ਖਾਲਸਾ ਯੂਨੀਵਰਸਿਟੀ ਵਿਖੇ ਔਰਥੋ ਰਿਊਮੈਟੋਲੋਜੀ ਦਿਵਸ ਮਨਾਇਆ ਖਾਲਸਾ ਯੂਨੀਵਰਸਿਟੀ ਵਿਖੇ ਔਰਥੋ ਰਿਊਮੈਟੋਲੋਜੀ ਦਿਵਸ ਮਨਾਇਆ
Publish Date: Sun, 27 Sep 2026 05:00 PM (IST)
Updated Date: Mon, 28 Sep 2026 04:01 AM (IST)
ਫੋਟੋ-10 ਕੈਪਸ਼ਨ : ਖਾਲਸਾ ਯੂਨੀਵਰਸਿਟੀ ਦੇ ਫੈਕਲਟੀ ਆਫ਼ ਆਰਟਸ ਐਂਡ ਸੋਸ਼ਲ ਸਾਇੰਸਿਜ਼ ਵੱਲੋਂ ਮੁਫ਼ਤ ਬੋਨ ਮਿਨਰਲ ਡੈਂਸਿਟੀ ਜਾਂਚ ਕੈਂਪ ਦੌਰਾਨ ਡਾ. ਸੁਰਿੰਦਰ ਕੌਰ, ਡਾ. ਸ਼ਰੀਨਾ ਮਹਾਜਨ, ਸੁਮਿਤ ਕਪੂਰ ਤੇ ਹੋਰ। * ਹੱਡੀਆਂ ਦੀ ਸਿਹਤ ਤੇ ਜੋੜਾਂ ਦੀ ਗਤੀਸ਼ੀਲਤਾ ਸਬੰਧੀ ਜਾਗਰੂਕਤਾ ਲਈ ਮੁਫ਼ਤ ਬੋਨ ਮਿਨਰਲ ਡੈਂਸਿਟੀ ਟੈਸਟ ਦਾ ਆਯੋਜਨ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਯੂਨੀਵਰਸਿਟੀ ਦੇ ਫੈਕਲਟੀ ਆਫ਼ ਆਰਟਸ ਐਂਡ ਸੋਸ਼ਲ ਸਾਇੰਸਿਜ਼ ਵੱਲੋਂ ਇੰਡੀਅਨ ਔਰਥੋਪੈਡਿਕ ਰਿਊਮੈਟੋਲੋਜੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਔਰਥੋ ਰਿਊਮੈਟੋਲੋਜੀ ਦਿਵਸ ਮਨਾਇਆ ਗਿਆ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਦੇ ਨਿਰਦੇਸ਼ਾਂ ’ਤੇ ਉਕਤ ਪ੍ਰੋਗਰਾਮ ਦੌਰਾਨ ਜਾਂਚ ਕੈਂਪ ਮੌਕੇ ਹੱਡੀਆਂ ਦੀ ਸਿਹਤ, ਜੋੜਾਂ ਦੀ ਗਤੀਸ਼ੀਲਤਾ ਤੇ ਹੱਡੀਆਂ ਨਾਲ ਸਬੰਧਤ ਬਿਮਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਉਕਤ ਜਾਂਚ ਕੈਂਪ ਦਾ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਆਗਾਜ਼ ਕਰਨ ਉਪਰੰਤ ਕਿਹਾ ਕਿ ਸਮਾਗਮ ਦਾ ਮਕਸਦ ਹੱਡੀਆਂ ਦੀ ਮਜ਼ਬੂਤੀ, ਜੋੜਾਂ ਦੀ ਸਿਹਤ ਤੇ ਸਮੇਂ ਸਿਰ ਜਾਂਚ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ। ਇਸ ਦੌਰਾਨ ਡਾ. ਮਹਿਲ ਸਿੰਘ ਨੇ ਉਕਤ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨਾ ਸਿੱਖਿਆ ਸੰਸਥਾਵਾਂ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਹੱਡੀਆਂ ਤੇ ਜੋੜਾਂ ਦੀ ਸਿਹਤ ਮਨੁੱਖੀ ਜੀਵਨ ਦੀ ਗੁਣਵੱਤਾ ਨਾਲ ਸਿੱਧੇ ਤੌਰ ’ਤੇ ਜੁੜੀ ਹੋਈ ਹੈ। ਉਨ੍ਹਾਂ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਨਾਉਣ ਅਤੇ ਸਿਹਤ ਸਬੰਧੀ ਸਮੱਸਿਆਵਾਂ ਦੀ ਸਮੇਂ ਸਿਰ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਸਕੂਲ ਆਫ਼ ਫੈਸ਼ਨ ਡਿਜ਼ਾਈਨਿੰਗ ਅਤੇ ਕਾਸਮੈਟੋਲੋਜੀ ਮੁਖੀ ਡਾ. ਸ਼ਰੀਨਾ ਮਹਾਜਨ ਦੁਆਰਾ ਉਕਤ ਕੈਂਪ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਾਂਚ ਕੈਂਪ ਮੌਕੇ ‘ਅਵੇਅਰਨੈੱਸ ਆਫ਼ ਬੋਨ ਹੈਲਥ ਐਂਡ ਜੁਆਇੰਟ ਮੋਬਿਲਿਟੀ’ ਵਿਸ਼ੇ ਤਹਿਤ ਹੱਡੀਆਂ ਤੇ ਜੋੜਾਂ ਦੀ ਸਿਹਤ ਸਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਹੱਡੀਆਂ ਦੀ ਮਜ਼ਬੂਤੀ ਦੀ ਜਾਂਚ ਕਰਨ ਲਈ ਮੁਫ਼ਤ ਬੋਨ ਮਿਨਰਲ ਡੈਂਸਿਟੀ ਟੈਸਟ ਦਾ ਆਯੋਜਨ ਕੀਤਾ ਗਿਆ। ਇਸ ਜਾਂਚ ਰਾਹੀਂ ਹੱਡੀਆਂ ਦੀ ਘਣਤਾ ਦਾ ਮੁਲਾਂਕਣ ਕਰਨ ਅਤੇ ਹੱਡੀਆਂ ਦੀ ਕਮਜ਼ੋਰੀ ਨਾਲ ਸਬੰਧਿਤ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਜਿਹੇ ਸਿਹਤ ਜਾਗਰੂਕਤਾ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਨਾਲ ਜੋੜਨ ਦੇ ਨਾਲ-ਨਾਲ ਸਿਹਤ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਹੱਡੀਆਂ ਦੀ ਸਿਹਤ ਪ੍ਰਤੀ ਜਾਗਰੂਕਤਾ ਅਤੇ ਨਿਯਮਤ ਜਾਂਚ ਭਵਿੱਖ ’ਚ ਹਰੇਕ ਇਨਸਾਨ ਨੂੰ ਸਿਹਤਮੰਦ ਜੀਵਨ ਬਤੀਤ ਕਰਨ ’ਚ ਸਹਾਇਕ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਕਤ ਜਾਂਚ ਕੈਂਪ ਸਬੰਧੀ ਇੰਡੀਅਨ ਔਰਥੋਪੈਡਿਕ ਰਿਊਮੈਟੋਲੋਜੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਡਾ. ਚਿਨਮਯ ਦਾਸ ਅਤੇ ਆਯੋਜਕ ਡਾ. ਆਰਤੀ ਐਸ. ਦੀਵਾਨ ਦੀ ਭੂਮਿਕਾ ਵੀ ਮਹੱਤਵਪੂਰਨ ਰਹੀ।ਉਨ੍ਹਾਂ ਦੁਆਰਾ ਭੇਜੀ ਗਈ ਟੀਮ ’ਚ ਸੁਮੀਤ ਕਪੂਰ, ਸੰਦੀਪ ਕੁਮਾਰ ਤੇ ਵਿਜੈ ਕੁਮਾਰ ਵੱਲੋਂ ਹੱਡੀਆਂ ਦੀ ਘਣਤਾ, ਜੋੜਾਂ ਦੀ ਗਤੀਸ਼ੀਲਤਾ ਤੇ ਹੱਡੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਹਰੇਕ ਇਨਸਾਨ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ, ਸੰਤੁਲਿਤ ਖੁਰਾਕ ਲੈਣ ਅਤੇ ਸਰੀਰਕ ਗਤੀਵਿਧੀਆਂ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਜਾਗਰੂਕ ਕੀਤਾ।ਉਨ੍ਹਾਂ ਕਿਹਾ ਕਿ ’ਵਰਸਿਟੀ ਵੱਲੋਂ ਭਵਿੱਖ ’ਚ ਵੀ ਅਜਿਹੇ ਸਿਹਤ ਅਤੇ ਸਮਾਜਿਕ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ ਤਾਂ ਜੋ ਵਿਦਿਆਰਥੀਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਮੌਕੇ ਡਾ. ਮਹਾਜਨ ਨੇ ਕਿਹਾ ਕਿ ਕੈਂਪ ਦੌਰਾਨ ਵਿਭਾਗ ਫੈਕਲਟੀ ਨੇ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਜਿਹੀਆਂ ਪਹਿਲਕਦਮੀਆਂ ਸਬੰਧੀ ਹਮੇਸ਼ਾਂ ਯਤਨ ਕਰਦੀ ਹੈ ਤਾਂ ਜੋ ਇਸਦੇ ਫੈਕਲਟੀ ਅਤੇ ਸਟਾਫ ਦੀ ਸਿਹਤ, ਤੰਦਰੁਸਤੀ ਤੇ ਸਮੁੱਚੀ ਭਲਾਈ ’ਚ ਯੋਗਦਾਨ ਪਾਇਆ ਜਾ ਸਕੇ।