- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਸ਼ੁਰੂ ਹੋਇਆ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ

ਕੈਪਸ਼ਨ : ਲੰਗੂਰ ਬਣੇ ਬੱਚੇ ਸ਼੍ਰੀ ਵੱਡਾ ਹਨੂੰਮਾਨ ਮੰਦਰ ਵਿਚ ਮੱਥਾ ਟੇਕਦੇ ਹੋਏ।
* ਸ਼੍ਰੀ ਦੁਰਗਿਆਣਾ ਤੀਰਥ ਦੇ ਸ਼੍ਰੀ ਵੱਡਾ ਹਨੂੰਮਾਨ ਮੰਦਰ ’ਚ ਵੱਡੀ ਗਿਣਤੀ ਵਿਚ ਬੱਚੇ ਬਣੇ ਲੰਗੂਰ
ਰਾਜਨ ਮਹਿਰਾ, ਪੰਜਾਬੀ ਜਾਗਰਣ
ਅੰਮ੍ਰਿਤਸਰ : ਅੱਸੂ ਦੇ ਪਹਿਲੇ ਨਰਾਤੇ ਤੋਂ ਸ਼ੁਰੂ ਹੋਏ 10 ਰੋਜ਼ਾ ਵਿਸ਼ਵ ਪ੍ਰਸਿੱਧ ਲੰਗੂਰ ਮੇਲੇ ’ਚ ਹਰ ਸਾਲ ਵਾਂਗ ਇਸ ਵਾਰ ਵੀ ਵੱਡੀ ਗਿਣਤੀ ’ਚ ਪੂਰੇ ਉਤੱਰੀ ਭਾਰਤ ਤੇ ਦੇਸ਼ਾਂ-ਵਿਦੇਸ਼ਾਂ ਤੋਂ ਸ਼ਰਧਾਲੂ ਸ਼੍ਰੀ ਦੁਰਗਿਆਣਾ ਤੀਰਥ ਦੇ ਸ਼੍ਰੀ ਵੱਡਾ ਹਨੂੰਮਾਨ ਮੰਦਰ ’ਚ ਮੱਥਾ ਟੇਕਣ ਲਈ ਪੁੱਜੇ। ਸਵੇਰੇ ਸ਼੍ਰੀ ਹਨੂੰਮਾਨ ਜੀ ਦਾ ਸ਼ਿੰਗਾਰ ਕੀਤਾ ਗਿਆ ਤੇ ਲੱਡੂਆਂ ਨਾਲ ਭੋਗ ਲਗਾਉਣ ਮਗਰੋਂ ਮੇਲੇ ਦੀ ਸ਼ੁਰੂਆਤ ਕੀਤੀ ਗਈ, ਸਵੇਰੇ ਤੜਕੇ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਮੱਥਾ ਟੇਕਣ ਲਈ ਲੱਗੀਆਂ ਰਹੀਆਂ ਤੇ ਸ਼੍ਰੀ ਗਿਰੀਰਾਜ ਸੇਵਾ ਸੰਘ ਦੇ ਸੇਵਾਦਾਰ ਤੜਕੇ ਸੇਵਾ ’ਚ ਲੱਗੇ ਰਹੇ। ਅੱਜ ਪਹਿਲੇ ਨਰਾਤੇ ਮੌਕੇ ਸ਼੍ਰੀ ਵੱਡਾ ਹਨੂੰਮਾਨ ਮੰਦਰ ਤੜਕੇ 4 ਵਜੇ ਖੋਲ੍ਹਿਆ ਗਿਆ।
ਦੱਸਣਯੋਗ ਹੈ ਕਿ ਇਸੇ ਮੰਦਰ ’ਚ ਸ਼੍ਰੀ ਹਨੂੰਮਾਨ ਜੀ ਦੀ ਬੈਠੀ ਮੁਦਰਾ ’ਚ ਮੂਰਤੀ ਹੈ, ਜਿਥੇ ਸ਼ਰਧਾਲੂ ਮੱਥਾ ਟੇਕਦੇ ਹਨ। ਬੱਚਿਆਂ ਨੂੰ ਲੰਗੂਰ ਬਨਾਉਣ ਲਈ ਮਾਪਿਆ ਨੂੰ ਬਹੁਤ ਹੀ ਸਖ਼ਤ ਨਿਯਮਾਂ ਦੀ ਪਾਲਣਾ ਵੀ ਕਰਨੀ ਪੈਂਦੀ ਹੈ, ਜਿਸ ਦੇ ਨਾਲ ਹਰ ਰੋਜ਼ ਨਿਯਮਾਂ ਮੁਤਾਬਕ ਹੀ ਖਾਣਾ ਤੇ ਮੱਥਾ ਟੇਕਣਾ ਹੁੰਦਾ ਹੈ ਤੇ ਲੰਗੂਰ ਮੇਲਾ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਲੰਗੂਰ ਬਣਨ ਵਾਲੇ ਬੱਚਿਆਂ ਦੇ ਮਾਪਿਆਂ ਵੱਲੋਂ ਮੰਦਰ ਆ ਕੇ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ ਤੇ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਸ਼ਰਧਾਲੂ ਲੰਗੂਰਾਂ ਦੀ ਵਰਦੀ ਲੈਂਦੇ ਹਨ, ਲੰਗੂਰ ਮੇਲੇ ’ਚ ਵੱਡੀ ਗਿਣਤੀ 'ਚ ਬੱਚੇ ਲੰਗੂਰ ਬਣੇ ਹਨ, ਜਿਨ੍ਹਾਂ ’ਚ ਲੜਕੀਆਂ ਵੀ ਲੰਗੂਰ ਬਣੀਆਂ ਹਨ ਤੇ ਸ਼ਰਧਾਲੂਆਂ ਵੱਲੋਂ ਸਨਤਾਨ ਪ੍ਰਾਪਤੀ ਲਈ ਮੰਗੀ ਮੰਣਤ ਚਾਹੇ ਪੁੱਤਰ ਜਾਂ ਧੀ ਦੋਨਾਂ ’ਚ ਕੋਈ ਫਰਕ ਨਾ ਦੇਖਦੇ ਹੋਏ ਸ਼ਰਧਾਲੂ ਬੱਚਿਆਂ ਨੂੰ ਲੰਗੂਰ ਬਣਾਉਂਦੇ ਹਨ ਤੇ ਧੀਆਂ ਨੂੰ ਵੀ ਲੰਗੂਰ ਬਣਾ ਕੇ ਸ਼ਰਧਾਲੂਆਂ ਨੇ ਸਮਾਜ ’ਚ ਧੀਆਂ ਦੇ ਮਾਨ-ਸੰਮਾਨ ਨੂੰ ਵਧਾਉਣ ਦਾ ਸੁਨੇਹਾ ਦਿੱਤਾ ਹੈ। ਸ਼ਰਧਾਲੂਆਂ ਵੱਲੋਂ ਸ਼੍ਰੀ ਹਨੂੰਮਾਨ ਜੀ ਨੂੰ ਮੋਤੀ ਚੂਰ ਦੇ ਲੱਡੂ ਪ੍ਰਸ਼ਾਦ ਦੇ ਰੂਪ ਵਿਚ ਲਿਆ ਕੇ ਭੋਗ ਲਗਾਇਆ ਗਿਆ ਤੇ ਜੈ ਸ਼੍ਰੀ ਰਾਮ, ਜੈ ਬਜਰੰਗ ਬਲੀ ਦੇ ਜੈਕਾਰੇ ਲਗਾਏ ਗਏ ਤੇ ਵੱਖ-ਵੱਖ ਟੋਲੀਆਂ ’ਚ ਬਜਰੰਗੀ ਸੈਨਾ ਨੇ ਨੱਚਦੇ-ਚੱਪਦੇ ਸ਼੍ਰੀ ਹਨੂੰਮਾਨ ਮੰਦਰ ’ਚ ਮੱਥਾ ਟੇਕਿਆ।
ਮੰਦਰ ਕਮੇਟੀ ਨੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ
ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਤੇ ਜਨਰਲ ਸਕੱਤਰ ਅਰੁਣ ਖੰਨਾ ਨੇ ਕਿਹਾ ਕਿ ਲੰਗੂਰ ਮੇਲੇ ’ਚ ਆਏ ਸ਼ਰਧਾਲੂਆਂ ਦੀ ਸੁਰੱਖਿਆਂ ਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਮੰਦਰ ਕਮੇਟੀ ਵੱਲੋਂ ਕੀਤਾ ਗਿਆ ਹੈ ਤੇ ਵਰਤ ਰੱਖਣ ਵਾਲੇ ਸ਼ਰਧਾਲੂਆਂ ਲਈ ਵਰਤ ਵਾਲਾ ਪ੍ਰਸ਼ਾਦ ਤਿਆਰ ਕਰਵਾਇਆ ਗਿਆ ਹੈ, ਇਸ ਦੇ ਨਾਲ ਹੀ ਮੰਦਰ ਕਮੇਟੀ ਵੱਲੋਂ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤੇ 125 ਦੇ ਕਰੀਬ ਪੰਡਿਤ ਦੀ ਵੇਵਸਥਾ ਕੀਤੀ ਹੈ ਨਾਲ ਹੀ ਆਉਂਦੇ ਸ਼ਰਧਾਲੂਆਂ ਦੇ ਰਹਿਣ ਦੇ ਪ੍ਰਬੰਧ ਵੀ ਕੀਤੇ ਗਏ ਹਨ ਤੇ ਹਰ ਰੋਜ ਸ਼ਰਧਾਲੂਆਂ ਦੇ ਖਾਣ-ਪੀਣ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪਹਿਲੇ ਨਰਾਤੇ ਨੂੰ ਸ਼੍ਰੀ ਹਨੂੰਮਾਨ ਮੰਦਰ ਸਵੇਰੇ 4 ਤੜਕੇ ਵਜੇ ਖੋਲ੍ਹਿਆ ਗਿਆ ਹੈ ਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੁਲਿਸ ਮੁਲਾਜ਼ਮ ਜਗ੍ਹਾ-ਜਗ੍ਹਾ ’ਤੇ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਬਾਹੁਬਲੀ ਹਨੂੰਮਾਨ ਦੇ ਮੰਦਰ ਅੰਦਰ ਆਉਣ ’ਤੇ ਪਾਬੰਦੀ ਲਗਾਈ ਗਈ ਹੈ ਅਤੇ ਟੋਲੀਆਂ ਦੇ ਨਾਲ ਪਹਿਲਾਂ ਹੀ ਮੀਟਿੰਗ ਕਰ ਕੇ ਨਿਰਦੇਸ਼ ਦੇ ਦਿੱਤੇ ਗਏ ਸੀ ਤਾਂ ਜੋ ਬਜਰੰਗੀ ਸੈਨਾ ਪੂਰੀ ਮਰਿਯਾਦਾ ਦੇ ਨਾਲ ਮੰਦਰ ’ਚ ਮੱਥਾ ਟੇਕ ਸਕਣ।
ਬੱਚਿਆਂ ਨੂੰ ਲੰਗੂਰ ਬਣਾਉਣ ਦੇ ਸਖ਼ਤ ਨਿਯਮ
ਨਰਾਤੇ ਦੇ ਪਹਿਲੇ ਦਿਨ ਪੂਜਾ ਦਾ ਸਾਮਾਨ, ਮਿਠਾਈ, ਫੱਲ, ਨਾਰੀਅਲ, ਫੱਲ ਸੇਹਰਾ, ਜਮੀਨ ਤੇ ਹੀ ਸੋਨਾ, ਚਮੜੇ ਦੇ ਬੂਟ, ਚੱਪਲ, ਬੈਲਟ ਆਦਿ ਦਾ ਇਸਤੇਮਾਲ ਨਹੀਂ ਕਰ ਸਕਦੇ ਤੇ ਨੰਗੇ ਪੈਰ ਮੰਦਰ ’ਚ ਆਉਣਾ ਜਰੂਰੀ ਹੈ, ਚਾਕੂ ਨਾਲ ਕੱਟਿਆ ਹੋਇਆ ਕੁਝ ਵੀ ਨਹੀਂ ਖਾਣਾ ਤੇ ਪਿਆਜ, ਲੱਸਣ, ਪਾਨ ਤੇ ਕਿਸੇ ਵੀ ਮਾਦਕ ਵਸਤੂ ਦਾ ਸੇਵਨ ਨਹੀਂ ਕਰਨਾ ਅਤੇ ਵਰਤ ਦਾ ਪਾਲਣ ਜਰੂਰੀ ਹੈ, ਦੂਸਰਿਆਂ ਦੇ ਘਰ ਦੇ ਦਰਵਾਜੇ ਅੰਦਰ ਨਹੀਂ ਜਾਣਾ, ਦੂਸਰਿਆਂ ਦੇ ਘਰ ਦਾ ਭੋਜਨ ਨਹੀਂ ਖਾਣਾ, ਸਾਰੇ ਸ਼ਰੀਰ ਵਿਚ ਤੇਲ, ਸ਼ੈਂਪੂ, ਸਾਬਨ ਲਗਾਉਣ ਤੇ ਪਾਬੰਦੀ ਹੈ, ਆਪਣੇ ਹੱਥਾਂ ਨਾਲ ਤੇ ਸਾਬਨ ਨਾਲ ਕੱਪੜੇ ਧੋਨਾ ਮੰਨਾ ਹੈ, ਨਿਯਮਪੂਰਵਕ ਸ਼੍ਰੀ ਹਨੂੰਮਾਨ ਜੀ ਦੇ ਮੰਦਰ ਵਿਚ ਦੋ ਸਮੇਂ ਮੱਥਾ ਟੇਕਣਾ ਜਰੂਰੀ ਹੈ, ਦੁਸ਼ਹਿਰੇ ਦੇ ਅਗਲੇ ਦਿਨ ਏਕਾਦਸ਼ੀ ਨੂੰ ਲੰਗੂਰ ਬਣੇ ਬੱਚਿਆਂ ਦਾ ਪਹਿਰਾਵਾ ਸ਼੍ਰੀ ਹਨੂੰਮਾਨ ਮੰਦਰ ਵਿਚ ਉਤਾਰੀ ਜਾਵੇਗੀ। ਸ਼੍ਰੀ ਗਿਰੀਰਾਜ ਸੇਵਾ ਸੰਘ ਦੇ ਪ੍ਰਧਾਨ ਸੰਜੇ ਮਹਿਰਾ ਨੇ ਕਿਹਾ ਕਿ 1986 ਤੋਂ ਮੰਦਰ ’ਚ ਸੇਵਾ ਕਰ ਰਹੇ ਹਨ ਅਤੇ ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਵਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਤੇ ਸੰਘ ਦੇ ਸੇਵਾਦਾਰ ਤੜਕੇ ਤੋਂ ਹੀ ਮੰਦਰ ਵਿਚ ਸੇਵਾ ਕਰ ਰਹੇ ਹਨ।