ਭਾਜਪਾ ਪੰਜਾਬ ’ਚ ਨਸ਼ਿਆਂ ਵਿਰੁੱਧ 'ਨਸ਼ਾ ਮੁਕਤੀ ਯਾਤਰਾ' ਦਾ ਆਯੋਜਨ ਕਰੇਗੀ : ਕਾਹਲੋਂ ਭਾਜਪਾ ਪੰਜਾਬ ’ਚ ਨਸ਼ਿਆਂ ਵਿਰੁੱਧ 'ਨਸ਼ਾ ਮੁਕਤੀ ਯਾਤਰਾ' ਦਾ ਆਯੋਜਨ ਕਰੇਗੀ: ਰਵੀਕਰਨ ਸਿੰਘ ਕਾਹਲੋਂ
Publish Date: Mon, 07 Sep 2026 07:50 PM (IST)
Updated Date: Tue, 08 Sep 2026 04:08 AM (IST)
ਮਾਝਾ ਜ਼ੋਨ ਦੀ ਯਾਤਰਾ ਮਾਧੋਪੁਰ ਵਿਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬੁੱਤ ਤੋਂ ਸ਼ੁਰੂ ਹੋਵੇਗੀ: ਰਾਕੇਸ਼ ਰਾਠੌਰ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਤੇ ਨੌਜਵਾਨਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਭਾਰਤੀ ਜਨਤਾ ਪਾਰਟੀ ਸੂਬੇ ਭਰ ਵਿਚ ਇਕ ਵੱਡੀ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਦਾ ਆਯੋਜਨ ਕਰ ਰਹੀ ਹੈ। ਯਾਤਰਾ ਦੀਆਂ ਤਿਆਰੀਆਂ ਸਬੰਧੀ ਵਿਸ਼ੇਸ਼ ਮੀਟਿੰਗ ਭਾਜਪਾ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਵੱਲੋਂ ਸ਼ਹੀਦ ਹਰਬੰਸ ਲਾਲ ਖੰਨਾ ਯਾਦਗਾਰ, ਭਾਜਪਾ ਜ਼ਿਲ੍ਹਾ ਦਫ਼ਤਰ ਵਿਖੇ ਕੀਤੀ ਗਈ, ਜਿਸ ਵਿਚ ਕੋਰ ਗਰੁੱਪ ਦੇ ਮੈਂਬਰ, ਜ਼ਿਲ੍ਹਾ ਟੀਮ ਮੈਂਬਰ, ਮੋਰਚਾ ਪ੍ਰਧਾਨ, ਮੰਡਲ ਪ੍ਰਧਾਨ ਅਤੇ ਉਨ੍ਹਾਂ ਦੇ ਜਨਰਲ ਸਕੱਤਰ ਸ਼ਾਮਲ ਹੋਏ। ਭਾਜਪਾ ਪੰਜਾਬ ਵੱਲੋਂ ਪ੍ਰੋਗਰਾਮ ਦੇ ਸੂਬਾ ਕਨਵੀਨਰ, ਰਵੀਕਰਨ ਸਿੰਘ ਕਾਹਲੋਂ, ਭਾਜਪਾ ਪੰਜਾਬ ਦੇ ਉਪ ਪ੍ਰਧਾਨ ਅਤੇ ਅੰਮ੍ਰਿਤਸਰ ਇੰਚਾਰਜ, ਰਾਕੇਸ਼ ਰਾਠੌਰ ਅਤੇ ਸਹਿ-ਇੰਚਾਰਜ ਅਨਿਲ ਵਾਸੂਦੇਵ ਮੌਜੂਦ ਸਨ। ਮੀਟਿੰਗ ਸਥਾਨ ਤੇ ਪਹੁੰਚਣ ਤੇ ਸਲਿਲ ਕਪੂਰ ਨੇ ਆਪਣੇ ਅਧਿਕਾਰੀਆਂ ਸਮੇਤ ਸੂਬਾਈ ਅਧਿਕਾਰੀਆਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਮੰਚ ਤੇ ਡਾ. ਰਾਮ ਚਾਵਲਾ, ਹਰਜਿੰਦਰ ਸਿੰਘ ਠੇਕੇਦਾਰ, ਸੁਖਮਿੰਦਰ ਸਿੰਘ ਪਿੰਟੂ, ਕੁਮਾਰ ਅਮਿਤ, ਅੰਮ੍ਰਿਤਸਰ ਦਿਹਾਤੀ-1 ਦੇ ਜ਼ਿਲ੍ਹਾ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ, ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ, ਸੰਜੀਵ ਖੰਨਾ, ਰਾਹੁਲ ਮਹੇਸ਼ਵਰੀ, ਮਾਨਵ ਤਨੇਜਾ, ਹਰਵਿੰਦਰ ਸਿੰਘ ਸੰਧੂ, ਅਜੈਬੀਰ ਪਾਲ ਸਿੰਘ ਰੰਧਾਵਾ ਤੇ ਹੋਰ ਮੌਜੂਦ ਸਨ। ਰਵੀਕਰਨ ਸਿੰਘ ਕਾਹਲੋਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਯਾਤਰਾ ਪੂਰੇ ਪੰਜਾਬ ਵਿਚ ਕੱਢੀ ਜਾਵੇਗੀ ਅਤੇ ਮਾਝਾ ਜ਼ੋਨ ਯਾਤਰਾ ਪਠਾਨਕੋਟ ਵਿਚ ਜੰਮੂ ਸਰਹੱਦ ਤੇ ਮਾਧੋਪੁਰ ਵਿਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬੁੱਤ ਤੋਂ ਸ਼ੁਰੂ ਹੋਵੇਗੀ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਇਸ ਜਾਗਰੂਕਤਾ ਯਾਤਰਾ ਨੂੰ ਹਰੀ ਝੰਡੀ ਦਿਖਾਉਣਗੇ। ਇਸ ਯਾਤਰਾ ਦਾ ਮੁੱਖ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਇੱਕਜੁੱਟ ਕਰਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਅਤੇ ਪੰਜਾਬ ਨੂੰ ਇਸ ਸਮਾਜਿਕ ਬੁਰਾਈ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਹੈ। ਯਾਤਰਾ ਦੌਰਾਨ ਆਮ ਲੋਕਾਂ ਨੂੰ ਮੁਹਿੰਮ ਨਾਲ ਜੋੜਣ ਲਈ ਰਾਜ ਭਰ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਨਤਕ ਮੀਟਿੰਗਾਂ ਅਤੇ ਸੰਵਾਦ ਪ੍ਰੋਗਰਾਮ, ਮੋਟਰਸਾਈਕਲ ਰੈਲੀਆਂ, ਪੋਸਟਰ, ਬੈਨਰ, ਨੁੱਕੜ ਨਾਟਕ ਆਦਿ ਆਯੋਜਿਤ ਕੀਤੇ ਜਾਣਗੇ। ਰਾਕੇਸ਼ ਰਾਠੌਰ ਨੇ ਕਿਹਾ ਕਿ ਮਾਝਾ ਖੇਤਰ ਵਿਚ ਯਾਤਰਾ ਦਾ ਰੁਕਣਾ ਇਤਿਹਾਸਕ ਅਤੇ ਭਾਵਨਾਤਮਕ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੈ। ਪੰਜਾਬ-ਜੰਮੂ ਸਰਹੱਦ ਤੇ ਸਥਿਤ ਮਾਧੋਪੁਰ ਵਿਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਮੂਰਤੀ ਤੋਂ ਸ਼ੁਰੂ ਹੋ ਕੇ ਇਹ ਯਾਤਰਾ ਮਾਝਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਲੰਘ ਕੇ ਜਨਤਾ ਨੂੰ ਨਸ਼ਾ ਮੁਕਤੀ ਦਾ ਸੰਦੇਸ਼ ਦੇਵੇਗੀ। ਉਨ੍ਹਾਂ ਨੇ ਮੌਜੂਦ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਇੱਕਜੁੱਟ ਹੋ ਕੇ ਯਾਤਰਾ ਨੂੰ ਸਫਲ ਬਣਾਉਣ ਅਤੇ ਨਸ਼ਾਖੋਰੀ ਵਿਰੁੱਧ ਜਨਤਕ ਜਾਗਰੂਕਤਾ ਪੈਦਾ ਕਰਨ ਦਾ ਸੱਦਾ ਦਿੱਤਾ। ਸਲਿਲ ਕਪੂਰ ਨੇ ਕਿਹਾ ਕਿ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ ਆਉਣ ਅਤੇ ਯਾਤਰਾ ਨੂੰ ਲੈ ਕੇ ਭਾਜਪਾ ਵਰਕਰਾਂ ਵਿਚ ਬਹੁਤ ਉਤਸ਼ਾਹ ਹੈ। ਤਿਆਰੀਆਂ ਲਈ ਅੰਮ੍ਰਿਤਸਰ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਹ ਯਾਤਰਾ ਆਮ ਆਦਮੀ ਪਾਰਟੀ ਦੇ ਕੁਸ਼ਾਸਨ ਤੋਂ ਪੀੜਤ ਲੋਕਾਂ ਨੂੰ ਇਕਜੁੱਟ ਕਰਨ ਅਤੇ ਪੰਜਾਬ ਵਿਚ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ। ਇਸ ਸਬੰਧੀ ਪਾਰਟੀ ਅਧਿਕਾਰੀਆਂ ਨੇ ਯਾਤਰਾ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ।