ਨੌਜਵਾਨ ਪੀੜ੍ਹੀ ’ਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਦਾ ਭਗਤ ਸਿੰਘ ਦਾ ਜੀਵਨ ਨੌਜਵਾਨ ਪੀੜ੍ਹੀ ’ਚ ਦੇਸ਼ ਭਗਤੀ ਦਾ ਜਜਬਾ ਪੈਦਾ ਕਰਦਾ ਭਗਤ ਸਿੰਘ ਦਾ ਜੀਵਨ
Publish Date: Sun, 27 Sep 2026 05:41 PM (IST)
Updated Date: Mon, 28 Sep 2026 04:04 AM (IST)
* ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ : ਖੇਮਕਾ ਫੋਟੋ-22 ਤੋਂ 27 ਕੈਪਸ਼ਨ : ਅਨੁਜ ਖੇਮਕਾ, ਨਰੇਸ਼ ਮਹਾਜਨ, ਸੰਨੀ, ਨਵਲ ਵਰਮਾ, ਸ਼ੰਕਰ ਅਰੋੜਾ ਅਤੇ ਅਸ਼ੀਸ਼ ਖੇਮਕਾ। ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ 28 ਸਤੰਬਰ ਨੂੰ ਮਨਾਇਆ ਜਾਵੇਗਾ। ਉਨ੍ਹਾਂ ਦੇ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਪੰਜਾਬ ਪ੍ਰਧਾਨ ਅਨੁਜ ਖੇਮਕਾ ਨੇ ਭਗਤ ਸਿੰਘ ਦੀ ਕੁਰਬਾਨੀ ਨੂੰ ਨੌਜਵਾਨਾਂ ਲਈ ਵੱਡਾ ਪ੍ਰੇਰਣਾ ਸਰੋਤ ਦੱਸਿਆ। ਉਨ੍ਹਾਂ ਕਿਹਾ ਕਿ ਭਗਤ ਸਿੰਘ ਵਰਗੇ ਸੂਰਬੀਰ ਯੋਧਿਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ। ਅਨੁਜ ਖੇਮਕਾ, ਨਰੇਸ਼ ਮਹਾਜਨ, ਸੰਨੀ, ਨਵਲ ਵਰਮਾ, ਸ਼ੰਕਰ ਅਰੋੜਾ ਅਤੇ ਅਸ਼ੀਸ਼ ਖੇਮਕਾ ਸਮੂਹ ਆਗੂਆਂ ਨੇ ਸਾਂਝੇ ਤੌਰ ’ਤੇ ਭਗਤ ਸਿੰਘ ਦੇ ਜਨਮ ਦਿਵਸ ’ਤੇ ਉਨ੍ਹਾਂ ਨੂੰ ਸਿਜਦਾ ਕੀਤਾ। ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਹਾਨ ਯੋਧੇ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ ਜ਼ਿਲ੍ਹਾ ਦੇ ਪਿੰਡ ਬੰਗਾ (ਪਾਕਿਸਤਾਨ) ’ਚ ਹੋਇਆ ਸੀ। ਉਨ੍ਹਾਂ ਦਾ ਘਰ ਅੱਜ ਵੀ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਖਟਕੜ ਕਲਾਂ ’ਚ ਮੌਜੂਦ ਹੈ। ਭਗਤ ਸਿੰਘ ਦੇ ਪਿਤਾ ਦਾ ਨਾਂ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਿਦਆਵਤੀ ਸੀ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਲਾਇਲਪੁਰ ਦੇ ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ ਸੀ। ਬਾਅਦ ’ਚ ਉਹ ਡੀਏਵੀ ਸਕੂਲ ਲਾਹੌਰ ’ਚ ਦਾਖਲ ਹੋ ਗਏ। ਭਗਤ ਸਿੰਘ ਵੱਖ-ਵੱਖ ਕਿਤਾਬਾਂ ਪੜ੍ਹਣ ਦੇ ਸ਼ੌਕੀਨ ਸਨ। ਉਰਦੂ ’ਚ ਉਨ੍ਹਾਂ ਨੇ ਮੁਹਾਰਤ ਹਾਸਲ ਕੀਤੀ ਸੀ ਅਤੇ ਆਪਣੇ ਪਿਤਾ ਨੂੰ ਉਹ ਇਸੇ ਜੁਬਾਨ ’ਚ ਖ਼ਤ ਲਿਖਦੇ ਸਨ। ਲਾਹੌਰ ਦੇ ਨੈਸ਼ਨਲ ਕਾਲਜ ’ਚ ਉਹ ਨਾਟਕ ਕਮੇਟੀ ਦੇ ਸਰਗਰਮ ਮੈਂਬਰ ਬਣੇ। ਉਦੋਂ ਤਕ ਉਹ ਉਰਦੂ, ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਸੰਸਕ੍ਰਿਤ ’ਤੇ ਕਾਫ਼ੀ ਵਧੀਆ ਪਕੜ ਬਣਾ ਚੁੱਕੇ ਸਨ। ਉਨ੍ਹਾਂ ਕਿਹਾ ਕਿ ਭਗਤ ਸਿੰਘ ਖੂਨ-ਖਰਾਬੇ ਦੇ ਸਖ਼ਤ ਖ਼ਿਲਾਫ਼ ਸਨ। ਉਹ ਕਾਰਲ ਮਾਰਕਸ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਅਤੇ ਸਮਾਜਵਾਦ ਦੇ ਸਮਰਥਕ ਸਨ। ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਦਿੱਲੀ ਅਸੈਂਬਲੀ ’ਚ ਬੰਬ ਧਮਾਕਾ ਕਰਨ ਦੀ ਯੋਜਨਾ ਬਣਾਈ। ਇਸ ਕੰਮ ਲਈ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦਾ ਨਾਂ ਤੈਅ ਹੋਇਆ। ਯੋਜਨਾ ਅਨੁਸਾਰ 8 ਅਪ੍ਰੈਲ, 1929 ਨੂੰ ਕੇਂਦਰੀ ਅਸੈਂਬਲੀ ’ਚ ਦੋਵਾਂ ਨੇ ਇਕ ਖਾਲੀ ਜਗ੍ਹਾ ’ਤੇ ਬੰਬ ਸੁੱਟ ਦਿੱਤਾ। ਉਹ ਚਾਹੁੰਦੇ ਤਾਂ ਉਥੋਂ ਫ਼ਰਾਰ ਹੋ ਸਕਦੇ ਸੀ ਪਰ ਉਨ੍ਹਾਂ ਨੇ ਉਥੇ ਰੁਕ ਕੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਕੁਝ ਸਮੇਂ ’ਚ ਹੀ ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਬਰਤਾਨਵੀ ਹਕੂਮਤ ਇੰਨੀ ਡਰਪੋਕ ਸਿੱਧ ਹੋਈ ਕਿ ਉਨ੍ਹਾਂ ਨੇ ਫਾਂਸੀ ਲਈ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ 23 ਮਾਰਚ 1931 ਨੂੰ ਸ਼ਾਮ ਦੇ ਕਰੀਬ 7 ਵਜੇ ਭਗਤ ਸਿੰਘ ਅਤੇ ਉਨ੍ਹਾਂ ਦੇ ਦੋਵਾਂ ਸਾਥੀਆਂ ਨੂੰ ਫਾਂਸੀ ਦੇ ਦਿੱਤੀ ਸੀ। ਫਾਂਸੀ ਤੋਂ ਪਹਿਲਾ ਜੇਲ੍ਹ ’ਚ ਭਗਤ ਸਿੰਘ ਨੇ ਆਪਣੇ ਸਾਥੀ ਸ਼ਿਵ ਵਰਮਾ ਨੂੰ ਕਿਹਾ ਸੀ ਕਿ, ‘ਜਦੋਂ ਮੈਂ ਇਨਕਲਾਬ ਦੇ ਰਸਤੇ ’ਚ ਪਹਿਲਾਂ ਕਦਮ ਰੱਖਿਆ ਸੀ ਤਾਂ ਸੋਚਿਆ ਸੀ ਕਿ ਜੇਕਰ ਮੈਂ ਆਪਣੀ ਜਾਨ ਦੇ ਕੇ ਵੀ ਇਨਕਲਾਬ ਦਾ ਨਾਅਰਾ ਦੇਸ਼ ਦੇ ਕੋਨੇ-ਕੋਨੇ ’ਚ ਫੈਲਾ ਸਕਾਂ ਤਾਂ ਸਮਝਾਂਗਾ ਕਿ ਮੇਰੀ ਜ਼ਿੰਦਗੀ ਦੀ ਕੀਮਤ ਪੈ ਗਈ। ਅੱਜ ਜਦੋਂ ਮੈਂ ਫਾਂਸੀ ਦੀ ਸਜ਼ਾ ਲਈ ਜੇਲ੍ਹ ਕੋਠੜੀ ਦੀਆਂ ਸਲਾਖਾਂ ਪਿੱਛੇ ਬੰਦ ਹਾਂ ਤਾਂ ਮੈਂ ਦੇਸ਼ ਦੇ ਕਰੋੜਾਂ ਲੋਕਾਂ ਦੀ ਗਰਜ਼ਦਾਰ ਆਵਾਜ਼ ’ਚ ਨਾਅਰੇ ਸੁਣ ਸਕਦਾ ਹਾਂ। ਇਕ ਛੋਟੀ ਜਿਹੀ ਜ਼ਿੰਦਗੀ ਦੀ ਇਸ ਤੋਂ ਵੱਡੀ ਕੀਮਤ ਹੋਰ ਕੀ ਹੋ ਸਕਦੀ ਹੈ। ਆਗੂਆਂ ਕਿਹਾ ਕਿ ਅੱਜ ਲੋੜ ਹੈ ਕਿ ਸਾਨੂੰ ਉਨ੍ਹਾਂ ਦੇ ਜੀਵਨ, ਅਸੂਲਾਂ ਤੇ ਸਿੱਖਿਆਵਾਂ ਪ੍ਰਤੀ ਨੌਜਵਾਨਾਂ ਪੀੜ੍ਹੀ ਨੂੰ ਜਾਗਰੂਕ ਕੀਤਾ ਜਾਵੇ।