ਸਿੱਖਿਆ ਦੇ ਸਿਤਾਰਿਆਂ ਨੂੰ ਮਿਲਿਆ ‘ਵਿਦਿਆ ਜੋਤ’ ਸਨਮਾਨ ਖਾਲਸਾ ਅਕੈਡਮੀ ਮਹਿਤਾ ਵਿਖੇ ਸਿੱਖਿਆ ਦੇ ਸਿਤਾਰਿਆਂ ਨੂੰ ਮਿਲਿਆ ‘ਵਿਦਿਆ ਜੋਤ’ ਸਨਮਾਨ
Publish Date: Mon, 07 Sep 2026 05:31 PM (IST)
Updated Date: Mon, 07 Sep 2026 05:34 PM (IST)
ਕਿਤਾਬੀ ਗਿਆਨ ਦੇ ਨਾਲ ਚੰਗੇ ਸੰਸਕਾਰ ਦੇਣਾ ਅਧਿਆਪਕਾਂ ਦੀ ਵੱਡੀ ਜ਼ਿੰਮੇਵਾਰੀ : ਬਾਬਾ ਹਰਨਾਮ ਸਿੰਘ ਖਾਲਸਾ ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਕ ਮਹਿਤਾ : ਦਮਦਮੀ ਟਕਸਾਲ ਦੇ ਮੁਖੀ ਅਤੇ ਪ੍ਰਧਾਨ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੇ ਵਿਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ ਅਧਿਆਪਕ ਦਿਵਸ ਮੌਕੇ ‘ਵਿਿਦਆ ਜੋਤ ਸਨਮਾਨ’ ਸਮਾਗਮ ਕਰਵਾਇਆ ਗਿਆ। ਆਲ ਇੰਡੀਆ ਸਕੂਲਜ ਐਸੋਸੀਏਸ਼ਨ (ਆਇਸਾ) ਵੱਲੋਂ ਖਾਲਸਾ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਉੱਤਰੀ ਭਾਰਤ ਤੋਂ ਪਹੁੰਚੇ ਲਗਭਗ 200 ਸਕੂਲਾਂ ਦੇ ਚੇਅਰਮੈਨ, ਡਾਇਰੈਕਟਰ, ਪ੍ਰਿੰਸੀਪਲ ਅਤੇ ਸਕੂਲ ਮੁਖੀਆਂ ਦਾ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਇਸ ਸਮਾਗਮ ਦਾ ਆਯੋਜਨ ਕਰਨ ਵਿਚ ਆਇਸਾ ਦੇ ਪ੍ਰਧਾਨ ਮਨਦੀਪ ਸਿੰਘ ਮਾਲੜਾ, ਅਰੁਣ ਮਲਿਕਾ, ਡਾਇਰੈਕਟਰ ਅਤੇ ਦੇਸ਼ ਭਗਤ ਸੰਸਥਾਵਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਦੌਰਾਨ ਸਿੱਖਿਆ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਕੂਲ ਮੁਖੀਆਂ ਅਤੇ ਸਿੱਖਿਆ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਸਮੇਂ ਸਮੇਂ ਤੇ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਆਖਿਆ ਕਿ ਅਧਿਆਪਕ ਕਿਸੇ ਵੀ ਕੌਮ ਅਤੇ ਸਮਾਜ ਦੇ ਭਵਿੱਖ ਦੇ ਅਸਲ ਨਿਰਮਾਤਾ ਹੁੰਦੇ ਹਨ। ਉਹ ਵਿਦਿਆਰਥੀਆਂ ਨੂੰ ਸਿਰਫ਼ ਸਿੱਖਿਆ ਨਹੀਂ ਦਿੰਦੇ, ਬਲਕਿ ਉਨ੍ਹਾਂ ਅੰਦਰ ਚੰਗੇ ਸੰਸਕਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ। ‘ਵਿਦਿਆ ਜੋਤ ਸਨਮਾਨ’ ਸਮਾਗਮ ਰਾਹੀਂ ਸਿੱਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਸੇਵਾਵਾਂ ਨਿਭਾਅ ਰਹੇ ਸਕੂਲ ਮੁਖੀਆਂ ਅਤੇ ਸਿੱਖਿਆ ਪ੍ਰਬੰਧਕਾਂ ਦਾ ਸਨਮਾਨ ਕਰਨਾ ਮਾਣ ਵਾਲੀ ਗੱਲ ਹੈ। ਅਜਿਹੇ ਸਮਾਗਮ ਅਧਿਆਪਕ ਵਰਗ ਦਾ ਹੌਸਲਾ ਵਧਾਉਣ ਦੇ ਨਾਲ-ਨਾਲ ਸਮਾਜ ਨੂੰ ਸਿੱਖਿਆ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਦੇ ਹਨ। ਸਾਡਾ ਉਦੇਸ਼ ਹੈ ਕਿ ਨੌਜਵਾਨ ਪੀੜ੍ਹੀ ਆਧੁਨਿਕ ਸਿੱਖਿਆ ਦੇ ਨਾਲ ਗੁਰਮਤਿ, ਚੰਗੇ ਚਰਿੱਤਰ ਅਤੇ ਉੱਚੇ ਆਦਰਸ਼ਾਂ ਨਾਲ ਜੁੜੇ। ਸਮਾਗਮ ਦੌਰਾਨ ਡਾਇਰੈਕਟਰ-ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਸ਼ਰਮਾ, ਖਾਲਸਾ ਕਾਲਜ ਦੇ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ, ਦਸ਼ਮੇਸ਼ ਸੰਸਥਾਵਾਂ ਦੇ ਪ੍ਰਿੰਸੀਪਲ ਹਰਸ਼ਦੀਪ ਸਿੰਘ ਰੰਧਾਵਾ, ਸਮੂਹ ਅਧਿਆਪਕ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।