ਧਾਰਮਿਕ ਯਾਤਰਾ ਪੂਰੀ ਕਰ ਕੇ ਵਤਨ ਪਰਤੇ 49 ਪਾਕਿ ਸਿੱਖ ਸ਼ਰਧਾਲੂ ਵਤਨ ਪਰਤੇ ਪਾਕਿਸਤਾਨੀ ਸਿੱਖ ਸ਼ਰਧਾਲੂ।
Publish Date: Thu, 05 Nov 2026 06:16 PM (IST)
Updated Date: Fri, 06 Nov 2026 04:03 AM (IST)
* ਕੇਂਦਰ ਸਰਕਾਰ ਨੇ ਦਿੱਤੀ ਸੜਕ ਮਾਰਗ ਰਾਹੀਂ ਜਾਣ ਦੀ ਇਜਾਜ਼ਤ ਫੋਟੋ-ਕੈਪਸ਼ਨ : ਵਤਨ ਪਰਤੇ ਪਾਕਿਸਤਾਨੀ ਸਿੱਖ ਸ਼ਰਧਾਲੂ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਭਾਰਤ ਦੀ ਕਰੀਬ ਇਕ ਮਹੀਨੇ ਦੀ ਧਾਰਮਿਕ ਯਾਤਰਾ ਪੂਰੀ ਕਰਨ ਮਗਰੋਂ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੇ ਨੇੜਲੇ ਇਲਾਕਿਆਂ ਤੋਂ ਆਏ 49 ਸਿੱਖ ਸ਼ਰਧਾਲੂ ਅਟਾਰੀ-ਵਾਹਗਾ ਸਰਹੱਦ ਦੇ ਰਸਤੇ ਆਪਣੇ ਵਤਨ ਪਰਤ ਗਏ ਹਨ। ਅਟਾਰੀ ਸਰਹੱਦ ਤੇ ਇਮੀਗ੍ਰੇਸ਼ਨ ਤੇ ਸੁਰੱਖਿਆ ਸਬੰਧੀ ਸਾਰੀਆਂ ਜ਼ਰੂਰੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ। ਭਾਰਤ ਪ੍ਰਵਾਸ ਦੌਰਾਨ ਇਨ੍ਹਾਂ ਸ਼ਰਧਾਲੂਆਂ ਨੇ ਉਤਰਾਖੰਡ ਸਥਿਤ ਸ੍ਰੀ ਹੇਮਕੁੰਟ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਤੇ ਦਿੱਲੀ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਵਿਖੇ ਮੱਥਾ ਟੇਕਿਆ। ਜਥੇ ’ਚ ਸ਼ਾਮਲ ਨਨਕਾਣਾ ਸਾਹਿਬ ਦੇ ਸ਼ਰਧਾਲੂ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ 30 ਦਿਨਾਂ ਦੇ ਵੀਜ਼ੇ ਤੇ ਭਾਰਤ ਆਏ ਸਨ। ਸ੍ਰੀ ਹੇਮਕੁੰਟ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਾ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਯਾਦਗਾਰੀ ਅਨੁਭਵ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਯਾਤਰਾ ਦੇ ਸ਼ਾਨਦਾਰ ਪ੍ਰਬੰਧਾਂ ਲਈ ਭਾਰਤ ਸਰਕਾਰ, ਪਾਕਿਸਤਾਨ ਸਰਕਾਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦਾ ਧੰਨਵਾਦ ਕੀਤਾ। ਦਰਅਸਲ, ਇਨ੍ਹਾਂ ਸ਼ਰਧਾਲੂਆਂ ਨੇ ਪਹਿਲਾਂ ਹਵਾਈ ਮਾਰਗ ਰਾਹੀਂ ਪਰਤਣਾ ਸੀ। ਇਸ ਪ੍ਰਕਿਰਿਆ ’ਚ ਕਨੈਕਟਿੰਗ ਫਲਾਈਟ ਅਤੇ ਲੰਬੀ ਕਾਗਜ਼ੀ ਕਾਰਵਾਈ ਕਾਰਨ ਕਰੀਬ 22 ਤੋਂ 24 ਘੰਟਿਆਂ ਦਾ ਸਮਾਂ ਲੱਗ ਰਿਹਾ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕੇਂਦਰ ਸਰਕਾਰ ਨੂੰ ਦਖਲ ਦੇਣ ਅਤੇ ਸੜਕ ਮਾਰਗ ਰਾਹੀਂ ਵਾਪਸੀ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ। ਕੇਂਦਰ ਸਰਕਾਰ ਨੇ ਤੁਰੰਤ ਫੈਸਲਾ ਲੈਂਦਿਆਂ ਉਨ੍ਹਾਂ ਨੂੰ ਅਟਾਰੀ-ਵਾਹਗਾ ਸਰਹੱਦ ਦੇ ਰਸਤੇ ਸੜਕ ਮਾਰਗ ਰਾਹੀਂ ਪਾਕਿਸਤਾਨ ਪਰਤਣ ਦੀ ਇਜਾਜ਼ਤ ਦੇ ਦਿੱਤੀ।