ਡਾ. ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ ਡਾ. ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
Publish Date: Sun, 27 Sep 2026 05:56 PM (IST)
Updated Date: Mon, 28 Sep 2026 04:04 AM (IST)
ਫੋਟੋ-32 ਕੈਪਸ਼ਨ - ਡਾ.ਐੱਸ.ਪੀ.ਸਿੰਘ ਉਬਰਾਏ ਨੂੰ “ਅੰਬੈਸਡਰ ਫਾਰ ਪੀਸ” ਐਵਾਰਡ ਨਾਲ ਸਨਮਾਨਿਤ ਕਰਨ ਮੌਕੇ ਯੂਨੀਵਰਸਲ ਪੀਸ ਫੈਡਰੇਸ਼ਨ ਯੂ.ਐੱਸ.ਏ. ਦੀ ਵਾਈਸ ਪ੍ਰੈਜ਼ੀਡੈਂਟ ਟੋਮੀਕੋ ਦੁਗਾਨ ਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸਮਾਜ ਸੇਵਕ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸਪੀ ਸਿੰਘ ਉਬਰਾਏ ਨੂੰ ਡੀਸੀ ਵਾਸ਼ਿੰਗਟਨ, ਅਮਰੀਕਾ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਯੂਨੀਵਰਸਲ ਪੀਸ ਫੈਡਰੇਸ਼ਨ (ਯੂਪੀਐੱਫ) ਵੱਲੋਂ ‘ਅੰਬੈਸਡਰ ਫਾਰ ਪੀਸ’ ਨਾਮੀ ਵਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿਸ ਦੌਰਾਨ ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਵੀ ਮੌਜੂਦ ਸਨ। ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਟਰੱਸਟ ਦੇ ਬੁਲਾਰੇ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਡਾ. ਉਬਰਾਏ ਨੂੰ ਇਹ ਐਵਾਰਡ ਯੂਨੀਵਰਸਲ ਪੀਸ ਫੈਡਰੇਸ਼ਨ ਯੂਐੱਸਏ ਦੀ ਵਾਈਸ ਪ੍ਰੈਜ਼ੀਡੈਂਟ ਟੋਮੀਕੋ ਦੁਗਾਨ ਵੱਲੋਂ ਉਨ੍ਹਾਂ ਦੀਆਂ ਬਿਨਾਂ ਕਿਸੇ ਸਵਾਰਥ ਤੋਂ ਲੋੜਵੰਦ ਲੋਕਾਂ ਲਈ ਸਿੱਖਿਆ ਤੇ ਸਿਹਤ ਸੇਵਾਵਾਂ ਦੇ ਨਾਲ-ਨਾਲ ਕੁਦਰਤੀ ਆਫ਼ਤਾਂ ਦੌਰਾਨ ਰਾਹਤ ਕਾਰਜਾਂ ’ਚ ਹਮੇਸ਼ਾ ਕੀਤੀ ਜਾਂਦੀ ਪਹਿਲਕਦਮੀ ਤੇ ਸਮਾਜ ਭਲਾਈ ਦੇ ਹੋਰਨਾਂ ਅਨੇਕਾਂ ਹੀ ਖੇਤਰ ਵਿੱਚ ਨਿਰੰਤਰ ਪਾਏ ਜਾ ਰਹੇ ਬੇਮਿਸਾਲ ਯੋਗਦਾਨ ਲਈ ਭੇਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਸਮਾਗਮ ਨੂੰ ਸੰਬੋਧਨ ਕਰਦਿਆਂ ਟੋਮੀਕੋ ਦੁਗਾਨ ਨੇ ਡਾ. ਉਬਰਾਏ ਨੂੰ ‘ਭਾਈਚਾਰੇ ਦਾ ਅਨਮੋਲ ਹੀਰਾ’ ਕਰਾਰ ਦਿੰਦਿਆਂ ਕਿਹਾ ਕਿ ਡਾ. ਉਬਰਾਏ ਦੀਆਂ ਨਿਰਸਵਾਰਥ ਸੇਵਾਵਾਂ ਨੇ ਅਣਗਿਣਤ ਲੋਕਾਂ ਦੀ ਜ਼ਿੰਦਗੀ ਵਿੱਚ ਆਸ ਦੀ ਕਿਰਨ ਜਗਾਈ ਹੈ। ਉਨ੍ਹਾਂ ਇਹ ਵੀ ਵਿਸ਼ਵਾਸ ਪ੍ਰਗਟਾਇਆ ਕਿ ਯੂਨੀਵਰਸਲ ਪੀਸ ਫੈਡਰੇਸ਼ਨ ਨਾਲ ਡਾ.ਉਬਰਾਏ ਦੀ ਇਹ ਸਾਂਝ ਸ਼ਾਂਤੀ, ਏਕਤਾ,ਆਪਸੀ ਸਤਿਕਾਰ ਅਤੇ ਮਨੁੱਖੀ ਭਲਾਈ ਦੇ ਵਿਸ਼ਵਵਿਆਪੀ ਮਿਸ਼ਨ ਨੂੰ ਹੋਰ ਵੀ ਮਜ਼ਬੂਤ ਕਰੇਗੀ। ਸਮਾਗਮ ਨੂੰ ਸੰਬੋਧਨ ਕਰਦਿਆਂ ਭਾਈਚਾਰੇ ਦੀਆਂ ਹੋਰਨਾਂ ਸਖ਼ਸ਼ੀਅਤਾਂ ਨੇ ਡਾ. ਐਸਪੀ ਸਿੰਘ ਉਬਰਾਏ ਨੂੰ ਇਸ ਅਵਾਰਡ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ‘ਅੰਬੈਸਡਰ ਫਾਰ ਪੀਸ’ ਦਾ ਸਨਮਾਨ ਉਨ੍ਹਾਂ ਦੀਆਂ ਸਮਾਜ ਭਲਾਈ ਨੂੰ ਸਮਰਪਿਤ ਨਿਰਸਵਾਰਥ ਸੇਵਾਵਾਂ ਦੀ ਯੋਗ ਪਛਾਣ ਹੈ। ਬੁਲਾਰੇ ਅਨੁਸਾਰ ਡਾ. ਉਬਰਾਏ ਨੇ ਇਸ ਵਕਾਰੀ ਸਨਮਾਨ ਅਤੇ ਨਿੱਘੇ ਸਵਾਗਤ ਲਈ ਯੂਨੀਵਰਸਲ ਪੀਸ ਫੈਡਰੇਸ਼ਨ ਅਤੇ ਭਾਈਚਾਰੇ ਦੇ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਨੁੱਖਤਾ ਦੀ ਸੇਵਾ ਅਤੇ ਵਿਸ਼ਵ ਸ਼ਾਂਤੀ ਦੇ ਆਪਣੇ ਮਿਸ਼ਨ ਨੂੰ ਹੋਰ ਸਮਰਪਣ ਨਾਲ ਅੱਗੇ ਵੀ ਜਾਰੀ ਰੱਖਣਗੇ। ਸਮਾਗਮ ਦੌਰਾਨ ਉਪਰੋਕਤ ਤੋਂ ਇਲਾਵਾ ਡਾ. ਸੁਰਿੰਦਰ ਸਿੰਘ ਗਿੱਲ ਚੇਅਰਮੈਨ ਇੰਟਰਨੈਸ਼ਨਲ ਫੋਰਮ ਯੂਐੱਸਏ, ਡਾ. ਦਵਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ਼ ਪੰਜਾਬੀ ਕਲੱਬ ਮੈਰੀਲੈਂਡ, ਕੇਕੇ ਸਿੱਧੂ ਸੰਸਥਾਪਕ ਪੰਜਾਬੀ ਕਲੱਬ ਮੈਰੀਲੈਂਡ, ਰਣਜੀਤ ਚਹਿਲ ਸਕੱਤਰ ਪੰਜਾਬੀ ਕਲੱਬ, ਗੁਰਚਰਨ ਸਿੰਘ ਗੁਰੂ ਪ੍ਰਧਾਨ ਵਰਲਡ ਯੂਨਾਈਟਿਡ ਗੁਰੂ ਨਾਨਕ ਫਾਊਂਡੇਸ਼ਨ, ਜਗਵਿੰਦਰ ਸਿੰਘ, ਡਾ. ਕਰੀਨਾ ਹੂ ਪੇਟੈਂਟ-ਇਨ-ਚੀਫ਼ ਇੰਟਰਨੈਸ਼ਨਲ ਫੋਰਮ ਯੂਐੱਸਏ, ਨੌਨਿਹਾਲ ਸਿੰਘ,ਨਿਰਪਜੀਤ ਸਿੰਘ, ਰਣਜੀਤ ਰਾਣਾ, ਰਾਇਲ ਤਾਜ ਦੇ ਮਾਲਕ ਜਸਵਿੰਦਰ ਸਿੰਘ ਅਤੇ ਲਲਿਤ ਝਾਅ ਸਮੇਤ ਕਈ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।