਦੇ ਵਰਤ ਬਾਰੇ ਵਿਚ ਮਾਨਤਾ ਹੈ ਕਿ ਸੂਰਜ ਦੇਵ ਦੀ ਭੈਣ ਛੱਠ ਮਾਤਾ ਨੂੰ ਖੁਸ਼ ਕਰਨ ਦੇ ਲਈ ਸ਼ਰਧਾਲੂਆਂ ਵੱਲੋਂ ਇਹ ਮੁਸ਼ਕਿਲ ਵਰਤ ਰੱਖ ਕੇ 36 ਘੰਟੇ ਦਾ (ਵਰਤ) ਕੀਤਾ ਜਾਂਦਾ ਹੈ, ਜਿਸ ਵਿਚ ਪਹਿਲੇ ਦਿਨ ਸ਼ਾਮ ਤੇ ਦੂਸਰੇ ਦਿਨ ਸਵੇਰੇ ਸੂਰਜ ਦੇਵਤਾ ਨੂੰ ਪਾਣੀ ਵਿਚ ਖੜ੍ਹੇ ਹੋ ਕੇ ਨਮਸਕਾਰ ਕੀਤਾ ਜਾਂਦਾ ਹੈ ਤੇ ਉਸ ਦੌਰਾਨ ਨਵ-ਵਿਆਹੁਤਾਵਾਂ ਨੂੰ ਪੁੱਤਰ ਪ੍ਰਾਪਤੀ ਲਈ ਪ੍ਰਸ਼ਾਦ ਦਿੱਤਾ ਜਾਂਦਾ ਹੈ। ਜਿਸ ਦੇ ਤਹਿਤ ਹਰ ਸਾਲ ਸ਼ਰਧਾਲੂ ਸ਼੍ਰੀ ਦੁਰਗਿਆਣਾ ਤੀਰਥ ਦੇ ਪਵਿੱਤਰ ਸਰੋਵਰ ’ਚ ਖੜ੍ਹੇ ਹੋ ਕੇ ਛੱਠ ਪੂਜਾ ਕਰਦੇ ਹਨ। ਛੱਠ ਪੂਜਾ ਦੇ ਚਲਦੇ ਮੰਦਰ ਦੇ ਮੇਨ ਗੇਟ ਦੇ ਅੰਦਰ ਜਗ੍ਹਾ-ਜਗ੍ਹਾ ਤੇ ਸੁਸਾਇਟੀਆਂ ਵੱਲੋਂ ਸ਼ਰਧਾਲੂਆਂ ਦੇ ਲਈ ਲੰਗਰ ਲਗਾਏ ਗਏ। ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ ਪ੍ਰੋ.ਲਕਸ਼ਮੀ ਕਾਂਤਾ ਚਾਵਲਾ ਤੇ ਜਨਰਲ ਸਕੱਤਰ ਅਰੂਣ ਖੰਨਾ ਨੇ ਸ਼ਰਧਾਲੂਆਂ ਨੂੰ ਛੱਠ ਪੂਜਾ ਦੀ ਵਧਾਈ ਦਿੱਤੀ ਤੇ ਕਿਹਾ ਕਿ ਹਰ ਸਾਲ ਛੱਠ ਪੂਜਾ ਵਿਚ ਵੱਡੀ ਗਿਣਤੀ ’ਚ ਸ਼ਰਧਾਲੂ ਆਉਂਦੇ ਹਨ ਤੇ ਆਏ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਲੰਗਰ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਮੰਦਰ ਦੇ ਵਿਚ ਲਾਈਟਾਂ ਵੀ ਲਾਈਆਂ ਗਈਆਂ ਹਨ, ਤਾਂ ਜੋ ਹਨੇਰਾ ਹੋਣ ਤੇ ਸ਼ਰਧਾਲੂਆਂ ਨੂੰ ਪੂਜਾ ਕਰਨ ਵਿਚ ਕੋਈ ਮੁਸ਼ਕਿਲ ਨਾ ਹੋ ਸਕੇ। ਸ਼ਰਧਾਲੂ ਸੰਗੀਤਾ ਦੇਵੀ, ਰਾਜੋ ਦੇਵੀ, ਨਿਰਮਲਾ ਦੇਵੀ, ਬਬੀਤਾ ਦੇਵੀ, ਸਰਿਤਾ ਦੇਵੀ ਤੇ ਹੋਰ ਸ਼ਰਧਾਲੂਆਂ ਨੇ ਕਿਹਾ ਕਿ ਛਠ ਮਾਤਾ ਦਾ ਵਰਤ ਰੱਖਣ ਵਾਲੀਆਂ ਮਹਿਲਾਵਾਂ ਵਲੋਂ ਮੰਗੀ ਗਈ ਮੰਨਤ ਹਮੇਸ਼ਾਂ ਪੂਰਨ ਹੁੰਦੀ ਹੈ ਅਤੇ ਤਿੰਨ ਦਿਨ ਚੱਲਣ ਵਾਲੇ ਇਸ ਵਰਤ ਵਿਚ ਮਹਿਲਾਵਾਂ ਪੂਰੇ ਨਿਤਨੇਮ ਦੇ ਨਾਲ ਪਰਿਵਾਰ ਦੀ ਸੁਖਸ਼ਾਂਤੀ ਦੀ ਪ੍ਰਾਥਨਾ ਕਰਦੀਆਂ ਹਨ।