9.5 ਕਿੱਲੋ ਹੈਰੋਇਨ, 5 ਕਿੱਲੋ ਅਫੀਮ ਤੇ ਇਕ ਪਿਸਤੌਲ ਸਣੇ ਅੱਠ ਗ੍ਰਿਫ਼ਤਾਰ ਨਸ਼ੀਲੇ ਪਦਾਰਥ ਤੇ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਨੈੱਟਵਰਕਾਂ ਨਾਲ ਜੁੜੇ ਅੱਠ ਵਿਅਕਤੀ ਕਾਬੂ
Publish Date: Tue, 15 Sep 2026 06:28 PM (IST)
Updated Date: Wed, 16 Sep 2026 04:06 AM (IST)
ਕੈਪਸ਼ਨ : ਬਰਾਮਦ ਕੀਤੀ ਗਈ ਹੈਰੋਇਨ, ਅਫੀਮ ਅਤੇ ਪਿਸਤੌਲ। * ਗ੍ਰਿਫ਼ਤਾਰ ਕੀਤੇ ਮੁਲਜ਼ਮ ਵਿਦੇਸ਼-ਅਧਾਰਿਤ ਤਸਕਰਾਂ ਨਾਲ ਜੁੜੇ ਹੋਏ ਸਨ ਤੇ ਡ੍ਰੋਨ ਰਾਹੀਂ ਭੇਜੀਆਂ ਖੇਪਾਂ ਪ੍ਰਾਪਤ ਕਰ ਕੇ ਅੱਗੇ ਸਪਲਾਈ ਕਰ ਰਹੇ ਸਨ : ਡੀਜੀਪੀ * ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਅਨੁਸਾਰ ਅਗਲੇਰੀ ਜਾਂਚ ਜਾਰੀ : ਸੀਪੀ ਗਿੱਲ ਫੋਟੋ-18 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੱਠ ਵਿਅਕਤੀਆਂ ਨੂੰ 9.549 ਕਿੱਲੋ ਹੈਰੋਇਨ, 5.459 ਕਿਲੋ ਅਫੀਮ ਤੇ ਗੈਰ-ਕਾਨੂੰਨੀ .30 ਬੋਰ ਦੇ ਪਿਸਤੌਲ ਸਮੇਤ ਗ੍ਰਿਫਤਾਰ ਕਰ ਕੇ ਨਸ਼ੀਲੇ ਪਦਾਰਥ ਤੇ ਗ਼ੈਰ-ਕਾਨੂੰਨੀ ਹਥਿਆਰ ਤਸਕਰੀ ਕਰਨ ਵਾਲੇ ਤਿੰਨ ਵੱਡੇ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਰਾਜਿੰਦਰ ਸਿੰਘ (27) ਵਾਸੀ ਇੰਦਰਾ ਕਾਲੋਨੀ ਅੰਮ੍ਰਿਤਸਰ, ਵਿਨੈ (26) ਵਾਸੀ ਗਵਾਲ ਮੰਡੀ ਅੰਮ੍ਰਿਤਸਰ, ਪ੍ਰਦੀਪ ਸਿੰਘ (37) ਵਾਸੀ ਪਿੰਡ ਵਰਨਾਲੀ ਹਰਸ਼ਾ ਛੀਨਾ ਅੰਮ੍ਰਿਤਸਰ, ਕਰਨ ਸਿੰਘ ਉਰਫ਼ ਕਰਨ (24), ਨਵਨੀਤ ਉਰਫ਼ ਕੀੜਾ (18) ਅਤੇ ਜਸ਼ਨਦੀਪ ਸਿੰਘ ਉਰਫ਼ ਧੁਨੀ (19) ਤਿੰਨੋਂ ਵਾਸੀ ਪਿੰਡ ਅਟਾਰੀ ਅੰਮ੍ਰਿਤਸਰ, ਬਲਜਿੰਦਰ ਸਿੰਘ (37) ਵਾਸੀ ਬਾਬਾ ਬੁੱਢਾ ਸਿੰਘ ਕਾਲੋਨੀ ਅੰਮ੍ਰਿਤਸਰ ਤੇ ਅੰਮ੍ਰਿਤ ਪਾਲ ਸਿੰਘ ਉਰਫ਼ ਅੰਮ੍ਰਿਤ (25) ਵਾਸੀ ਪਿੰਡ ਬੋਪਾਰਾਏ ਬਾਜ਼ ਸਿੰਘ, ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਕਥਿਤ ਤੌਰ ’ਤੇ ਵਿਦੇਸ਼ੀ ਤਸਕਰਾਂ ਨਾਲ ਜੁੜੇ ਹੋਏ ਸਨ ਤੇ ਉਹ ਡਰੋਨ ਰਾਹੀਂ ਭੇਜੀਆਂ ਗਈਆਂ ਹੈਰੋਇਨ, ਅਫੀਮ ਅਤੇ ਨਾਜਾਇਜ਼ ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰ ਕੇ ਅੱਗੇ ਸਪਲਾਈ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਤੇ ਸਪਲਾਈ ਨੈੱਟਵਰਕ ’ਚ ਸ਼ਾਮਲ ਹੋਰ ਸਾਥੀਆਂ ਵਿਚਕਾਰ ਸਬੰਧਾਂ ਦਾ ਵੀ ਪਤਾ ਲਗਾ ਲਿਆ ਹੈ। ਪਹਿਲੇ ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਕਮਿਸ਼ਨਰ ਆਫ਼ ਪੁਲਿਸ (ਸੀ.ਪੀ.) ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਵਿਸ਼ੇਸ਼ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਰਜਿੰਦਰ ਸਿੰਘ ਨੂੰ ਇਕ .30 ਬੋਰ ਦੇ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੇ ਆਧਾਰ ’ਤੇ ਉਸਦੇ ਸਾਥੀ ਵਿਨੈ ਨੂੰ 4.2 ਕਿੱਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਨੈ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ਤੇ ਇਕ ਹੋਰ ਸਾਥੀ ਪ੍ਰਦੀਪ ਸਿੰਘ ਨੂੰ 1.2 ਕਿੱਲੋ ਹੋਰ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਦੂਜੇ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਸੀ.ਪੀ. ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਕਰਨ ਸਿੰਘ ਉਰਫ਼ ਕਰਨ ਨੂੰ 7 ਕਿੱਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਅਗਲੇਰੀ ਜਾਂਚ ਦੌਰਾਨ ਉਸ ਦੇ ਸਾਥੀਆਂ ਨਵਨੀਤ ਸਿੰਘ ਉਰਫ਼ ਕੀੜਾ ਤੇ ਜਸ਼ਨਦੀਪ ਸਿੰਘ ਉਰਫ਼ ਧੁੰਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਤੀਜੇ ਆਪ੍ਰੇਸ਼ਨ ਬਾਰੇ ਸੀਪੀ ਹਰਮਨਬੀਰ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਖਾਸ ਸੂਚਨਾ ਦੇ ਆਧਾਰ ਤੇ ਬਲਜਿੰਦਰ ਸਿੰਘ ਤੇ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ 2.5 ਕਿੱਲੋ ਹੈਰੋਇਨ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਤਿੰਨ ਮਾਮਲੇ ਦਰਜ ਕੀਤੇ ਗਏ ਹਨ, ਜਿਸ ’ਚ ਪਹਿਲਾ ਕੇਸ ਥਾਣਾ ਕੈਂਟ ਵਿਖੇ, ਦੂਜਾ ਕੇਸ ਥਾਣਾ ਏ-ਡਵੀਜ਼ਨ ਵਿਖੇ ਤੇ ਤੀਜਾ ਕੇਸ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਵਿਖੇ ਦਰਜ ਕੀਤਾ ਗਿਆ ਹੈ।