ਜਨਗਣਨਾ 2027 ਦੇ ਦੂਜੇ ਪੜਾਅ ਲਈ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਸਿਖਲਾਈ ਮੁਕੰਮਲ ਜਨਗਣਨਾ 2027 ਦੇ ਦੂਜੇ ਪੜਾਅ ਲਈ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਸਿਖਲਾਈ ਮੁਕੰਮਲ
Publish Date: Sun, 27 Sep 2026 05:59 PM (IST)
Updated Date: Mon, 28 Sep 2026 04:04 AM (IST)
* 40 ਫੀਲਡ ਟ੍ਰੇਨਰਾਂ ਨੇ ਲਿਆ ਸਿਖਲਾਈ ’ਚ ਹਿੱਸਾ, ਹੁਣ ਜ਼ਿਲ੍ਹੇ ਦੇ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਦੇਣਗੇ ਸਿਖਲਾਈ ਕੈਪਸ਼ਨ : ਸਿਖਲਾਈ ਪ੍ਰੋਗਰਾਮ ਦੌਰਾਨ ਸਹਾਇਕ ਡਾਇਰੈਕਟਰ ਸਵਦੇਸ਼ ਪ੍ਰਤਾਪ ਸਿੰਘ ਸ਼ਾਕਿਆ ਤੇ ਮਾਸਟਰ ਟ੍ਰੇਨਰ ਰਾਜਵਿੰਦਰ ਸਿੰਘ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਜਨਗਣਨਾ 2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਸਬੰਧੀ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਸਿਖਲਾਈ ਅੱਜ ਜ਼ਿਲ੍ਹਾ ਪ੍ਰੀਸ਼ਦ ਹਾਲ, ਅੰਮ੍ਰਿਤਸਰ ਵਿਖੇ ਸਫ਼ਲਤਾਪੂਰਵਕ ਮੁਕੰਮਲ ਹੋ ਗਈ। ਇਹ ਸਿਖਲਾਈ ਪ੍ਰੋਗਰਾਮ 24 ਤੋਂ 26 ਸਤੰਬਰ 2026 ਤੱਕ ਕਰਵਾਇਆ ਗਿਆ। ਇਸ ਦਾ ਆਯੋਜਨ ਜਨਗਣਨਾ ਕਾਰਜ ਡਾਇਰੈਕਟੋਰੇਟ, ਪੰਜਾਬ, ਚੰਡੀਗੜ੍ਹ ਦੇ ਅਧੀਨ ਅੰਮ੍ਰਿਤਸਰ ਦੇ ਜਨਗਣਨਾ ਅਧਿਕਾਰੀਆਂ ਵੱਲੋਂ ਕੀਤਾ ਗਿਆ। ਸਿਖਲਾਈ ਪ੍ਰੋਗਰਾਮ ਦੌਰਾਨ ਸਹਾਇਕ ਡਾਇਰੈਕਟਰ ਸਵਦੇਸ਼ ਪ੍ਰਤਾਪ ਸਿੰਘ ਸ਼ਾਕਿਆ, ਮਾਸਟਰ ਟ੍ਰੇਨਰ ਰਾਜਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਚਰਨਜੀਤ ਸਿੰਘ ਵੱਲੋਂ ਫੀਲਡ ਟ੍ਰੇਨਰਾਂ ਨੂੰ ਜਨਗਣਨਾ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਸਿਖਲਾਈ ਵਿਚ ਸਰਕਾਰੀ ਕਾਲਜਾਂ ਅਤੇ ਵੱਖ-ਵੱਖ ਸਕੂਲਾਂ ਦੇ 40 ਅਧਿਆਪਕਾਂ, ਲੈਕਚਰਾਰਾਂ ਅਤੇ ਪ੍ਰੋਫੈਸਰਾਂ ਨੇ ਭਾਗ ਲਿਆ। ਸਿਖਲਾਈ ਪ੍ਰਾਪਤ ਕਰਨ ਉਪਰੰਤ ਇਹ ਫੀਲਡ ਟ੍ਰੇਨਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਾਇਨਾਤ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਸਿਖਲਾਈ ਦੇਣਗੇ। ਇਹ ਗਣਨਾਕਾਰ ਅਤੇ ਸੁਪਰਵਾਈਜ਼ਰ ਘਰ-ਘਰ ਜਾ ਕੇ ਲੋਕਾਂ ਨਾਲ ਨਿਰਧਾਰਤ ਪ੍ਰਸ਼ਨਾਂ ਰਾਹੀਂ ਜਾਣਕਾਰੀ ਇਕੱਠੀ ਕਰਨਗੇ ਅਤੇ ਆਬਾਦੀ ਗਣਨਾ ਦਾ ਕੰਮ ਮੁਕੰਮਲ ਕਰਨਗੇ। ਸਿਖਲਾਈ ਦੌਰਾਨ ਫੀਲਡ ਟ੍ਰੇਨਰਾਂ ਨੂੰ ਜਨਗਣਨਾ ਸਮੇਂ ਪੁੱਛੇ ਜਾਣ ਵਾਲੇ 40 ਸਵਾਲਾਂ ਅਤੇ ਉਨ੍ਹਾਂ ਨੂੰ ਸਹੀ ਢੰਗ ਨਾਲ ਪੁੱਛਣ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ, ਜਨਸੰਖਿਆ ਗਣਨਾ ਐਪ (ਫਓ ਅਪਪ) ਚਲਾਉਣ ਦਾ ਵਿਹਾਰਕ ਗਿਆਨ ਵੀ ਦਿੱਤਾ ਗਿਆ। ਗਣਨਾ ਬਲਾਕ ਦਾ ਨਕਸ਼ਾ ਤਿਆਰ ਕਰਨ, ਇਸ ਨਾਲ ਸਬੰਧਤ ਤਕਨੀਕੀ ਪਹਿਲੂਆਂ ਅਤੇ ਕੰਮ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਲਈ ਵਿਸ਼ੇਸ਼ ਵਿਹਾਰਕ ਸੈਸ਼ਨ ਕਰਵਾਏ ਗਏ। 16 ਨਵੰਬਰ ਤੋਂ ਸ਼ੁਰੂ ਹੋਵੇਗੀ ਸਵੈ-ਗਣਨਾ ਇਸ ਮੌਕੇ ਸਹਾਇਕ ਡਾਇਰੈਕਟਰ ਸਵਦੇਸ਼ ਪ੍ਰਤਾਪ ਸਿੰਘ ਸ਼ਾਕਿਆ ਨੇ ਦੱਸਿਆ ਕਿ ਜਨਗਣਨਾ 2027 ਦੇ ਦੂਜੇ ਪੜਾਅ ਤਹਿਤ ਸਵੈ-ਗਣਨਾ ਦਾ ਕੰਮ 16 ਨਵੰਬਰ ਤੋਂ 30 ਨਵੰਬਰ 2026 ਤੱਕ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਅਸਲ ਆਬਾਦੀ ਗਣਨਾ ਦਾ ਕੰਮ 1 ਦਸੰਬਰ 2026 ਤੋਂ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੇਘਰੇ ਵਿਅਕਤੀਆਂ ਦੀ ਗਣਨਾ ਦਾ ਕੰਮ 4 ਜਨਵਰੀ 2027 ਤੋਂ ਟੀਮਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਜਨਸੰਖਿਆ ਗਣਨਾ ਐਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਐਪ ਸਵੇਰੇ 6 ਵਜੇ ਤੋਂ ਰਾਤ 12 ਵਜੇ ਤੱਕ ਆਨਲਾਈਨ ਕੰਮ ਕਰਨ ਲਈ ਉਪਲਬਧ ਰਹੇਗੀ। ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਗਣਨਾਕਾਰ ਐਪ ਰਾਹੀਂ ਆਨਲਾਈਨ ਡਾਟਾ ਅਪਡੇਟ ਨਹੀਂ ਕਰ ਸਕਣਗੇ। ਜ਼ਿੰਮੇਵਾਰੀਆਂ ਇਮਾਨਦਾਰੀ ਤੇ ਸਹੀ ਢੰਗ ਨਾਲ ਨਿਭਾਉਣ ਦੀ ਅਪੀਲ ਇਸ ਮੌਕੇ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ ਅਤੇ ਲਵਲੀਨ ਸ਼ਰਮਾ ਵੀ ਮੌਜੂਦ ਸਨ। ਉਨ੍ਹਾਂ ਫੀਲਡ ਟ੍ਰੇਨਰਾਂ ਨੂੰ ਸੰਬੋਧਨ ਕਰਦਿਆਂ ਜਨਗਣਨਾ ਵਰਗੇ ਮਹੱਤਵਪੂਰਨ ਕੌਮੀ ਕਾਰਜ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ, ਸਟੀਕਤਾ ਤੇ ਟੀਮ ਭਾਵਨਾ ਨਾਲ ਨਿਭਾਉਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 21 ਤੋਂ 23 ਸਤੰਬਰ 2026 ਤੱਕ ਵੀ ਫੀਲਡ ਟ੍ਰੇਨਰਾਂ ਲਈ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਸੀ। ਸਿਖਲਾਈ ਦੌਰਾਨ ਭਾਗ ਲੈਣ ਵਾਲਿਆਂ ਨੂੰ ਜਨਗਣਨਾ 2027 ਦੇ ਦੂਜੇ ਪੜਾਅ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦੇ ਮਾਡਿਊਲ ਦੀਆਂ ਛਪੀਆਂ ਕਾਪੀਆਂ ਤੇ ਹੋਰ ਲੋੜੀਂਦੀ ਸਿਖਲਾਈ ਸਮੱਗਰੀ ਦੀਆਂ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ।