ਮਹਾਰਾਜਾ ਦਲੀਪ ਸਿੰਘ ਦੀ ਬਰਸੀ ਸਮਾਗਮ ’ਚ ਜਥੇਦਾਰ ਗੜਗੱਜ ਨੇ ਕੀਤੀ ਸ਼ਮੂਲੀਅਤ ਯੂਕੇ ’ਚ ਮਹਾਰਾਜਾ ਦਲੀਪ ਸਿੰਘ ਦੀ 133ਵੀਂ ਬਰਸੀ ਨੂੰ ਸਮਰਪਿਤ ਸਮਾਗਮ ਮੌਕੇ ਜਥੇਦਾਰ ਗੜਗੱਜ ਨੇ ਕੀਤੀ ਸ਼ਮੂਲੀਅਤ
Publish Date: Sun, 01 Nov 2026 07:17 PM (IST)
Updated Date: Sun, 01 Nov 2026 07:20 PM (IST)
ਯੂਕੇ ਸਥਿਤ ਥੈਟਫੋਰਡ ਪੁਰਾਤਨ ਘਰ ਅਜਾਇਬ ਘਰ ’ਚ ਦੇਖੀਆਂ ਨਿਸ਼ਾਨੀਆਂ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਯੂਕੇ ਦੇ ਸਿੱਖ ਨੌਜਵਾਨਾਂ ਅਤੇ ਸੰਗਤ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਫ਼ਰਜ਼ੰਦ ਮਹਾਰਾਜਾ ਦਲੀਪ ਸਿੰਘ ਦੀ 133ਵੀਂ ਬਰਸੀ ਮੌਕੇ ਉਨ੍ਹਾਂ ਦੀ ਯਾਦ ਵਿੱਚ ਥੈਟਫੋਰਡ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸਿੰਘ ਸਾਹਿਬ ਪਹਿਲਾਂ ਸਿੱਖ ਸੰਗਤ ਨਾਲ ਥੈਟਫੋਰਡ ਸ਼ਹਿਰ ਵਿੱਚ ਸਥਿਤ ਮਹਾਰਾਜਾ ਦਲੀਪ ਸਿੰਘ ਦੀ ਉਸ ਯਾਦਗਾਰ ਵਿਖੇ ਗਏ ਜਿੱਥੇ ਉਨ੍ਹਾਂ ਦਾ ਬੁੱਤ ਸਥਾਪਤ ਹੈ ਅਤੇ ਨਾਲ ਹੀ ਉਹ ਕੁਝ ਦੂਰੀ ਉੱਤੇ ਸਥਿਤ ਉਸ ‘ਪੁਰਾਤਨ ਘਰ- ਥੈਟਫੋਰਡ ਜੀਵਨ ਦਾ ਅਜਾਇਬ ਘਰ’ ਵਿਖੇ ਵੀ ਗਏ ਜਿਸ ਨੂੰ ਮਹਾਰਾਜਾ ਦੇ ਪੁੱਤਰ ਪ੍ਰਿੰਸ ਫ੍ਰੈਡਰਿਕ ਦਲੀਪ ਸਿੰਘ ਨੇ ਸੰਨ 1921 ਵਿੱਚ ਥੈਟਫੋਰਡ ਸ਼ਹਿਰ ਨੂੰ ਅਜਾਇਬ ਘਰ ਵਜੋਂ ਵਰਤਣ ਲਈ ਦਿੱਤਾ ਸੀ। ਜ਼ਿਕਰਯੋਗ ਹੈ ਕਿ ਇਹ ਪੁਰਾਤਨ ਘਰ ਸਿੱਖ ਗੁਰੂ ਸਾਹਿਬਾਨ ਦੇ ਸਮਕਾਲੀ ਸਮੇਂ ਸੰਨ 1490 ਦਾ ਬਣਿਆ ਹੈ ਜਿਸ ਨੂੰ ਉਸ ਸਮੇਂ ਇੱਕ ਵਪਾਰੀ ਵੱਲੋਂ ਬਣਾਇਆ ਗਿਆ ਸੀ ਅਤੇ ਬਾਅਦ ਵੀ ਪ੍ਰਿੰਸ ਫ੍ਰੈਡਰਿਕ ਦਲੀਪ ਸਿੰਘ ਨੇ ਇਹ ਘਰ ਖ਼ਰੀਦਿਆ ਸੀ, ਜਿਸ ਦੀ ਅੱਜ ਵੀ ਹੂਬਹੂ ਪੁਰਾਤਨਤਾ ਕਾਇਮ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਥੈਟਫੋਰਡ ਪੁਰਾਤਨ ਘਰ ਅਜਾਇਬ ਘਰ ਵਿਖੇ ਮਹਾਰਾਜਾ ਦਲੀਪ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਪੰਜ ਪੁੱਤਰਾਂ ਅਤੇ ਤਿੰਨ ਧੀਆਂ ਨਾਲ ਸਬੰਧਤ ਨਿਸ਼ਾਨੀਆਂ ਵੀ ਦੇਖੀਆਂ, ਜਿਨ੍ਹਾਂ ਨੂੰ ਯੂਕੇ ਜੰਮਪਲ ਸਿੱਖ ਭੁਪਿੰਦਰ ਸਿੰਘ ਬੈਂਸ (ਪੀਟਰ ਬੈਂਸ) ਨੇ ਮਹਾਰਾਜਾ ਨਾਲ ਜੁੜੇ ਰਹੇ ਵੱਖ-ਵੱਖ ਪਰਿਵਾਰਾਂ ਪਾਸੋਂ ਇਕੱਤਰ ਕਰ ਕੇ ਇਸ ਘਰ ਵਿੱਚ ਸੁਰੱਖਿਅਤ ਸੰਭਾਲਿਆ ਹੈ। ਇਸ ਤੋਂ ਬਾਅਦ ਸਿੰਘ ਸਾਹਿਬ ਥੈਟਫੋਰਡ ਨੇੜੇ ਹੀ ਐਲਵੇਡਨ ਵਿਖੇ ਸਥਿਤ ਉਸ ਅਸਥਾਨ ’ਤੇ ਗਏ ਜਿੱਥੇ ਮਹਾਰਾਜਾ ਦਲੀਪ ਸਿੰਘ, ਉਨ੍ਹਾਂ ਦੀ ਪਤਨੀ ਮਹਾਰਾਣੀ ਬੰਬਾ ਦਲੀਪ ਸਿੰਘ ਤੇ ਸਭ ਤੋਂ ਛੋਟਾ ਪੁੱਤਰ ਪ੍ਰਿੰਸ ਐਡਵਰਡ ਐਲਬਰਟ ਦਲੀਪ ਸਿੰਘ ਨੂੰ ਦਫ਼ਨਾਇਆ ਹੋਇਆ ਹੈ। ਇਸ ਮੌਕੇ ਸਿੱਖ ਨੌਜਵਾਨ ਕਵੀਸ਼ਰਾਂ ਦੇ ਜਥੇ (ਤਰਨਦੀਪ ਸਿੰਘ, ਸਿਮਰਦੀਪ ਸਿੰਘ ਅਤੇ ਅਮਰਿੰਦਰ ਸਿੰਘ) ਵੱਲੋਂ ਮਹਾਰਾਜਾ ਦਲੀਪ ਸਿੰਘ ਦੇ ਇਤਿਹਾਸ ਨਾਲ ਸਬੰਧਤ ਕਵਿਤਾ ਗਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ ਅਤੇ ਕਾਫ਼ੀ ਗਿਣਤੀ ਵਿੱਚ ਸੰਗਤ ਪੁੱਜੀ। ਸਮਾਗਮ ਮੌਕੇ ਕੁਝ ਪ੍ਰਮੁੱਖ ਸਿੱਖ ਸਖ਼ਸ਼ੀਅਤਾਂ ਤੇ ਲੂਟਨ ਕੌਂਸਲ ਦੇ ਮੇਅਰ ਜਾਵੇਦ ਹੁਸੈਨ ਨੇ ਸੰਬੋਧਨ ਕਰਦਿਆਂ ਪੁੱਜੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਅਤੇ ਮਹਾਰਾਜਾ ਨੂੰ ਸਤਿਕਾਰ ਭੇਟ ਕੀਤਾ। ਜਥੇਦਾਰ ਗੜਗੱਜ ਨੇ ਕਿਹਾ ਕਿ ਅੱਜ ਸਿੱਖ ਛੋਟੀਆਂ-ਛੋਟੀਆਂ ਗੱਲਾਂ ਕਾਰਨ ਆਪਸ ਵਿੱਚ ਝਗੜਦੇ ਹਨ ਜਦਕਿ ਅਸੀਂ ਵੱਡੇ ਕੌਮੀ ਮਸਲੇ ਵਿਸਾਰ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਆਪਸੀ ਲੜਾਈਆਂ ਤੇ ਮਤਭੇਦ ਛੱਡ ਕੇ ਪੰਥ ਦੇ ਵੱਡੇ ਹਿੱਤਾਂ ਅਤੇ ਗੁਰੂ ਸਾਹਿਬਾਨ ਦੇ ਸੰਕਲਪ ਲਈ ਇਕਜੁੱਟਤਾ ਨਾਲ ਕਾਰਜ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖਾਂ ਨੂੰ ਆਪਣੀ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ ਅਤੇ ਥੈਟਫੋਰਡ ਵਿਖੇ ਸਥਿਤ ਮਹਾਰਾਜਾ ਦਲੀਪ ਸਿੰਘ ਦੇ ਬੁੱਤ ਅਤੇ ਉਸਦੇ ਦੇ ਆਲੇ ਦੁਆਲੇ ਦੀ ਕੁਝ ਹੋਰ ਸਾਂਭ-ਸੰਭਾਲ ਤੇ ਬਿਹਤਰੀ ਦੀ ਲੋੜ ਹੈ ਜਿਸ ਲਈ ਯੂਕੇ ਦੀਆਂ ਸਿੱਖ ਸੰਸਥਾਵਾਂ ਅੱਗੇ ਆ ਕੇ ਸਾਂਝਾ ਉਪਰਾਲਾ ਕਰਨ।