ਅੰਤਰਰਾਸ਼ਟਰੀ ਮੰਚ ’ਤੇ ਫਤਿਹ ਅਕੈਡਮੀ ਦੀ ਵਿਦਿਅਕ ਪਛਾਣ ਨੂੰ ਮਿਲਿਆ ਗੌਰਵਮਈ ਸਨਮਾਨ ਅੰਤਰਰਾਸ਼ਟਰੀ ਮੰਚ ’ਤੇ ਫਤਿਹ ਦੀ ਵਿਦਿਅਕ ਪਛਾਣ ਨੂੰ ਮਿਲਿਆ ਗੌਰਵਮਈ ਸਨਮਾਨ
Publish Date: Sun, 27 Sep 2026 07:07 PM (IST)
Updated Date: Mon, 28 Sep 2026 04:07 AM (IST)
ਫੋਟੋ-36 ਕੈਪਸ਼ਨ : ਸਨਮਾਮ ਹਾਸਲ ਕਰਦੇ ਹੋਏ ਚੇਅਰਮੈਨ ਡਾ. ਜਗਬੀਰ ਸਿੰਘ। * ਫ਼ਿਲਾਸਫ਼ੀ ਤੇ ਵਿਦਿਅਕ ਅਗਵਾਈ ਦੇ ਖੇਤਰ ਵਿੱਚ ਡਾ. ਜਗਬੀਰ ਸਿੰਘ ਨੂੰ ਆਨਰੇਰੀ ਡਾਕਟਰੇਟ ਨਾਲ ਨਿਵਾਜਿਆ ਗਿਆ ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਸਫ਼ਰ ਵਿਚ ਅੱਜ ਇੱਕ ਹੋਰ ਮਾਣਮੱਤਾ ਅਧਿਆਇ ਜੁੜ ਗਿਆ, ਜਦੋਂ ਸੰਸਥਾ ਦੇ ਸੰਸਥਾਪਕ-ਨਿਰਦੇਸ਼ਕ ਤੇ ਚੇਅਰਮੈਨ ਡਾ. ਜਗਬੀਰ ਸਿੰਘ ਨੂੰ ਔਰੇਂਜ ਕਾਊਂਟੀ ਯੂਨੀਵਰਸਿਟੀ, ਕੈਲੀਫ਼ੋਰਨੀਆ ਵੱਲੋਂ ਫ਼ਿਲਾਸਫ਼ੀ ਅਤੇ ਐਜੂਕੇਸ਼ਨਲ ਲੀਡਰਸ਼ਿਪ ’ਚ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ ਗਿਆ। ਇਹ ਵੱਕਾਰੀ ਸਨਮਾਨ ਉਨ੍ਹਾਂ ਦੀ ਦੂਰਦਰਸ਼ੀ ਵਿਦਿਅਕ ਸੋਚ, ਅਗਵਾਈ ਦੀ ਸਮਰੱਥਾ ਤੇ ਸਿੱਖਿਆ ਨੂੰ ਇੱਕ ਸਾਰਥਕ ਸਮਾਜਿਕ ਸ਼ਕਤੀ ਵਜੋਂ ਦੇਖਣ ਵਾਲੀ ਉਨ੍ਹਾਂ ਦੀ ਵਿਸ਼ਾਲ ਦ੍ਰਿਸ਼ਟੀ ਦੀ ਮਾਣਤਾ ਹੈ। ਡਾ. ਜਗਬੀਰ ਸਿੰਘ ਦੀ ਵਿਦਿਅਕ ਯਾਤਰਾ ਨੂੰ ਕੇਵਲ ਸੰਸਥਾ ਦੇ ਵਿਕਾਸ ਦੇ ਸੰਦਰਭ ਵਿੱਚ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਦੀ ਸੋਚ ਵਿੱਚ ਸਿੱਖਿਆ ਦਾ ਅਰਥ ਕਿਤਾਬੀ ਗਿਆਨ ਜਾਂ ਅਕਾਦਮਿਕ ਉਪਲਬਧੀਆਂ ਤੱਕ ਸੀਮਿਤ ਨਹੀਂ, ਸਗੋਂ ਮਨੁੱਖੀ ਸਮਰੱਥਾ ਨੂੰ ਪਛਾਣਨਾ, ਚਰਿੱਤਰ ਨੂੰ ਗੜ੍ਹਨਾ, ਸੋਚ ਨੂੰ ਵਿਸ਼ਾਲਤਾ ਦੇਣਾ ਤੇ ਨੌਜਵਾਨ ਪੀੜ੍ਹੀ ਨੂੰ ਜ਼ਿੰਮੇਵਾਰ ਤੇ ਸੰਵੇਦਨਸ਼ੀਲ ਨਾਗਰਿਕ ਵਜੋਂ ਤਿਆਰ ਕਰਨਾ ਹੈ। ਇਸੇ ਵਿਸ਼ਾਲ ਦ੍ਰਿਸ਼ਟੀ ਨੇ ਇੰਟਰਨੈਸ਼ਨਲ ਫਤਿਹ ਅਕੈਡਮੀ ਦੀ ਪਛਾਣ ਨੂੰ ਇੱਕ ਅਜਿਹੀ ਵਿਲੱਖਣ ਵਿਦਿਅਕ ਸੰਸਥਾ ਵਜੋਂ ਸਥਾਪਤ ਕੀਤਾ ਹੈ, ਜਿੱਥੇ ਗਿਆਨ ਦੇ ਨਾਲ ਮੁੱਲ, ਉੱਤਮਤਾ ਦੇ ਨਾਲ ਸੰਸਕਾਰ ਅਤੇ ਨਵੀਨਤਾ ਦੇ ਨਾਲ ਉਦੇਸ਼ ਜੁੜੇ ਹੋਏ ਹਨ। ਉਨ੍ਹਾਂ ਦੀ ਅਗਵਾਈ ਹੇਠ ਫਤਿਹ ਦੀ ਯਾਤਰਾ ਨੇ ਸਿੱਖਿਆ ਦੇ ਬਦਲਦੇ ਪਰਿਪੇਖ ਨਾਲ ਕਦਮ ਮਿਲਾਉਂਦਿਆਂ ਆਪਣੀ ਵਿਲੱਖਣ ਪਛਾਣ ਬਣਾਈ ਹੈ। ਡਾ. ਜਗਬੀਰ ਸਿੰਘ ਦੀ ਦ੍ਰਿਸ਼ਟੀ ਵਿੱਚ ਸਿੱਖਿਆ ਦਾ ਮਕਸਦ ਹਮੇਸ਼ਾ ਮਨੁੱਖ ਨੂੰ ਉਸ ਦੀਆਂ ਅੰਦਰੂਨੀ ਸਮਰੱਥਾਵਾਂ ਨਾਲ ਜੋੜਨਾ ਅਤੇ ਉਸਨੂੰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਰਿਹਾ ਹੈ। ਸਮੁੱਚਾ ਇੰਟਰਨੈਸ਼ਨਲ ਫਤਿਹ ਅਕੈਡਮੀ ਪਰਿਵਾਰ ਡਾ. ਜਗਬੀਰ ਸਿੰਘ ਨੂੰ ਇਸ ਮਾਣਮੱਤੇ ਸਨਮਾਨ ਲਈ ਦਿਲੋਂ ਮੁਬਾਰਕਬਾਦ ਪੇਸ਼ ਕਰਦਾ ਹੈ।