ਹੁਣ ਦੇਰ ਰਾਤ ਤੱਕ ਨਹੀਂ ਖੁੱਲ੍ਹੇ ਰਹਿਣਗੇ ਰੈਸਟੋਰੈਂਟ : ਪੁਲਿਸ ਕਮਿਸ਼ਨਰ ਹੁਣ ਦੇਰ ਰਾਤ ਤੱਕ ਨਹੀਂ ਖੁੱਲ੍ਹੇ ਰਹਿਣਗੇ ਰੈਸਟੋਰੈਂਟ : ਪੁਲਿਸ ਕਮਿਸ਼ਨਰ
Publish Date: Mon, 07 Sep 2026 07:56 PM (IST)
Updated Date: Tue, 08 Sep 2026 04:08 AM (IST)
ਸੜਕਾਂ ਤੇ ਫੁੱਟਪਾਥਾਂ ਤੇ ਕਬਜ਼ਾ ਕਰਨ ਵਾਲਿਆਂ ਵਿਰੁੱਧ ਵੀ ਹੋਵੇਗੀ ਕਾਰਵਾਈ ਸਿਰਫ਼ ਲਾਇਸੈਂਸ ਧਾਰਕ ਹੀ ਪਟਾਕੇ ਵੇਚ ਸਕਣਗੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਸੋਮਵਾਰ ਸਵੇਰੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਵਿਚ ਸ਼ਹਿਰ ਵਿਚ ਅਪਰਾਧ ਨੂੰ ਰੋਕਣ ਲਈ ਮਹੱਤਵਪੂਰਨ ਫੈਸਲੇ ਲਏ। ਸੀਪੀ ਨੇ ਕਿਹਾ ਕਿ ਬਹੁਤ ਸਾਰੇ ਰੈਸਟੋਰੈਂਟ, ਖਾਣ-ਪੀਣ ਦੀਆਂ ਥਾਵਾਂ ਅਤੇ ਕਲੱਬ ਦੇਰ ਰਾਤ ਤੱਕ ਖੁੱਲ੍ਹੇ ਰਹਿੰਦੇ ਹਨ, ਜਿਸ ਨਾਲ ਇਲਾਕੇ ਦੀ ਸ਼ਾਂਤੀ ਭੰਗ ਹੁੰਦੀ ਹੈ। ਇਸ ਨਾਲ ਹਮੇਸ਼ਾਂ ਅਣਸੁਖਾਵੀਆਂ ਘਟਨਾਵਾਂ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਹ ਵੀ ਦੇਖਿਆ ਗਿਆ ਹੈ ਕਿ ਸ਼ਹਿਰ ਵਿੱਚ ਉੱਚੀ ਆਵਾਜ਼ ਵਿਚ ਸੰਗੀਤ ਪ੍ਰਣਾਲੀਆਂ ਵਾਲੇ ਵਾਹਨ ਚੱਲ ਰਹੇ ਹਨ। ਇਸ ਲਈ ਕਮਿਸ਼ਨਰੇਟ ਦੇ ਅਧਿਕਾਰ ਖੇਤਰ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਰੈਸਟੋਰੈਂਟਾਂ, ਖਾਣ-ਪੀਣ ਦੀਆਂ ਥਾਵਾਂ ਅਤੇ ਕਲੱਬਾਂ ਦੇ ਖੁੱਲ੍ਹਣ ਦੇ ਸਮੇਂ ਸਬੰਧੀ ਜ਼ਰੂਰੀ ਆਦੇਸ਼ ਜਾਰੀ ਕਰਨਾ ਅਤੇ ਇਨ੍ਹਾਂ ਥਾਵਾਂ ਤੇ ਸਾਊਂਡ ਐਂਪਲੀਫਾਇਰ ਅਤੇ ਡੀਜੇ ਦੀ ਵਰਤੋਂ ਤੇ ਪਾਬੰਦੀ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਸੀਪੀ ਨੇ ਕਿਹਾ ਕਿ ਰਾਤ 11:30 ਵਜੇ ਤੋਂ ਬਾਅਦ ਰੈਸਟੋਰੈਂਟਾਂ, ਖਾਣ-ਪੀਣ ਵਾਲੀਆਂ ਥਾਵਾਂ ਜਾਂ ਕਲੱਬਾਂ ਵਿਚ ਭੋਜਨ, ਪੀਣ ਵਾਲੇ ਪਦਾਰਥਾਂ ਜਾਂ ਹੋਰ ਚੀਜ਼ਾਂ ਦੇ ਆਰਡਰ ਸਵੀਕਾਰ ਨਹੀਂ ਕੀਤੇ ਜਾਣਗੇ। ਰਾਤ 11:30 ਵਜੇ ਤੋਂ ਬਾਅਦ ਕਿਸੇ ਵੀ ਨਵੇਂ ਗ੍ਰਾਹਕ ਨੂੰ ਰੈਸਟੋਰੈਂਟਾਂ, ਖਾਣ-ਪੀਣ ਵਾਲੀਆਂ ਥਾਵਾਂ ਜਾਂ ਕਲੱਬਾਂ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਸਾਰੇ ਰੈਸਟੋਰੈਂਟ, ਕਲੱਬ ਅਤੇ ਹੋਰ ਲਾਇਸੰਸਸ਼ੁਦਾ ਖਾਣ-ਪੀਣ ਵਾਲੀਆਂ ਥਾਵਾਂ ਰਾਤ 12 ਵਜੇ ਤੱਕ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਜਾਣਗੀਆਂ। ਸ਼ਰਾਬ ਦੀਆਂ ਦੁਕਾਨਾਂ ਨਾਲ ਜੁੜੇ ਸਥਾਨ 12 ਵਜੇ ਤੱਕ ਜਾਂ ਲਾਇਸੈਂਸ ਸ਼ਰਤਾਂ ਅਨੁਸਾਰ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣਗੇ। ਜ਼ਿਆਦਾ ਧੁਨੀ ਅਵਾਜ ਪਾਉਣ ਵਾਲੇ ਡੀਜੇ ਅਤੇ ਲਾਈਵ ਆਰਕੈਸਟਰਾ ਰਾਤ 10 ਵਜੇ ਬੰਦ ਕਰ ਦਿੱਤੇ ਜਾਣਗੇ ਜਾਂ ਉਨ੍ਹਾਂ ਦੀ ਆਵਾਜ਼ ਘਟਾ ਦਿੱਤੀ ਜਾਵੇਗੀ। ਰਾਤ 10 ਵਜੇ ਤੋਂ ਬਾਅਦ ਕਿਸੇ ਵੀ ਸਥਾਨ ਜਾਂ ਕੈਂਪਸ ਦੇ ਅੰਦਰ ਪੈਦਾ ਹੋਣ ਵਾਲੀ ਕੋਈ ਵੀ ਆਵਾਜ਼ ਉਸ ਜਗ੍ਹਾ ਦੇ ਬਾਹਰ ਸੁਣਾਈ ਨਹੀਂ ਦੇਵੇਗੀ। ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਸੰਗੀਤ ਪ੍ਰਣਾਲੀਆਂ ਦੁਆਰਾ ਪੈਦਾ ਹੋਣ ਵਾਲੀ ਆਵਾਜ਼ ਗੱਡੀ ਦੇ ਬਾਹਰ ਨਾ ਸੁਣਾਈ ਦੇਵੇ। ਸੜਕਾਂ ਤੇ ਫੁੱਟਪਾਥਾਂ ਤੇ ਕਬਜ਼ਾ ਕਰਨ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਬਿਨਾਂ ਇਜਾਜ਼ਤ ਦੇ ਸਾਈਨ/ਬੋਰਡ ਲਗਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਫੁੱਟਪਾਥ ਤੇ ਸਟਾਲ ਅਤੇ ਖੋਖੇ ਲਗਾਉਣਾ, ਦੁਕਾਨਦਾਰ ਜੋ ਆਪਣੀਆਂ ਦੁਕਾਨਾਂ ਅਤੇ ਫੁੱਟਪਾਥ ਤੇ ਸਮਾਨ ਰੱਖਣ ਵਾਲਿਆਂ ’ਤੇ ਵੀ ਕਾਰਵਾਈ ਕੀਤੀ ਜਾਵੇਗੀ। ਪਟਾਕਿਆਂ ਦੀ ਸਟੋਰੇਜ ਅਤੇ ਵਿਕਰੀ ਤੇ ਪਾਬੰਦੀ ਹੋਵੇਗੀ। ਲਾਇਸੈਂਸਸ਼ੁਦਾ ਦੁਕਾਨਾਂ ਤੋਂ ਇਲਾਵਾ ਪਟਾਕਿਆਂ ਦੀ ਵਿਕਰੀ ਦੀ ਇਜਾਜ਼ਤ ਨਹੀਂ ਹੋਵੇਗੀ।