ਲੋਕ ਪੱਖੀ ਗੀਤ ਸੰਗੀਤ ਅਤੇ ਨਾਟਕ ਸਮਾਗਮ 16 ਨੂੰ ਨਾਟਕਕਾਰ ਗੁਰਸ਼ਰਨ ਸਿੰਘ ਦੇ 97ਵੇਂ ਜਨਮ ਦਿਵਸ ਮੌਕੇ ਲੋਕ ਪੱਖੀ ਗੀਤ ਸੰਗੀਤ ਅਤੇ ਨਾਟਕ ਸਮਾਗਮ 16 ਨੂੰ
Publish Date: Mon, 07 Sep 2026 04:44 PM (IST)
Updated Date: Tue, 08 Sep 2026 04:02 AM (IST)
ਨਾਟਕਕਾਰ ਗੁਰਸ਼ਰਨ ਸਿੰਘ ਦੇ 97ਵੇਂ ਜਨਮ ਦਿਵਸ ਨੂੰ ਸਮਰਪਿਤ ਹੋਵੇਗਾ ਸਮਾਗਮ ਕਿਸਾਨ ਅੰਦੋਲਨ ’ਤੇ ਬਣਾਈ ਦਸਤਾਵੇਜ਼ੀ ਫਿਲਮ ‘ਲੱਖਾਂ ਬਗਾਵਤਾਂ’ ਦਾ ਹੋਵੇਗਾ ਪ੍ਰਸਾਰਣ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰਸ਼ਰਨ ਸਿੰਘ ਯਾਦਗਾਰੀ ਟਰੱਸਟ ਅਤੇ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਵੱਲੋਂ ਮੰਚ- ਰੰਗਮੰਚ ਦੇ ਸਹਿਯੋਗ ਨਾਲ ਪ੍ਰਸਿੱਧ ਲੋਕ ਪੱਖੀ ਇਨਕਲਾਬੀ ਨਾਟਕਕਾਰ ਅਤੇ ਸਮਾਜਿਕ ਚਿੰਤਕ ਗੁਰਸ਼ਰਨ ਭਾਅ ਜੀ ਦੇ 97ਵੇਂ ਜਨਮ ਦਿਨ ਦੇ ਮੌਕੇ 16 ਸਤੰਬਰ ਨੂੰ ਬਾਅਦ ਦੁਪਹਿਰ ਢਾਈ ਵਜੇ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਜੱਦੀ ਘਰ ਗੁਰੂ ਖਾਲਸਾ ਨਿਵਾਸ, ਨਜਦੀਕ ਰਣਜੀਤਪੁਰਾ ਵਿਖੇ ਇਕ ਲੋਕ ਪੱਖੀ ਗੀਤ ਸੰਗੀਤ ਅਤੇ ਨਾਟਕ ਦਾ ਸਭਿਆਚਾਰਕ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਦੀ ਤਿਆਰੀ ਸਬੰਧੀ ਹੋਈ ਇਕ ਵਿਸ਼ੇਸ਼ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਕਮੇਟੀ ਦੇ ਕਨਵੀਨਰ ਡਾ.ਪਰਮਿੰਦਰ ਸਿੰਘ ਅਤੇ ਮੈਂਬਰ ਸੁਮੀਤ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਨਾਮਵਰ ਮਨੁੱਖੀ ਅਧਿਕਾਰ ਕਾਰਕੁਨ ਡਾ.ਨਵਸ਼ਰਨ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਵੱਲੋਂ ਜਿੱਥੇ ਗੁਰਸ਼ਰਨ ਭਾਅ ਜੀ ਵੱਲੋਂ ਇਨਕਲਾਬੀ ਰੰਗਮੰਚ ਦੇ ਖੇਤਰ ਵਿੱਚ ਪਾਏ ਅਮੁੱਲੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ ਉਥੇ ਹੀ ਪ੍ਰਸਿੱਧ ਲੋਕ ਪੱਖੀ ਗਾਇਕ ਜੋੜੀ ਵਿਨੇ - ਚਾਰੁਲ ਅਤੇ ਪਿੱਠਵਰਤੀ ਗਾਇਕ ਕੁਸ਼ਾਗਰ ਕਾਲੀਆ ਤੇ ਸਾਥੀਆਂ ਵੱਲੋਂ ਲੋਕ ਪੱਖੀ ਗੀਤ ਸੰਗੀਤ ਦੀ ਪੇਸ਼ਕਾਰੀ ਦੇ ਇਲਾਵਾ ਨਾਟਕਕਾਰ ਅਨੀਤਾ ਸ਼ਬਦੀਸ਼ ਵੱਲੋਂ ਨਾਟਕ ‘ਨਵਾਂ ਜਨਮ’ ਦਾ ਮੰਚਨ ਕੀਤਾ ਜਾਵੇਗਾ। ਇਸ ਮੌਕੇ ਗੁਰਸ਼ਰਨ ਸਿੰਘ ਯਾਦਗਾਰੀ ਟਰੱਸਟ ਵੱਲੋਂ ਲੋਕ ਪੱਖੀ ਇਨਕਲਾਬੀ ਸਭਿਆਚਾਰਕ ਲਹਿਰ ਨੂੰ ਅੱਗੇ ਵਧਾਉਣ ਵਿੱਚ ਆਜੀਵਨ ਘਾਲਣਾ ਘਾਲਣ ਵਾਲੇ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਅਣਥੱਕ ਕਾਮੇ ਅਮੋਲਕ ਸਿੰਘ ਨੂੰ ‘ਗੁਰਸ਼ਰਨ ਸਿੰਘ ਸਿਮਰਤੀ ਚਿੰਨ’ ਨਾਲ ਸਲਾਮ ਕੀਤਾ ਜਾਵੇਗਾ। ਇਸ ਉਪਰੰਤ ਰਾਤ 8 ਵਜੇ ਪ੍ਰਸਿੱਧ ਦਸਤਾਵੇਜ਼ੀ ਫਿਲਮ ਨਿਰਮਾਤਾ ਨਕੁਲ ਸਾਹਨੀ ਵੱਲੋਂ ਇਤਿਹਾਸਕ ਕਿਸਾਨ ਅੰਦੋਲਨ ’ਤੇ ਬਣਾਈ ਵਿਸ਼ੇਸ਼ ਦਸਤਾਵੇਜ਼ੀ ਫਿਲਮ ‘ਲੱਖਾਂ ਬਗਾਵਤਾਂ’ ਦਾ ਪ੍ਰਸਾਰਣ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਹਾਜ਼ਰ ਜਮਹੂਰੀ ਅਧਿਕਾਰ ਸਭਾ ਦੇ ਆਗੂ ਯਸ਼ਪਾਲ ਝਬਾਲ, ਪ੍ਰਮੋਦ ਕੁਮਾਰ, ਜਮਹੂਰੀ ਕਿਸਾਨ ਸਭਾ ਤੋਂ ਮੰਗਲ ਟਾਂਡਾ ਅਤੇ ਨਿਰਮਲ ਸਿੰਘ, ਤਰਕਸ਼ੀਲ ਸੁਸਾਇਟੀ ਤੋਂ ਪ੍ਰਿ. ਮੇਲਾ ਰਾਮ ਅਤੇ ਮੰਚ- ਰੰਗ ਮੰਚ ਦੇ ਜਸਵੰਤ ਜੱਸ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੇ ਇਲਾਵਾ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਆਲ ਇੰਡੀਆ ਕਿਸਾਨ ਸਭਾ ਸਮੇਤ ਡੈਮੋਕ੍ਰੇਟਿਕ ਟੀਚਰਜ਼ ਫਰੰਟ, ਰੰਗ ਮੰਚ, ਸਾਹਿਤਕ, ਮੁਲਾਜ਼ਮ ਅਤੇ ਮਜ਼ਦੂਰ ਸੰਸਥਾਵਾਂ ਨੇ ਟੈਲੀਫੋਨ ਰਾਹੀਂ 16 ਸਤੰਬਰ ਨੂੰ ਭਰਵੀਂ ਸ਼ਮੂਲੀਅਤ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸਮੂਹ ਰੰਗਕਰਮੀਆਂ, ਨਾਟਕ ਪ੍ਰੇਮੀਆਂ, ਸਭਿਆਚਾਰ ਤੇ ਤਰਕਸ਼ੀਲ ਕਾਰਕੁਨਾਂ, ਲੇਖਕਾਂ ਸਮੇਤ ਕਿਸਾਨਾਂ, ਮਜ਼ਦੂਰਾਂ,ਮੁਲਾਜ਼ਮਾਂ, ਵਿਦਿਆਰਥੀਆਂ,ਔਰਤਾਂ, ਅਧਿਆਪਕਾਂ ਆਦਿ ਅਤੇ ਲੋਕ ਪੱਖੀ ਜਨਤਕ ਤੇ ਜਮਹੂਰੀ ਜਥੇਬੰਦੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ।