ਮੁਕਾਬਲੇ ’ਚ ਮਾਰੇ ਗਏ ਦੀਪਕ ਦਾ ਪਾਕਿਸਤਾਨੀ ਹੈਂਡਲਰ ਨਾਲ ਸੀ ਸੰਪਰਕ, ਮੋਬਾਈਲ ਤੋਂ ਕਈ ਰਾਜ਼ ਖੁੱਲ੍ਹੇ ਮੁਕਾਬਲੇ ’ਚ ਮਾਰੇ ਗਏ ਦੀਪਕ ਦਾ ਪਾਕਿਸਤਾਨੀ ਹੈਂਡਲਰ ਨਾਲ ਸੀ ਸੰਪਰਕ, ਮੋਬਾਈਲ ਤੋਂ ਕਈ ਰਾਜ਼ ਖੁੱਲ੍ਹੇ
Publish Date: Sun, 20 Sep 2026 07:35 PM (IST)
Updated Date: Mon, 21 Sep 2026 04:09 AM (IST)
* ਹੈਰੋਇਨ ਤਸਕਰੀ ’ਚ ਜੇਲ੍ਹ ਕੱਟ ਚੁੱਕਾ ਸੀ ਮੁਲਜ਼ਮ, ਘਰ ਗਿਰਵੀ ਰੱਖ ਕੇ ਪਿਤਾ ਨੇ ਕਰਵਾਈ ਸੀ ਜ਼ਮਾਨਤ ਫੋਟੋ-34-39 ਹਿੰਦੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਏਐੱਸਆਈ ਹਰਜੀਤ ਸਿੰਘ ਦੀ ਹੱਤਿਆ ਦੇ ਮਾਮਲੇ ’ਚ ਪੁਲਿਸ ਮੁਕਾਬਲੇ ’ਚ ਮਾਰਿਆ ਗਿਆ ਦੀਪਕ ਸਿੰਘ ਨਸ਼ੇ ਦੀ ਦਲਦਲ ’ਚ ਫਸਿਆ ਹੋਇਆ ਸੀ ਅਤੇ ਸਰਹੱਦ ਪਾਰ ਬੈਠੇ ਤਸਕਰਾਂ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਸੀ। ਡੀਸੀਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਕਾਬਲੇ ਤੋਂ ਬਾਅਦ ਦੋਸ਼ੀ ਦੇ ਕਬਜ਼ੇ ਚੋਂ ਬਰਾਮਦ ਮੋਬਾਈਲ ਫੋਨ ਰਾਹੀਂ ਕਈ ਸਨਸਨੀਖੇਜ਼ ਖੁਲਾਸੇ ਹੋਏ ਹਨ। ਜਾਂਚ ’ਚ ਸਾਹਮਣੇ ਆਇਆ ਹੈ ਕਿ ਦੀਪਕ ਇਕ ਹਫ਼ਤੇ ਤੋਂ ਲਗਾਤਾਰ ਪਾਕਿਸਤਾਨੀ ਹੈਂਡਲਰ ਦੇ ਸਿੱਧੇ ਸੰਪਰਕ ’ਚ ਸੀ। ਉਹ ਅੱਧਾ ਕਿੱਲੋ ਹੈਰੋਇਨ ਤਸਕਰੀ ਦੇ ਮਾਮਲੇ ’ਚ ਕੁਝ ਦਿਨ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਇਆ ਸੀ। ਮੂਲੇ ਚੱਕ ਵਾਸੀ ਮੁਲਜਮ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਤੇ ਪਤਨੀ ਵੀ ਘਰਾਂ ’ਚ ਕੰਮ ਕਰਦੀ ਹੈ। ਦੀਪਕ ਪਹਿਲਾਂ ਠੀਕ ਸੀ, ਪਰ ਪਿਛਲੇ ਦੋ ਸਾਲਾਂ ਤੋਂ ਉਸ ਦੀਆਂ ਸ਼ੱਕੀ ਗਤੀਵਿਧੀਆਂ ਨੇ ਪਰਿਵਾਰ ਦੀ ਚਿੰਤਾ ਵਧਾ ਦਿੱਤੀ ਸੀ। ਕੁਝ ਮਹੀਨੇ ਪਹਿਲਾਂ ਪੁਲਿਸ ਨੇ ਉਸ ਨੂੰ ਅੱਧਾ ਕਿੱਲੋ ਹੈਰੋਇਨ ਸਮੇਤ ਫੜਿਆ ਤੇ ਜੇਲ੍ਹ ਭੇਜ ਦਿੱਤਾ। ਪੁੱਤਰ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਲਈ ਉਨ੍ਹਾਂ ਆਪਣਾ ਮਕਾਨ ਸਾਢੇ ਤਿੰਨ ਲੱਖ ਰੁਪਏ ’ਚ ਗਿਰਵੀ ਰੱਖ ਦਿੱਤਾ ਅਤੇ ਜ਼ਮਾਨਤ ਕਰਵਾਈ। ਹਾਲਾਂਕਿ ਜੇਲ੍ਹ ਤੋਂ ਪਰਤਣ ਤੋਂ ਬਾਅਦ ਦੀਪਕ ਪੂਰੀ ਤਰ੍ਹਾਂ ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਚੁੱਕਾ ਸੀ। ਮਾਤਾ-ਪਿਤਾ ਦੇ ਲੱਖ ਸਮਝਾਉਣ ਦੇ ਬਾਵਜੂਦ ਉਸ ਦੇ ਵਤੀਰੇ ’ਚ ਕੋਈ ਸੁਧਾਰ ਨਹੀਂ ਆਇਆ। ਲਾਪਤਾ ਹੋਣ ਤੇ ਥਾਣੇ ਪਹੁੰਚੇ ਸਨ ਪਰਿਵਾਰਕ ਮੈਂਬਰ ਪਿਤਾ ਅਨੁਸਾਰ ਦੀਪਕ ਦਾ ਬਾਹਰ ਜ਼ਿਆਦਾ ਨੌਜਵਾਨਾਂ ਨਾਲ ਮੇਲ-ਜੋਲ ਨਹੀਂ ਸੀ। ਉਹ ਅਕਸਰ ਗੁੰਮਸੁਮ ਰਹਿੰਦਾ ਸੀ। ਪਿਛਲੇ ਚਾਰ ਦਿਨਾਂ ਤੋਂ ਉਹ ਅਚਾਨਕ ਲਾਪਤਾ ਹੋ ਗਿਆ। ਵੀਰਵਾਰ ਰਾਤ ਜਦੋਂ ਉਹ ਘਰ ਨਹੀਂ ਪਰਤਿਆ ਤਾਂ ਸ਼ੁੱਕਰਵਾਰ ਸਵੇਰੇ ਪਰਿਵਾਰਕ ਮੈਂਬਰ ਥਾਣਾ ਗੇਟ ਹਕੀਮਾਂ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ। ਪੁਲਿਸ ਨੇ ਦੀਪਕ ਦੀ ਤਸਵੀਰ ਆਪਣੇ ਕੋਲ ਰੱਖ ਲਈ, ਪਰ ਪਰਿਵਾਰ ਨੂੰ ਅੰਦਾਜ਼ਾ ਤੱਕ ਨਹੀਂ ਸੀ ਕਿ ਉਹ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਹੈ। ਸ਼ਨੀਵਾਰ ਨੂੰ ਘਰ ਤੇ ਛਾਪਾ, ਐਤਵਾਰ ਨੂੰ ਮਿਲੀ ਮੁਕਾਬਲੇ ਦੀ ਖ਼ਬਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਪੁਲਿਸ ਟੀਮ ਨੇ ਉਨ੍ਹਾਂ ਦੇ ਘਰ ਤੇ ਛਾਪਾ ਮਾਰਿਆ ਤੇ ਫਾਈਨਾਂਸ ਤੇ ਲਈ ਗਈ ਸਕੂਟੀ ਅਤੇ ਹੋਰ ਸਾਮਾਨ ਕਬਜ਼ੇ ’ਚ ਲੈ ਲਿਆ। ਇਸ ਤੋਂ ਬਾਅਦ ਪੁਲਿਸ ਨੇ ਵਿਆਹ ਸਮਾਰੋਹ ’ਚ ਕੰਮ ਕਰ ਰਹੀ ਉਸ ਦੀ ਮਾਂ ਨੂੰ ਵੀ ਹਿਰਾਸਤ ’ਚ ਲੈ ਲਿਆ। ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਸ਼ਨੀਵਾਰ ਦੇਰ ਰਾਤ ਉਸ ਨੂੰ ਛੱਡਿਆ ਗਿਆ। ਐਤਵਾਰ ਸਵੇਰੇ ਪਿੰਡ ਵਾਸੀਆਂ ਤੋਂ ਪਰਿਵਾਰ ਨੂੰ ਸੂਚਨਾ ਮਿਲੀ ਕਿ ਪੁਲਿਸ ਮੁਕਾਬਲੇ ’ਚ ਦੀਪਕ ਮਾਰਿਆ ਗਿਆ ਹੈ। ਫਿਲਹਾਲ ਪੁਲਿਸ ਮੁਲਜਮ ਦੇ ਪੂਰੇ ਨੈੱਟਵਰਕ ਅਤੇ ਸਰਹੱਦ ਪਾਰ ਨਾਲ ਜੁੜੇ ਹੋਰ ਸੰਪਰਕਾਂ ਦੀ ਤਲਾਸ਼ ਕਰ ਰਹੀ ਹੈ।