ਕਾਮਰੇਡਾਂ ਨੇ ਫੂਕਿਆ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਦਾ ਪੁਤਲਾ ਭਾਰਤੀ ਕਮਿਊਨਿਸਟ ਪਾਰਟੀ ਅੰਮ੍ਰਿਤਸਰ ਦਿਹਾਤੀ ਦੀ ਮੀਟਿੰਗ ’ਚ ਚੋਣ ਕਮਿਸ਼ਨ ਤੇ ਪੰਜਾਬਸਰਕਾਰ ਵਿਰੁੱਧ ਰੋਸ ਪ੍ਰਗਟ
Publish Date: Sun, 18 Oct 2026 04:42 PM (IST)
Updated Date: Sun, 18 Oct 2026 04:42 PM (IST)
ਭਗਵਾਨ ਸਿੰਘ ਖੁਜਾਲਾ, ਪੰਜਾਬੀ ਜਾਗਰਣ ਤਰਸਿੱਕਾ : ਭਾਰਤੀ ਕਮਿਊਨਿਸਟ ਪਾਰਟੀ ਅੰਮ੍ਰਿਤਸਰ ਦਿਹਾਤੀ ਵੱਲੋਂ ਬਲਾਕ ਤਰਸਿੱਕਾ ਦੀ ਏਰੀਆ ਕਮੇਟੀ ਦੀ ਮੀਟਿੰਗ ਮਾਸਟਰ ਆਜ਼ਾਦ ਸਿੰਘ ਮਹਿਤਾ, ਸਾਬਕਾ ਸਰਪੰਚ ਦੀ ਪ੍ਰਧਾਨਗੀ ਹੇਠ ਪਿੰਡ ਖਜਾਲਾ ਵਿਖੇ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰ ਲੱਖਬੀਰ ਸਿੰਘ ਨਿਜਾਮਪੁਰ ਅਤੇ ਬਲਾਕ ਸਕੱਤਰ ਮੰਗਲ ਸਿੰਘ ਖਜਾਲਾ ਨੇ ਦੇਸ਼ ਅੰਦਰ ਵੋਟਾਂ ਦੀ ਸੁਧਾਈ ਦੇ ਨਾਂ ’ਤੇ ਆਮ ਲੋਕਾਂ ਦੀਆਂ ਵੋਟਾਂ ਕੱਟੇ ਜਾਣ ਦੇ ਮੁੱਦੇ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਆਗੂਆਂ ਨੇ ਕਿਹਾ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਭੂਮਿਕਾ ’ਤੇ ਗੰਭੀਰ ਸਵਾਲ ਉੱਠ ਰਹੇ ਹਨ ਅਤੇ ਵੋਟਰਾਂ ਦੇ ਅਧਿਕਾਰਾਂ ਦੀ ਰਾਖੀ ਕਰਨਾ ਚੋਣ ਕਮਿਸ਼ਨ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਵੋਟਾਂ ਕੱਟਣ ਦੀ ਕਾਰਵਾਈ ਨਾਲ ਦੇਸ਼ ਦੀ ਜਮਹੂਰੀਅਤ ਨੂੰ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਦੇਸ਼ ਭਰ ਵਿੱਚ ਇਸ ਮੁੱਦੇ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਸੰਘਰਸ਼ ਕਰ ਰਹੇ ਨੌਜਵਾਨਾਂ ਅਤੇ ਵਿਿਦਆਰਥੀਆਂ ਨੂੰ ਵੀ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਸੱਤਾਧਾਰੀ ਭਾਜਪਾ ਅਤੇ ਆਰਐੱਸਐੱਸ. ਦੇ ਪ੍ਰਭਾਵ ਹੇਠ ਕੰਮ ਕਰ ਰਿਹਾ ਹੈ ਅਤੇ ਵੋਟ ਦੇ ਜਮਹੂਰੀ ਅਧਿਕਾਰ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਦੇਸ਼ ਦੇ 13 ਕਰੋੜ ਲੋਕਾਂ ਦੀਆਂ ਵੋਟਾਂ ਕੱਟੇ ਜਾਣ ਦੇ ਦੋਸ਼ਾਂ ਦਾ ਹਵਾਲਾ ਦਿੰਦਿਆਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ, ਆਗੂਆਂ ਨੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਮਾਨਸਾ ਜ਼ਿਲ੍ਹੇ ਦੇ ਨੌਜਵਾਨ ਪਰਮਿੰਦਰ ਸਿੰਘ ਝੋਟੇ ਦੇ ਕਤਲ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਘਟਨਾ ਪਿੱਛੇ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰ ਦੇ ਮਾਲਕ ਦੀ ਭੂਮਿਕਾ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਸਤੀਫ਼ੇ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ। ਮੀਟਿੰਗ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬਲਕਾਰ ਸਿੰਘ ਦਸ਼ਮੇਸ਼ ਨਗਰ, ਸੋਹਣ ਸਿੰਘ, ਬਲਵੰਤ ਸਿੰਘ, ਬਲਵਿੰਦਰ ਸਿੰਘ ਮੀਰਾ ਚੱਕ, ਨਿੰਦਰ ਸਿੰਘ ਸੈਦੌਲੋਲ, ਗੁਰਬਖਸ਼ ਸਿੰਘ, ਸੁੱਚਾ ਸਿੰਘ ਚੋਗਾਵਾਂ, ਤੇਜਿੰਦਰ ਸਿੰਘ, ਬਲਕਾਰ ਸਿੰਘ ਖਜਾਲਾ, ਗੁਰਸੇਵਕ ਸਿੰਘ ਪੰਡੋਰੀ, ਬੀਰ ਸਿੰਘ, ਅਮਰਜੀਤ ਸਿੰਘ ਚਾਟੀਵਿੰਡ, ਪ੍ਰਤਾਪ ਸਿੰਘ ਅਤੇ ਪ੍ਰਗਟ ਸਿੰਘ ਧਰਮੂਚੱਕ ਆਦਿ ਹਾਜ਼ਰ ਸਨ।