ਪਰਾਲੀ ਪ੍ਰਬੰਧਨ ’ਚ ਨਵੇਂ ਖੇਤੀ ਮਾਡਲਾਂ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਵਲੋਂ ਪਿੰਡਾਂ ਦਾ ਦੌਰਾ ਪਰਾਲੀ ਪ੍ਰਬੰਧਨ ’ਚ ਨਵੇਂ ਖੇਤੀ ਮਾਡਲਾਂ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਵਲੋਂ ਪਿੰਡਾਂ ਦਾ ਦੌਰਾ
Publish Date: Sun, 18 Oct 2026 04:38 PM (IST)
Updated Date: Sun, 18 Oct 2026 04:39 PM (IST)
ਤਰਲੋਚਨ ਸਿੰਘ ਜੋਧਾਨਗਰੀ , ਪੰਜਾਬੀ ਜਾਗਰਣ ਟਾਂਗਰਾ : ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ, ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ਅਤੇ ਕਿਸਾਨਾਂ ਲਈ ਆਮਦਨ ਦੇ ਨਵੇਂ ਮੌਕਿਆਂ ਦਾ ਜਾਇਜ਼ਾ ਲੈਣ ਲਈ ਐੱਸ ਰੁਕਮਣੀ, ਜੁਆਇੰਟ ਸਕੱਤਰ (ਐੱਮਐਂਡਟੀ), ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਰਵਿੰਦ ਮੇਸ਼ਰਾਮ, ਸਲਾਹਕਾਰ ਜੀਐੱਸ ਪਵਾਰ, ਖੇਤੀਬਾੜੀ ਇੰਜੀਨੀਅਰ ਅਤੇ ਅਮਰਜੀਤ ਸਿੰਘ ਦੋਸਾਂਝ, ਮੁੱਖ ਖੇਤੀਬਾੜੀ ਅਫ਼ਸਰ, ਅੰਮ੍ਰਿਤਸਰ ਨੇ ਹੋਰ ਅਧਿਕਾਰੀਆਂ ਸਮੇਤ ਜ਼ਿਲ੍ਹੇ ਦੇ ਬਲਾਕ ਤਰਸਿੱਕਾ ਅਤੇ ਅਟਾਰੀ ਦਾ ਦੌਰਾ ਕੀਤਾ। ਦੌਰੇ ਦੌਰਾਨ ਪਿੰਡ ਸੰਗਰਾਏ ਵਿਖੇ ਰਾਣਾ ਸ਼ੂਗਰ ਮਿੱਲ ਦੇ ਪਰਾਲੀ ਇਕੱਠੀ ਕਰਨ ਵਾਲੇ ਸਥਾਨ ਦਾ ਨਿਰੀਖਣ ਕੀਤਾ ਗਿਆ। ਜਿਥੇ ਲਗਪਗ 7.5 ਏਕੜ ਵਿੱਚ 7,600 ਮੀਟ੍ਰਿਕ ਟਨ ਪਰਾਲੀ ਇਕੱਠੀ ਕੀਤੀ ਗਈ ਸੀ। ਕਿਸਾਨਾਂ ਨੇ ਦੱਸਿਆ ਕਿ ਅਜਿਹੇ ਸਥਾਨ ਤੇ ਪਰਾਲੀ ਦੀ ਇਕੱਤਰਤਾ ਕਰਨ ਨਾਲ ਨੇੜੇ ਲਗਦੇ ਏਰੀਏ ’ਚੋਂ ਕਿਸਾਨਾਂ ਨੂੰ ਪਰਾਲੀ ਚੁਕਾਉਣ ਦੀ ਸਮੱਸਿਆ ਨਹੀ ਆਉਂਦੀ। ਪਿੰਡ ਡੇਹਰੀਵਾਲ ਵਿਖੇ ਕਿਸਾਨ ਬਿਕਰਮਜੀਤ ਸਿੰਘ ਦੇ ਖੇਤਾਂ ਵਿੱਚ ਮਲਚਰ, ਐੱਮਬੀ ਪਲਾਊ ਅਤੇ ਰੋਟਾਵੇਟਰ ਰਾਹੀਂ ਪਰਾਲੀ ਦੇ ਖੇਤ ਵਿੱਚ ਹੀ ਪ੍ਰਬੰਧਨ ਦਾ ਮੌਕੇ ਤੇ ਪਰਦਰਸ਼ਨ ਵੇਖਿਆ ਗਿਆ। ਕਿਸਾਨਾਂ ਨੇ ਭਾਰੀ ਮਸ਼ੀਨਰੀ ਦੇ ਵੱਧ ਖਰਚੇ ਕਾਰਨ ਛੋਟੇ ਤੇ ਸੀਮਤ ਕਿਸਾਨਾਂ ਲਈ ਵਧੇਰੇ ਸਬਸਿਡੀ ਦੀ ਲੋੜ ਉਜਾਗਰ ਕੀਤੀ। -- ਮਾਸਟਰ ਬੈੱਡ ਪਲਾਂਟਰ ਦਾ ਕੀਤਾ ਲਾਈਵ ਪ੍ਰਦਰਸ਼ਨ ਪਿੰਡ ਜੋਧਨਾਗਰੀ ਵਿਖੇ ਕਿਸਾਨ ਰਮਨਜੀਤ ਸਿੰਘ ਸਿੱਧੂ ਦੇ ਖੇਤਾਂ ਵਿੱਚ ਟਰਾਇਲ ਅਧੀਨ ਮਾਸਟਰ ਬੈੱਡ ਪਲਾਂਟਰ ਦਾ ਲਾਈਵ ਪ੍ਰਦਰਸ਼ਨ ਕੀਤਾ ਗਿਆ। ਇਹ ਨਵੀਂ ਮਸ਼ੀਨ ਝੋਨੇ ਦੀ ਕਟਾਈ ਤੋ ਬਾਅਦ ਪਰਾਲੀ ਨੂੰ ਖੇਤਾਂ ਵਿਚ ਜਜ਼ਬ ਕਰਕੇ ਬੈਡਾਂ ਉੱਤੇ ਸਿੱਧੀ ਮਟਰ ਦੀ ਬਿਜਾਈ ਕਰਦੀ ਹੈ। ਸਫ਼ਲ ਟਰਾਇਲਾਂ ਤੋਂ ਬਾਅਦ ਇਹ ਤਕਨੀਕ ਖੇਤੀ ਕਾਰਜਾਂ ਦੀ ਗਿਣਤੀ, ਸਮੇਂ ਅਤੇ ਖਰਚੇ ਨੂੰ ਘਟਾਉਣ ਦੀ ਸੰਭਾਵਨਾ ਰੱਖਦੀ ਹੈ। ਪਿੰਡ ਕੋਟਲਾ ਬਥੁੰਨਗੜ੍ਹ ਵਿਖੇ ਜਸਬੀਰ ਸਿੰਘ ਵੱਲੋਂ ਚਲਾਏ ਜਾ ਰਹੇ ਕਸਟਮ ਹਾਇਰਿੰਗ ਸੈਂਟਰ ਦਾ ਦੌਰਾ ਕਰਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। --- ਸਹਿਕਾਰੀ ਸਭਾਵਾਂ ਤੇ ਕਸਟਮ ਹਾਇਰਿੰਗ ਸੈਂਟਰਾਂ ਨੂੰ ਮਜ਼ਬੂਤ ਕਰਨ ’ਤੇ ਦਿੱਤਾ ਜ਼ੋਰ ਟੀਮ ਨੇ ਸਹਿਕਾਰੀ ਸਭਾਵਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ, ਤਾਂ ਜੋ ਕਿਸਾਨਾਂ ਨੂੰ ਮਹਿੰਗੀ ਮਸ਼ੀਨਰੀ ਖਰੀਦਣ ਦੀ ਬਜਾਏ ਕਿਫ਼ਾਇਤੀ ਕਿਰਾਏ ’ਤੇ ਖੇਤੀ ਸੰਦ ਮਿਲ ਸਕਣ ਅਤੇ ਮਸ਼ੀਨਰੀ ਸੇਵਾਵਾਂ ਰਾਹੀਂ ਪੇਂਡੂ ਖੇਤਰਾਂ ਵਿੱਚ ਆਮਦਨ ਦੇ ਨਵੇਂ ਮੌਕੇ ਪੈਦਾ ਹੋਣ। ਇਸ ਦੌਰੇ ਦੌਰਾਨ ਪਰਾਲੀ ਨੂੰ ਸਮੱਸਿਆ ਦੀ ਬਜਾਏ ਆਮਦਨ ਦੇ ਸਰੋਤ ਵਜੋਂ ਵਿਕਸਤ ਕਰਨ, ਆਧੁਨਿਕ ਮਸ਼ੀਨਰੀ ਦੀ ਪਹੁੰਚ ਵਧਾਉਣ, ਨਵੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨ, ਸਹਿਕਾਰੀ ਮਸ਼ੀਨਰੀ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਪਰਾਲੀ ਸੰਭਾਲ ਲਈ ਬੇਲਰ, ਰੇਕ ਦੀ ਮਹੱਤਤਾ ਉਭਰ ਕੇ ਸਾਹਮਣੇ ਆਈ। ਅਜਿਹੇ ਉਪਰਾਲੇ ਕਿਸਾਨਾਂ ਦੇ ਖੇਤੀ ਖਰਚੇ ਘਟਾਉਣ, ਪਰਾਲੀ ਸਾੜਨ ਨੂੰ ਰੋਕਣ ਅਤੇ ਵਾਤਾਵਰਣ ਪੱਖੀ ਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ। ਇਸ ਮੌਕੇ ਐਗਰੀਕਲਚਰ ਅਫਸਰ ਡਾ. ਬਲਵਿੰਦਰ ਸਿੰਘ ਛੀਨਾ, ਡਾ. ਰਮਨ ਕੁਮਾਰ, ਡਾ. ਗੁਰਪ੍ਰੀਤ ਸਿੰਘ, ਡਾ. ਗੁਰਜੋਤ ਸਿੰਘ, ਡਾ. ਸਤਿੰਦਰਬੀਰ ਸਿੰਘ, ਡਾ. ਹਰਪਿੰਦਰਜੀਤ ਸਿੰਘ, ਡਾ. ਰਮਿੰਦਰ ਕੌਰ ਕ੍ਰਿਸ਼ੀ ਵਿਿਗਆਨ ਕੇਂਦਰ ਅਤੇ ਕਿਸਾਨ ਇਕਬਾਲ ਸਿੰਘ ਸਿੱਧੂ, ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਜਾਣੀਆਂ, ਸ਼ਰਨਜੀਤ ਸਿੰਘ ਸਿੱਧੂ, ਨੰਬਰਦਾਰ ਬਿਕਰਮਜੀਤ ਸਿੰਘ ਸਿੱਧੂ, ਆੜ੍ਹਤੀ ਵਰਿੰਦਰ ਸਿੰਘ ਧੰਜੂ, ਕਿਸਾਨ ਆਗੂ ਤਲਵਿੰਦਰਜੀਤ ਸਿੰਘ ਬਾਊ, ਅਮਰੀਕ ਸਿੰਘ, ਅਭੀਜੀਤ ਸਿੰਘ ਥਿੰਦ, ਡਾ. ਮਨੋਹਰ ਸਿੰਘ , ਸੁਖਦੇਵ ਸਿੰਘ ਜੋਧਾਨਗਰੀ, ਜਗਜੀਤ ਸਿੰਘ ਜੱਗਾ ਸੰਗਰਾਵਾਂ ਆਦਿ ਹਾਜ਼ਰ ਸਨ।