ਖਾਲਸਾ ਯੂਨੀਵਰਸਿਟੀ ਨੇ ਫਾਰਮਾਸਿਸਟ ਦਿਵਸ ਸਬੰਧੀ ਸੈਮੀਨਾਰ ਤੇ ਰੈਲੀ ਕਰਵਾਈ ਖਾਲਸਾ ਯੂਨੀਵਰਸਿਟੀ ਵੱਲੋਂ ਫਾਰਮਾਸਿਸਟ ਦਿਵਸ ਦੇ ਸਬੰਧ ’ਚ ਸੈਮੀਨਾਰ ਅਤੇ ਰੈਲੀ ਆਯੋਜਿਤ
Publish Date: Sun, 27 Sep 2026 04:49 PM (IST)
Updated Date: Mon, 28 Sep 2026 04:01 AM (IST)
ਫੋਟੋ-3 * ਮੈਡੀਕਲ ਕਾਲਜ ਦੇ ਐੱਸਐੱਮਓ, ਏਆਰਟੀਸੀ ਡਾ. ਜੋਤੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਫਾਰਮੇਸੀ ਵੱਲੋਂ ‘ਸਿਹਤਮੰਦ ਭਵਿੱਖ ਲਈ ਫਾਰਮਾਸਿਸਟਾਂ ਨੂੰ ਮਜ਼ਬੂਤ ਬਣਾਉਣਾ’ ਵਿਸ਼ੇ ’ਤੇ ਸੈਮੀਨਾਰ ਅਤੇ ਰੈਲੀ ਦਾ ਆਯੋਜਨ ਕੀਤਾ ਗਿਆ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਦੇ ਨਿਰਦੇਸ਼ਾਂ ’ਤੇ ਵਿਸ਼ਵ ਫਾਰਮਾਸਿਸਟ ਦਿਵਸ ਸਬੰਧੀ ਕਰਵਾਏ ਗਏ ਉਕਤ ਪ੍ਰੋਗਰਾਮ ਮੌਕੇ ਲਈ ਮੈਡੀਕਲ ਕਾਲਜ ਦੇ ਐੱਸਐੱਮਓ, ਏਆਰਟੀਸੀ ਡਾ. ਜੋਤੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਬੰਧੀ ’ਵਰਸਿਟੀ ਦੇ ਫੈਕਲਟੀ ਆਫ ਫਾਰਮਾਸਿਊਟੀਕਲ ਐਂਡ ਅਲਾਇਡ ਹੈਲਥ ਸਾਇੰਸਿਜ਼ ਡੀਨ ਡਾ. ਆਰਕੇ ਧਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਸਮਾਰੋਹ ਫਾਰਮੇਸੀ ਕੌਂਸਲ ਆਫ਼ ਇੰਡੀਆ ਵੱਲੋਂ ‘ਸਵਸਥ ਭਾਰਤ: ਰੋਗਾਣੂਨਾਸ਼ਕ ਦਵਾਈਆਂ ਪ੍ਰਤੀ ਰੋਧਕਤਾ (ਏਐੱਮ ਆਰ) ਨਾਲ ਮੁਕਾਬਲਾ’ ਦੇ ਵਿਆਪਕ ਮਿਸ਼ਨ ਤਹਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਵਿਦਿਆਰਥੀਆਂ ਅਤੇ ਆਮ ਲੋਕਾਂ ’ਚ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਸਬੰਧੀ ਜਾਗਰੂਕਤਾ ਪੈਦਾ ਕਰਨਾ ਅਤੇ ਰੋਗਾਣੂਨਾਸ਼ਕ ਦਵਾਈਆਂ ਦੀ ਤਰਕਸੰਗਤ ਵਰਤੋਂ, ਇਨਫੈਕਸ਼ਨ ਦੀ ਰੋਕਥਾਮ ਅਤੇ ਮਰੀਜ਼ਾਂ ਦੀ ਸੁਰੱਖਿਆ ਸਬੰਧੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ। ਡਾ. ਧਵਨ ਨੇ ਕਿਹਾ ਕਿ ਸਮਾਰੋਹ ਨੇ ਫਾਰਮੇਸੀ ਸਿੱਖਿਆ, ਜਨ ਸਿਹਤ ਅਤੇ ਏਐਮਆਰ ਸਬੰਧੀ ਵਿਚਾਰਾਂ ਦੇ ਆਦਾਨ-ਪ੍ਰਦਾਨ ਸਬੰਧੀ ਮੌਕਾ ਪ੍ਰਦਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲਾ, ਜਾਗਰੂਕਤਾ ਮੁਹਿੰਮ ਤਹਿਤ ਰੈਲੀ ਅਤੇ ਵਿਸ਼ੇਸ਼ ਸੈਮੀਨਾਰ ’ਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਉਕਤ ਸਮਾਗਮ ਡਾ. ਅਮਨਦੀਪ ਸਿੰਘ ਭਾਟੀਆ, ਡਾ. ਰਾਜੀਵ ਕੁਮਾਰ, ਜਸਰੀਨ ਉੱਪਲ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ’ਚ ਮੈਡੀਕਲ ਖੇਤਰ ਨਾਲ ਜੁੜੇ ਮਾਹਿਰਾਂ ਨੇ ਵਿਦਿਆਰਥੀਆਂ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਆਯੋਜਿਤ ਗਤੀਵਿਧੀਆਂ ਨੇ ਵਿਿਦਆਰਥੀਆਂ ਨੂੰ ਸਿਰਫ਼ ਅਕਾਦਮਿਕ ਜਾਣਕਾਰੀ ਹੀ ਨਹੀਂ ਦਿੱਤੀ, ਸਗੋਂ ਉਨ੍ਹਾਂ ਨੂੰ ਸਮਾਜ ਪ੍ਰਤੀ ਆਪਣੀ ਸਿਹਤ ਜਾਗਰੂਕਤਾ ਵਾਲੀ ਜ਼ਿੰਮੇਵਾਰੀ ਨਿਭਾਉਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਵਿਦਿਆਰਥੀਆਂ ਨੇ ਤਿਆਰ ਕੀਤੇ ਗਏ ਜਾਗਰੂਕਤਾ ਪੋਸਟਰ ਤੇ ਤਖਤੀਆਂ ਹੱਥਾਂ ’ਚ ਫੜ੍ਹ ਕੇ ਕਾਲਜ ਕੈਂਪਸ ਦੇ ਆਲੇ ਦੁਆਲੇ ਅਤੇ ਵਿੱਦਿਅਕ ਅਦਾਰੇ ਦੇ ਨਾਲ ਲੱਗਦੇ ਮਾਰਗ ’ਤੇ ਰੈਲੀ ਕੱਢੀ। ਇਸ ਮੌਕੇ ਡਾ. ਜੋਤੀ ਨੇ ਵਿਦਿਆਰਥੀਆਂ ਨੂੰ ਐੱਚਆਈਵੀ ਏਡਜ਼ ਨਾਲ ਸਬੰਧਿਤ ਜਾਗਰੂਕਤਾ, ਬਚਾਅ ਦੇ ਉਪਾਵਾਂ ਅਤੇ ਸਮਾਜ ’ਚ ਇਸ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਲੋੜ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਇਸ ਦੇ ਨਾਲ ਹੀ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਦਵਾਈਆਂ, ਖਾਸ ਕਰਕੇ ਐਂਟੀਬਾਇਓਟਿਕਸ ਦੀ ਗਲਤ ਜਾਂ ਬੇਲੋੜੀ ਵਰਤੋਂ ਨਾਲ ਦਵਾਈਆਂ ਪ੍ਰਤੀ ਰੋਧਕਤਾ ਵੱਧ ਸਕਦੀ ਹੈ, ਜਿਸ ਨਾਲ ਭਵਿੱਖ ’ਚ ਇਨਫੈਕਸ਼ਨਾਂ ਦਾ ਇਲਾਜ ਮੁਸ਼ਕਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਕਤ ਫਾਰਮੇਸੀ ਵੀਕ ਦਾ ਵਿਸ਼ਾ ‘ਸਵਸਥ ਭਾਰਤ: ਕੰਬੈਟਿੰਗ ਏਐਮਆਰ’ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਪੋਸਟਰ ਮੇਕਿੰਗ ਮੁਕਾਬਲੇ ਰਾਹੀਂ ਵਿਦਿਆਰਥੀਆਂ ਨੇ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ, ਐੱਚਆਈਵੀ ਏਡਜ਼, ਦਵਾਈਆਂ ਦੀ ਸਹੀ ਵਰਤੋਂ ਅਤੇ ਸਿਹਤਮੰਦ ਜੀਵਨ ਨਾਲ ਸਬੰਧਿਤ ਵਿਸ਼ਿਆਂ ਨੂੰ ਰਚਨਾਤਮਕ ਢੰਗ ਨਾਲ ਪੇਸ਼ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਲੋਕਾਂ ਨੂੰ ਐਂਟੀਬਾਇਓਟਿਕ ਦਵਾਈਆਂ ਦੀ ਬੇਲੋੜੀ ਵਰਤੋਂ ਤੋਂ ਬਚਣ ਅਤੇ ਡਾਕਟਰੀ ਸਲਾਹ ਅਨੁਸਾਰ ਹੀ ਦਵਾਈਆਂ ਲੈਣ ਲਈ ਜਾਗਰੂਕ ਕੀਤਾ। ਇਸ ਮੌਕੇ ਡਾ. ਜੋਤੀ ਨੇ ਉਕਤ ਗਤੀਵਿਧੀਆਂ ਸਬੰਧੀ ਡਾ. ਧਵਨ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਸਿਹਤ ਖੇਤਰ ਦੀਆਂ ਮੌਜੂਦਾ ਚੁਣੌਤੀਆਂ ਨਾਲ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ’ਚ ਸਮਾਜਿਕ ਜ਼ਿੰਮੇਵਾਰੀ, ਜਾਗਰੂਕਤਾ ਅਤੇ ਪੇਸ਼ੇਵਰ ਸਮਝ ਨੂੰ ਹੋਰ ਮਜ਼ਬੂਤ ਕਰਨ ’ਚ ਸਹਾਇਕ ਹੁੰਦੀਆਂ ਹਨ। ਇਸ ਮੌਕੇ ਨੀਲਕਮਲ ਸਵਾਮੀ, ਪ੍ਰੋਜੈਕਟ ਮੈਨੇਜਰ, ਟੀਨਾ, ਕਾਊਂਸਲਰ ਅਤੇ ਮਨਜੀਤ ਕੌਰ ਤੋਂ ਇਲਾਵਾ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਮੌਜੂਦ ਸਨ।