13 ਨਾਜਾਇਜ਼ ਪਿਸਤੌਲਾਂ ਤੇ 23 ਕਾਰਤੂਸਾਂ ਸਮੇਤ ਅੱਠ ਗ੍ਰਿਫ਼ਤਾਰ ਅੰਮ੍ਰਿਤਸਰ ’ਚ ਗ਼ੈਰ-ਕਾਨੂੰਨੀ ਹਥਿਆਰ ਤਸਕਰੀ ਨੈਟਵਰਕਾਂ ਦੇ ਅੱਠ ਕਾਰਕੁੰਨ 13 ਪਿਸਤੌਲਾਂ ਨਾਲ ਗ੍ਰਿਫਤਾਰ
Publish Date: Tue, 22 Sep 2026 06:26 PM (IST)
Updated Date: Wed, 23 Sep 2026 04:03 AM (IST)
* ਅੰਮ੍ਰਿਤਸਰ ’ਚ ਗ਼ੈਰ-ਕਾਨੂੰਨੀ ਹਥਿਆਰ ਤਸਕਰੀ ਨੈਟਵਰਕਾਂ ਦਾ ਪਰਦਾਫਾਸ਼ * ਗ਼ੈਰ-ਕਾਨੂੰਨੀ ਹਥਿਆਰ ਖ਼ਰੀਦ ਕੇ ਅੱਗੇ ਸਪਲਾਈ ਕਰ ਰਹੇ ਸਨ ਮੁਲਜ਼ਮ : ਡੀਜੀਪੀ * ਮੁਲਜ਼ਮਾਂ ਖ਼ਿਲਾਫ਼ ਅਗਲੇਰੀ ਜਾਂਚ ਜਾਰੀ : ਸੀਪੀ ਗਿੱਲ ਫੋਟੋ-33 ਕੈਪਸ਼ਨ : ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਅਤੇ ਹੋਰ ਅਧਿਕਾਰੀ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੱਠ ਵਿਅਕਤੀਆਂ ਨੂੰ 13 ਨਾਜਾਇਜ਼ ਪਿਸਤੌਲਾਂ ਤੇ 23 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰ ਕੇ ਨਾਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਛੇ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ। ਮੁਲਜ਼ਮਾਂ ਦੀ ਪਛਾਣ ਗੁਰਦੀਪ ਸਿੰਘ ਉਰਫ਼ ਦੀਪ (24) ਤੇ ਧਰਮਿੰਦਰ ਸਿੰਘ ਉਰਫ਼ ਭਿੰਦਾ (34) ਦੋਵੇਂ ਵਾਸੀ ਪਿੰਡ ਰੰਗੜ੍ਹ (ਅੰਮ੍ਰਿਤਸਰ ਦਿਹਾਤੀ), ਅਮਿਤ (23) ਵਾਸੀ ਗੁਰੂ ਕੀ ਵਡਾਲੀ (ਅੰਮ੍ਰਿਤਸਰ), ਹਰਪ੍ਰੀਤ ਸਿੰਘ ਉਰਫ਼ ਹੈਪੀ ਨਿਆਣਾ (26) ਵਾਸੀ ਨਾਰਾਇਣਗੜ੍ਹ (ਅੰਮ੍ਰਿਤਸਰ), ਚਮਕੌਰ ਸਿੰਘ (30) ਵਾਸੀ ਪਿੰਡ ਵਾਨ ਤਾਰਾ ਸਿੰਘ (ਤਰਨਤਾਰਨ), ਕਰਨਪ੍ਰੀਤ ਸਿੰਘ (22) ਵਾਸੀ ਪਿੰਡ ਨੂਰਦੀ (ਤਰਨਤਾਰਨ), ਗੌਰਵ (26) ਵਾਸੀ ਕੱਟੜਾ ਕਰਮ ਸਿੰਘ (ਅੰਮ੍ਰਿਤਸਰ) ਤੇ ਵਰੁਣ ਕੁਮਾਰ ਉਰਫ਼ ਵਿੱਕੀ ਗਿੱਲ (33) ਵਾਸੀ ਭਾਈ ਮੰਜ ਸਿੰਘ ਰੋਡ (ਅੰਮ੍ਰਿਤਸਰ) ਵਜੋਂ ਕੀਤੀ ਗਈ ਹੈ। ਬਰਾਮਦ ਕੀਤੇ ਗਏ ਪਿਸਤੌਲਾਂ ’ਚ ਦੋ .30 ਬੋਰ ਜ਼ਿਗਾਨਾ (ਤੁਰਕੀ ਦੇ ਬਣੇ), ਦੋ .30 ਬੋਰ (ਚੀਨ ਦੇ ਬਣੇ), ਇਕ 9 ਐੱਮਐੱਮ ਤੇ ਅੱਠ .30 ਬੋਰ ਦੇ ਪਿਸਤੌਲ ਸ਼ਾਮਲ ਹਨ। ਪੁਲਿਸ ਟੀਮਾਂ ਨੇ ਤਸਕਰੀ ਲਈ ਵਰਤੇ ਜਾ ਰਹੇ ਐਕਟਿਵਾ ਸਕੂਟਰ ਨੂੰ ਵੀ ਜ਼ਬਤ ਕਰ ਲਿਆ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਕਥਿਤ ਤੌਰ ’ਤੇ ਵਿਦੇਸ਼ੀ ਤਸਕਰਾਂ ਨਾਲ ਜੁੜੇ ਹੋਏ ਸਨ ਤੇ ਗ਼ੈਰ-ਕਾਨੂੰਨੀ ਹਥਿਆਰ ਖ਼ਰੀਦ ਕੇ ਅੱਗੇ ਸਪਲਾਈ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਤੇ ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ’ਚ ਸ਼ਾਮਲ ਹੋਰ ਕਾਕਰੁੰਨਾਂ ਦੇ ਸਬੰਧਾਂ ਦਾ ਵੀ ਪਤਾ ਲਗਾਇਆ ਹੈ। ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ (ਸੀਪੀ) ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਗੁਰਦੀਪ ਸਿੰਘ ਉਰਫ਼ ‘ਦੀਪ’ ਤੇ ਧਰਮਿੰਦਰ ਸਿੰਘ ਉਰਫ਼ ਭਿੰਦਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਦੋ ਪਿਸਤੌਲਾਂ ਤੇ ਸੱਤ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਤਿੰਨ ਵੱਖ-ਵੱਖ ਕਾਰਵਾਈਆਂ ’ਚ ਪੁਲਿਸ ਟੀਮਾਂ ਨੇ ਮੁਲਜ਼ਮ ਅਮਿਤ, ਹਰਪ੍ਰੀਤ ਉਰਫ਼ ’ਹੈਪੀ’ ਤੇ ਚਮਕੌਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਹਰੇਕ ਦੇ ਕਬਜ਼ੇ ’ਚੋਂ ਤਿੰਨ-ਤਿੰਨ ਪਿਸਤੌਲਾਂ ਸਮੇਤ ਕਾਰਤੂਸ ਬਰਾਮਦ ਕੀਤੇ। ਇਕ ਹੋਰ ਕਾਰਵਾਈ ਬਾਰੇ ਦੱਸਦਿਆਂ ਸੀਪੀ ਨੇ ਕਿਹਾ ਕਿ ਪੁਲਿਸ ਟੀਮ ਨੇ ਨਾਕਾਬੰਦੀ ਦੌਰਾਨ ਕਰਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੇ ਕਬਜ਼ੇ ’ਚੋਂ ਇਕ ਪਿਸਤੌਲ ਸਮੇਤ ਛੇ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਪੁਲਿਸ ਟੀਮ ਨੇ ਵਰੁਣ ਕੁਮਾਰ ਉਰਫ਼ ’ਵਿੱਕੀ ਗਿੱਲ’ ਤੇ ਗੌਰਵ ਨੂੰ ਵੀ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਇਕ ਪਿਸਤੌਲ ਸਮੇਤ ਚਾਰ ਕਾਰਤੂਸ ਬਰਾਮਦ ਕੀਤੇ। ਇਸ ਸਬੰਧੀ ਅੰਮ੍ਰਿਤਸਰ ’ਚ ਛੇ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।