- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਮਪੀ ਔਜਲਾ ਨੇ ਸਰਪੰਚ ਪਤੀ ਕੁਲਜੀਤ ਸਿੰਘ ਸੰਧੂ ਦੀ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ

ਫੋਟੋ-17
ਕੈਪਸ਼ਨ : ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੇ ਪੀੜਤ ਪਰਿਵਾਰ।
* ਔਜਲਾ ਬੋਲੇ, ਪੁਲਿਸ 14-15 ਘੰਟਿਆਂ ਤੱਕ ਮੋਬਾਈਲ ਦੀ ਲੋਕੇਸ਼ਨ ਟ੍ਰੇਸ ਨਹੀਂ ਕਰ ਸਕੀ, ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕੋਰਟ ਤੱਕ ਜਾਵਾਂਗੇ; ਪਰਿਵਾਰ ਨੇ ਵੀ ਪੁਲਿਸ ਅਤੇ ਸਰਕਾਰ ’ਤੇ ਜਤਾਇਆ ਸ਼ੱਕ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਅਜਨਾਲਾ ਦੇ ਪਿੰਡ ਮਹਿਮਦ ਮੰਦਰਾਵਾਲਾ ਦੀ ਸਰਪੰਚ ਦੇ ਪਤੀ ਕੁਲਜੀਤ ਸਿੰਘ ਸੰਧੂ ਦੀ ਮੌਤ ਦੇ ਮਾਮਲੇ ’ਚ ਪੰਜਾਬ ਸਰਕਾਰ ਤੋਂ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਐਤਵਾਰ ਨੂੰ ਪਰਿਵਾਰ ਦੇ ਨਾਲ ਪ੍ਰੈੱਸ ਕਾਨਫਰੰਸ ਕਰਦਿਆਂ ਔਜਲਾ ਨੇ ਕਿਹਾ ਕਿ ਜੇਕਰ ਪੰਜਾਬ ਪੁਲਿਸ ਮਾਮਲੇ ਦੀ ਤਹਿ ਤੱਕ ਪਹੁੰਚਣ ’ਚ ਸਮਰੱਥ ਨਹੀਂ ਹੈ ਤਾਂ ਸਰਕਾਰ ਨੂੰ ਜਾਂਚ ਛਭੀ ਨੂੰ ਸੌਂਪ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਉਹ ਇਸ ਮਾਮਲੇ ਨੂੰ ਕੋਰਟ ਤੱਕ ਵੀ ਲੈ ਕੇ ਜਾਣਗੇ ਅਤੇ ਜੇ ਲੋੜ ਪਈ ਤਾਂ ਸੰਘਰਸ਼ ਵੀ ਕਰਨਗੇ। ਔਜਲਾ ਨੇ ਕਿਹਾ ਕਿ ਕੁਲਜੀਤ ਸਿੰਘ ਦੇ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਦਾ ਮੋਬਾਈਲ ਕਈ ਘੰਟਿਆਂ ਤੱਕ ਐਕਟਿਵ ਰਿਹਾ। ਪਰਿਵਾਰ ਮੁਤਾਬਕ ਕਰੀਬ 14-15 ਘੰਟਿਆਂ ਤੱਕ ਮੋਬਾਈਲ ਚੱਲਦਾ ਰਿਹਾ, ਪਰ ਪੁਲਿਸ ਉਨ੍ਹਾਂ ਦੀ ਸਹੀ ਲੋਕੇਸ਼ਨ ਦਾ ਪਤਾ ਨਹੀਂ ਲਗਾ ਸਕੀ। ਔਜਲਾ ਨੇ ਸਵਾਲ ਕੀਤਾ ਕਿ ਅੱਜ ਜਦੋਂ ਪੁਲਿਸ ਕੋਲ ਆਧੁਨਿਕ ਤਕਨੀਕ ਉਪਲਬਧ ਹੈ ਤੇ ਮੋਬਾਈਲ ਦੀ ਲੋਕੇਸ਼ਨ ਟ੍ਰੇਸ ਕੀਤੀ ਜਾ ਸਕਦੀ ਹੈ ਤਾਂ ਕਰੀਬ 20-25 ਕਿਲੋਮੀਟਰ ਦੇ ਘੇਰੇ ’ਚ ਇਕ ਵਿਅਕਤੀ ਨੂੰ ਸਮੇਂ ਸਿਰ ਕਿਉਂ ਨਹੀਂ ਲੱਭਿਆ ਜਾ ਸਕਿਆ।
ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਦੀ ਲੋਕੇਸ਼ਨ ਦੱਸੀ ਜਾਂਦੀ ਰਹੀ। ਕਦੇ ਦਰਿਆ ਦੇ ਪਾਰ, ਕਦੇ ਕਿਸੇ ਪਿੰਡ ਅਤੇ ਕਦੇ ਜੰਗਲ ਦੀ ਲੋਕੇਸ਼ਨ ਦੱਸੀ ਗਈ। ਔਜਲਾ ਨੇ ਕਿਹਾ ਕਿ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਅਜਿਹੀ ਸਥਿਤੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਕੁਲਜੀਤ ਸਿੰਘ ਸੰਧੂ 21 ਸਤੰਬਰ ਨੂੰ ਘਰੋਂ ਨਿਕਲੇ ਸਨ, ਪਰ ਵਾਪਸ ਨਹੀਂ ਪਰਤੇ। ਪਰਿਵਾਰ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ। 23 ਸਤੰਬਰ ਨੂੰ ਰਾਮਦਾਸ ਇਲਾਕੇ ਨੇੜੇ ਸੜਕ ਕਿਨਾਰੇ ਉਨ੍ਹਾਂ ਦੀ ਲਾਸ਼ ਬਰਾਮਦ ਹੋਈ। ਔਜਲਾ ਨੇ ਲਾਸ਼ ਮਿਲਣ ਤੋਂ ਬਾਅਦ ਘਟਨਾ ਨੂੰ ਲੈ ਕੇ ਪਰਿਵਾਰ ਵੱਲੋਂ ਉਠਾਏ ਜਾ ਰਹੇ ਸਵਾਲਾਂ ਦਾ ਵੀ ਜ਼ਿਕਰ ਕੀਤਾ। ਪਰਿਵਾਰ ਦਾ ਕਹਿਣਾ ਹੈ ਕਿ ਘਟਨਾ ਸਥਾਨ ਅਤੇ ਮੋਟਰਸਾਈਕਲ ਦੀ ਹਾਲਤ ਨੂੰ ਦੇਖਦਿਆਂ ਇਸ ਨੂੰ ਆਮ ਸੜਕ ਹਾਦਸਾ ਮੰਨਣ ’ਤੇ ਸਵਾਲ ਖੜ੍ਹੇ ਹੁੰਦੇ ਹਨ। ਔਜਲਾ ਨੇ ਕਿਹਾ ਕਿ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਮੌਤ ਦਾ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਣਾ ਚਾਹੀਦਾ ਹੈ। ਔਜਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਅੰਮ੍ਰਿਤਸਰ ਵਿੱਚ ਕਥਿਤ ਜਬਰੀ ਵਸੂਲੀ ਦੀਆਂ ਘਟਨਾਵਾਂ ਦਾ ਵੀ ਮੁੱਦਾ ਚੁੱਕਿਆ।
ਉਨ੍ਹਾਂ ਕਿਹਾ ਕਿ ਛੋਟੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਤੱਕ ਤੋਂ ਪੈਸੇ ਮੰਗੇ ਜਾਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਤੋਂ ਅੰਮ੍ਰਿਤਸਰ ਅਤੇ ਖਾਸ ਕਰਕੇ ਸਰਹੱਦੀ ਇਲਾਕਿਆਂ ਵਿੱਚ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਦੀ ਮੰਗ ਕੀਤੀ। ਔਜਲਾ ਨੇ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਜੇਕਰ ਪੁਲਿਸ ਹੀ ਸੁਰੱਖਿਅਤ ਮਹਿਸੂਸ ਨਹੀਂ ਕਰੇਗੀ ਤਾਂ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਇੱਕ ਸਰਪੰਚ ਦਾ ਲਾਪਤਾ ਹੋਣਾ, ਉਸ ਦੀ ਮੌਤ ਹੋਣਾ ਅਤੇ ਜਨਤਕ ਨੁਮਾਇੰਦਿਆਂ ’ਤੇ ਹਮਲਿਆਂ ਦੀਆਂ ਘਟਨਾਵਾਂ ਗੰਭੀਰ ਚਿੰਤਾ ਦਾ ਵਿਸ਼ਾ ਹਨ। ਸਰਕਾਰ ਨੂੰ ਇਨ੍ਹਾਂ ਮਾਮਲਿਆਂ ਵਿੱਚ ਸਮੇਂਬੱਧ ਤੇ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ। ਔਜਲਾ ਨੇ ਦੁਹਰਾਇਆ ਕਿ ਕੁਲਜੀਤ ਸਿੰਘ ਸੰਧੂ ਦੇ ਮਾਮਲੇ ਵਿੱਚ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਉਹ ਹਰ ਸੰਭਵ ਕਾਨੂੰਨੀ ਕਦਮ ਚੁੱਕਣਗੇ ਅਤੇ ਸਰਕਾਰ ਤੋਂ ਛਭੀ ਜਾਂਚ ਕਰਵਾਉਣ ਦੀ ਮੰਗ ਕਰਨਗੇ। ਇਸ ਦੌਰਾਨ ਪਰਿਵਾਰ ਨੇ ਕਿਹਾ ਕਿ ਕੁਲਜੀਤ ਸਿੰਘ ਇੱਕ ਸਰਪੰਚ ਹੋਣ ਦੇ ਨਾਲ-ਨਾਲ ਸਾਬਕਾ ਫੌਜੀ ਵੀ ਸਨ। ਉਹ ਬਹੁਤ ਹੀ ਇਮਾਨਦਾਰ ਵਿਅਕਤੀ ਅਤੇ ਆਗੂ ਸਨ ਅਤੇ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵਿਅਕਤੀ ’ਤੇ ਸ਼ੱਕ ਨਹੀਂ ਹੈ, ਪਰ ਪੁਲਿਸ ਅਤੇ ਸਰਕਾਰ ਦੀ ਕਾਰਵਾਈ ਨੂੰ ਲੈ ਕੇ ਸ਼ੰਕਾ ਹੈ, ਜਿਸ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ।