ਅੰਮ੍ਰਿਤਸਰ ’ਚ ਹੈਂਡ ਗ੍ਰਨੇਡ, ਪਿਸਤੌਲ ਤੇ ਪੰਜ ਕਾਰਤੂਸਾਂ ਸਣੇ ਛੇ ਕਾਬੂ ਪੰਜਾਬ ਪੁਲਿਸ ਵੱਲੋਂ ਪਾਕਿਸਤਾਨੀ ਆਈਐਸਆਈ ਸਮਰਥਿਤ ਮਾਡਿਊਲ ਦਾ ਪਰਦਾਫਾਸ਼
Publish Date: Tue, 13 Oct 2026 06:45 PM (IST)
Updated Date: Wed, 14 Oct 2026 04:06 AM (IST)
* ਪੰਜਾਬ ਪੁਲਿਸ ਵੱਲੋਂ ਪਾਕਿਸਤਾਨੀ ਆਈਐਸਆਈ ਸਮਰਥਿਤ ਮਾਡਿਊਲ ਦਾ ਪਰਦਾਫਾਸ਼ * ਜਾਂਚ ਦੌਰਾਨ ਇਸ ਮਾਡਿਊਲ ਦੇ ਵਿਦੇਸ਼ੀ ਤਸਕਰਾਂ ਤੇ ਆਈਐੱਸਆਈ ਕਾਰਕੁੰਨਾਂ ਨਾਲ ਸਬੰਧਾਂ ਦਾ ਖੁਲਾਸਾ ਹੋਇਆ: ਡੀਜੀਪੀ ਯਾਦਵ * ਸਰਹੱਦ ਪਾਰਲੇ ਹੈਂਡਲਰਾਂ ਦੇ ਇਸ਼ਾਰੇ ਤੇ ਹਮਲਿਆਂ ਦੀ ਸਾਜ਼ਿਸ਼ ਰਚਣ ਵਾਲੇ ਮੋਗਾ ਦੇ ਤਿੰਨ ਕਾਰਕੁੰਨ ਗ੍ਰਿਫ਼ਤਾਰ: ਆਈਜੀਪੀ ਭੁੱਲਰ ਕੈਪਸ਼ਨ : ਪ੍ਰੈੱਸ ਕਾਨਫਰੰਸ ਦੌਰਾਨ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਅਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨ ਆਈਐੱਸਆਈ-ਸਮਰਥਿਤ ਗ਼ੈਰ-ਕਾਨੂੰਨੀ ਹਥਿਆਰ ਤੇ ਵਿਸਫੋਟਕ ਸਪਲਾਈ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਪੁਲਿਸ ਅਦਾਰਿਆਂ ਤੇ ਹਮਲਾ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਤੇ ਮਈ 2026 ’ਚ ਆਰਮੀ ਛਾਉਣੀ ਖਾਸਾ ਨੇੜੇ ਹੋਏ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਧਮਾਕੇ ਸਬੰਧੀ ਮਾਮਲੇ ਨੂੰ ਸੁਲਝਾ ਲਿਆ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਪੁਲਿਸ ਟੀਮਾਂ ਨੇ ਦੋ ਆਪਸ ’ਚ ਜੁੜੇ ਮਾਮਲਿਆਂ ਵਿੱਚ ਕੁੱਲ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗ੍ਰਨੇਡ ਅਤੇ ਇਕ 9 ਐੱਮਐੱਮ ਪਿਸਤੌਲ ਸਮੇਤ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਅਦਾਰਿਆਂ ਤੇ ਹਮਲੇ ਦੀ ਸਾਜ਼ਿਸ਼ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਵਦੀਪ ਸਿੰਘ ਵਾਸੀ ਫਤਿਹਗੜ੍ਹ ਕੋਰੋਟਾਨਾ, ਧਰਮਕੋਟ, ਮੋਗਾ; ਸੈਮੂਅਲ ਉਰਫ਼ ਸਾਮੂ ਤੇ ਸੰਦੀਪ ਸਿੰਘ ਉਰਫ਼ ਟਿੱਡੀ ਦੋਵੇਂ ਵਾਸੀ ਮੇਨੇਵਾਲਾ, ਮੋਗਾ ਵਜੋਂ ਕੀਤੀ ਗਈ ਹੈ। ਖਾਸਾ ਛਾਉਣੀ ਵਿਖੇ ਆਈਈਡੀ ਧਮਾਕੇ ਨੂੰ ਅੰਜ਼ਾਮ ਦੇਣ ਲਈ ਗ੍ਰਿਫ਼ਤਾਰ ਕੀਤੇ ਗਏ ਤਿੰਨ ਕਾਰਕੁਨਾਂ ਦੀ ਪਛਾਣ ਰਮਨਦੀਪ ਸਿੰਘ, ਜੱਜਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ਼ ਕੇਕੜਾ ਤਿੰਨੋਂ ਵਾਸੀ ਪੁਰਾਣੀ ਦਾਣਾ ਮੰਡੀ, ਅਟਾਰੀ, ਅੰਮ੍ਰਿਤਸਰ ਵਜੋਂ ਕੀਤੀ ਗਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਸ ਮਾਡਿਊਲ ਦੇ ਵਿਦੇਸ਼ੀ ਤਸਕਰਾਂ ਤੇ ਆਈਐੱਸਆਈ ਦੇ ਕਾਰਕੁੰਨਾਂ ਨਾਲ ਕਥਿਤ ਸਬੰਧ ਸਾਹਮਣੇ ਆਏ ਹਨ ਤੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੇਂਦਰੀ ਏਜੰਸੀਆਂ ਤੋਂ ਮਿਲੀ ਭਰੋਸੇਯੋਗ ਜਾਣਕਾਰੀ ਦੇ ਆਧਾਰ ਤੇ ਤੁਰੰਤ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਦੀਆਂ ਟੀਮਾਂ ਨੇ ਇੱਕ ਮੋਟਰਸਾਈਕਲ ਨੂੰ ਰੋਕਿਆ ਤੇ ਨਵਦੀਪ ਸਿੰਘ ਨੂੰ ਉਸ ਦੇ ਸਾਥੀਆਂ ਸੈਮੂਅਲ ਉਰਫ਼ ਸਾਮੂ ਤੇ ਸੰਦੀਪ ਸਿੰਘ ਉਰਫ਼ ਟਿੱਡੀ ਸਮੇਤ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇਕ ਹੈਂਡ ਗ੍ਰਨੇਡ ਤੇ ਇੱਕ 9ਐਮਐਮ ਪਿਸਤੌਲ ਸਮੇਤ ਪੰਜ ਕਾਰਤੂਸ ਬਰਾਮਦ ਕੀਤੇ। ਇਸ ਸਬੰਧੀ ਥਾਣਾ ਘਰਿੰਡਾ ਵਿਖੇ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3, 4 ਤੇ 5 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮਿਤੀ 11.10.2026 ਨੂੰ ਐੱਫਆਈਆਰ ਨੰਬਰ 441 ਦਰਜ ਕੀਤੀ ਗਈ ਹੈ। ਆਈਜੀਪੀ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਦੌਰਾਨ 5 ਮਈ 2026 ਦੀ ਰਾਤ ਨੂੰ ਕਰੀਬ 11 ਵਜੇ ਕੈਂਟ ਖਾਸਾ ਸਥਿਤ ਬ੍ਰਿਗੇਡ ਸਕਿਓਰਿਟੀ ਦੀ ਕੰਧ ’ਤੇ ਹੋਏ ਆਈਈਡੀ ਧਮਾਕੇ ਦੇ ਮਾਮਲੇ ਦੀ ਗੁੱਥੀ ਵੀ ਸੁਲਝਾ ਲਈ ਹੈ। ਉਨ੍ਹਾਂ ਦੱਸਿਆ ਕਿ ਇਸ ਅਣਸੁਲਝੇ ਧਮਾਕੇ ਦੇ ਮਾਮਲੇ ਨੂੰ ਸੁਲਝਾਉਣ ਲਈ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਇਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਸੀ। ਮਾਮਲੇ ਦੀ ਬਰੀਕੀ ਨਾਲ ਜਾਂਚ ਮਗਰੋਂ ਮੁਲਜ਼ਮ ਫੜੇ ਗਏ ਐੱਸਐੱਸਪੀ ਕੰਵਲਪ੍ਰੀਤ ਚਾਹਲ ਨੇ ਦੱਸਿਆ ਕਿ ਸੀਆਈਏ ਇੰਚਾਰਜ ਇੰਸਪੈਕਟਰ ਮਨਮੀਤ ਸਿੰਘ ਅਤੇ ਘਰਿੰਡਾ ਥਾਣੇ ਦੇ ਐਸਐਚਓ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਵਾਲੀਆਂ ਟੀਮਾਂ ਵੱਲੋਂ ਬਾਰੀਕੀ ਨਾਲ ਕੀਤੀ ਜਾਂਚ ਤੇ ਤਕਨੀਕੀ ਢੰਗ ਨਾਲ ਕੀਤੀ ਟਰੈਕਿੰਗ ਸਦਕਾ ਮੁਲਜ਼ਮ ਰਮਨਦੀਪ ਸਿੰਘ, ਜੱਜਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ਼ ਕੇਕੜਾ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਥਾਣਾ ਘਰਿੰਡਾ ਵਿਖੇ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3, 4 ਅਤੇ 5 ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੀ ਧਾਰਾ 13 ਤਹਿਤ ਮਿਤੀ 06.05.2026 ਨੂੰ ਐਫਆਈਆਰ ਨੰਬਰ 174 ਪਹਿਲਾਂ ਹੀ ਦਰਜ ਹੈ।