ਐੱਸਸੀ ਬਹੁਗਿਣਤੀ ਵਾਲੇ ਪਿੰਡਾਂ ਲਈ 750 ਕਰੋੜ ਤੋਂ ਵੱਧ ਦਾ ਵਿਕਾਸ ਪੈਕੇਜ ਐਲਾਨਿਆ : ਬੱਲ ਐਸਸੀ ਬਹੁਗਿਣਤੀ ਵਾਲੇ ਪਿੰਡਾਂ ਲਈ 750 ਕਰੋੜ ਤੋਂ ਵੱਧ ਦਾ ਵਿਕਾਸ ਪੈਕੇਜ਼ ਐਲਾਨਿਆ: ਬੱਲ
Publish Date: Sun, 27 Sep 2026 04:31 PM (IST)
Updated Date: Mon, 28 Sep 2026 04:00 AM (IST)
ਫੋਟੋ- ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ (ਐੱਸਸੀ) ਦੀ 40 ਫ਼ੀਸਦੀ ਤੋਂ ਵੱਧ ਆਬਾਦੀ ਵਾਲੇ ਸੂਬੇ ਦੇ 3,763 ਪਿੰਡਾਂ ਦੇ ਸਰਬਪੱਖੀ ਵਿਕਾਸ ਲਈ 750 ਕਰੋੜ ਤੋਂ ਵੱਧ ਦਾ ਵਿਆਪਕ ਪ੍ਰੋਗਰਾਮ ਐਲਾਨਿਆ ਗਿਆ ਹੈ। ਇਸ ਤਹਿਤ ਹਰੇਕ ਚੁਣੇ ਗਏ ਪਿੰਡ ਨੂੰ ਸ਼ੁਰੂਆਤੀ ਤੌਰ ’ਤੇ 20 ਲੱਖ ਬਿਨਾਂ ਸ਼ਰਤ ਫੰਡ ਦਿੱਤੇ ਜਾਣਗੇ ਅਤੇ ਲੋੜ ਅਨੁਸਾਰ ਇਹ ਰਾਸ਼ੀ ਹੋਰ ਵਧਾਈ ਜਾ ਸਕੇਗੀ। ਇਸ ਸਬੰਧੀ ਸਟੇਟ ਜੁਆਇੰਟ ਸਟੇਟ ਸੈਕਰੇਟਰੀ, ਯੂਥ ਆਗੂ ਪੰਜਾਬ ਜੁਗਰਾਜ ਸਿੰਘ ਬੱਲ ਨੇ ਕਿਹਾ ਕਿ ਐਸਸੀ ਬਹੁਗਿਣਤੀ ਵਾਲੇ ਪਿੰਡਾਂ ਲਈ ਇਹ ਪਹਿਲਕਦਮੀ ਪਿੰਡਾਂ ਦੇ ਬੁਨਿਆਦੀ ਢਾਂਚੇ ਅਤੇ ਜਨਤਕ ਸਹੂਲਤਾਂ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਦੀਆਂ ਸਥਾਨਕ ਲੋੜਾਂ ਅਨੁਸਾਰ ਆਰਓ ਵਾਟਰ ਸਿਸਟਮ, ਸਕੂਲਾਂ ਵਿੱਚ ਵਾਧੂ ਕਮਰੇ, ਲਾਇਬ੍ਰੇਰੀਆਂ, ਐਂਬੂਲੈਂਸਾਂ, ਮੁਹੱਲਾ ਕਲੀਨਿਕ, ਸੋਲਰ ਸਟਰੀਟ ਲਾਈਟਾਂ ਅਤੇ ਹੋਰ ਲੋੜੀਂਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਵਰਤੋਂ ਕੀਤੀ ਜਾ ਸਕੇਗੀ। ਹਰੇਕ ਪਿੰਡ ਲਈ ਉਸ ਦੀਆਂ ਖਾਸ ਲੋੜਾਂ ਦੇ ਆਧਾਰ ’ਤੇ ‘ਵਿਲੇਜ਼ ਡਿਵਲਪਮੈਂਟ ਪਲਾਨ’ ਤਿਆਰ ਕਰਨ ਦੀ ਗੱਲ ਵੀ ਸਰਕਾਰ ਵੱਲੋਂ ਕਹੀ ਗਈ ਹੈ। ਜੁਗਰਾਜ ਸਿੰਘ ਬੱਲ ਨੇ ਕਿਹਾ ਕਿ ਪਿੰਡਾਂ ਦਾ ਵਿਕਾਸ ਸਿਰਫ਼ ਐਲਾਨਾਂ ਤੱਕ ਸੀਮਿਤ ਨਾ ਰਹੇ, ਸਗੋਂ ਫੰਡਾਂ ਦੀ ਪਾਰਦਰਸ਼ੀ ਤੇ ਸਮੇਂ ਸਿਰ ਵਰਤੋਂ ਯਕੀਨੀ ਬਣਾਈ ਜਾਵੇ, ਤਾਂ ਜੋ ਇਸ ਯੋਜਨਾ ਦਾ ਸਿੱਧਾ ਲਾਭ ਪਿੰਡਾਂ ਦੇ ਲੋਕਾਂ ਤੱਕ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਐਸਸੀ ਬਹੁਗਿਣਤੀ ਵਾਲੇ ਪਿੰਡਾਂ ’ਚ ਸਿੱਖਿਆ, ਸਿਹਤ, ਪੀਣ ਵਾਲਾ ਪਾਣੀ, ਸਫ਼ਾਈ, ਰੋਸ਼ਨੀ ਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਨਾਲ ਪਿੰਡਾਂ ਦੇ ਸਮੁੱਚੇ ਵਿਕਾਸ ਨੂੰ ਹੋਰ ਗਤੀ ਮਿਲੇਗੀ।